ਲੇਖਕ: ਰਾਜਵਿੰਦਰ ਸਿੰਘ ਰਾਹੀ
ਮੇਰੇ ਵੱਲੋਂ ਸੰਪਾਦਿਤ ਕੀਤੀ ਗਈ, “ਸੰਤ ਰਾਮ ਉਦਾਸੀ .. ਜੀਵਨ ’ਤੇ ਸਮੁੱਚੀ ਰਚਨਾ” ਪੁਸਤਕ ਪਹਿਲੀ ਵਾਰ 1996 ਵਿੱਚ ਛਪੀ ਸੀ। “ਕੰਮੀਆਂ ਦੇ ਵਿਹੜੇ ਦਾ ਸੂਰਜ.. ਸੰਤ ਰਾਮ ਉਦਾਸੀ” ਸਿਮਰਤੀ ਗ੍ਰੰਥ 2014 ਵਿੱਚ ਛਪਿਆ ਸੀ। “ਜੀਵਨ ਤੇ ਸਮੁੱਚੀ ਰਚਨਾ” ਪੁਸਤਕ ਵਿੱਚ ਮੈਂ ਆਪਣੀ ਸਮੱਰਥਾ ਅਨੁਸਾਰ ਲੋਕ ਕਵੀ ਸੰਤ ਰਾਮ ਉਦਾਸੀ ਦੀਆਂ ਛਪੀਆਂ ਅਣਛਪੀਆਂ ਵੱਧ ਤੋਂ ਵੱਧ ਰਚਨਾਵਾਂ ਇੱਕਠੀਆਂ ਕਰਨ ਦਾ ਯਤਨ ਕੀਤਾ ਸੀ। ਮੈਂ ਇਸ ਕੰਮ ਵਿਚ ਨੌ ਦਸ ਸਾਲ ਪਛੜ ਕੇ ਇੱਕ ਚੁਣੌਤੀ ਦੇ ਤੌਰ ’ਤੇ ਲੱਗਿਆ ਸੀ। ਮੈਥੋਂ ਪਹਿਲਾਂ ਉਦਾਸੀ ਦੀਆਂ ਸਾਰੀਆਂ ਹੱਥ ਲਿਖਤਾਂ, ਸਮੇਤ ਚਿੱਠੀਆਂ ਤੇ ਤਸਵੀਰਾਂ ਦੇ ਵੱਖ-ਵੱਖ ਵਿਅਕਤੀਆਂ ਦੇ ਹੱਥਾਂ ਵਿੱਚ ਜਾ ਚੁੱਕੀਆਂ ਸਨ। ਜਿੰਨ੍ਹਾਂ ਬਾਰੇ ਹੁਣ ਤੱਕ ਕੋਈ ਪਤਾ ਨਹੀਂ ਕਿ ਉਹ ਕਿੱਥੇ ਗੁੰਮ ਗੁਆਚ ਗਈਆਂ ਹਨ। ਇਹ ਖੋਹ ਖਿੰਝ ਦਾ ਵਰਤਾਰਾ ਮੇਰੇ ਸਾਹਮਣੇ ਵਾਪਰਿਆ ਸੀ।
ਮੈਂ ਉਦਾਸੀ ਦੇ ਚਲਾਣਾ ਦੀ ਖ਼ਬਰ ਤੋਂ ਲੈ ਕੇ ਸਾਰੇ ਘਟਨਾ ਕਰਮ ਨਾਲ ਨੇੜਿਓਂ ਜੁੜਿਆ ਰਿਹਾ ਹਾਂ। ਜਦ ਸਾਨੂੰ ਉਦਾਸੀ ਦੇ ਹਾਦਸੇ ’ਚ ਜ਼ਖਮੀ ਹੋਣ ਦੀ ਖ਼ਬਰ ਮਿਲੀ ਜੋ ਕਿ ਝੂਠੀ ਸੀ ਉਸ ਵਕਤ 9 ਨਵੰਬਰ 1986 ਨੂੰ ਮੈਂ ਜਲੰਧਰ ਦੇ ਦੇਸ ਭਗਤ ਯਾਦਗਰ ਹਾਲ ਵਿੱਚ ਸੀ। ਜਿੱਥੇ ਨਾਟਕਕਾਰ ਗੁਰਸ਼ਰਨ ਸਿੰਘ ਨੇ ਇੱਕ ਸਾਂਝੇ ਮੰਚ ‘ਇਨਕਲਾਬੀ ਕੇਂਦਰ’ ਦੀ ਸਥਾਪਨਾ ਲਈ ਸਾਰੀਆਂ ਇਨਕਲਾਬੀ ਧਿਰਾਂ ਦੀ ਕਾਨਫਰੰਸ ਬੁਲਾਈ ਹੋਈ ਸੀ। ਉਸ ਕਾਨਫਰੰਸ ਵਿੱਚ ਸੰਤ ਰਾਮ ਉਦਾਸੀ ਦਾ ਵੱਡਾ ਭਰਾ ਗੁਰਦਾਸ ਸਿੰਘ ਘਾਰੂ ਵੀ ਹਾਜ਼ਰ ਸੀ, ਜੋ ਮੇਰੇ ਨਾਲ ਹੀ ਬੈਠਾ ਸੀ। ਬਾਰਾਂ ਕੁ ਵਜੇ ਉਦਾਸੀ ਦਾ ਛੋਟਾ ਭਰਾ ਗੁਰਦੇਵ ਸਿੰਘ ਕੋਇਲ ਜੋ ਜਲੰਧਰ ਹੀ ਰਹਿੰਦਾ ਹੈ ਤੇ ਪਿੰਡ ਰਾਏਸਰ ਤੋਂ ਪੰਡਤ ਮਦਨ ਹਾਲ ਵਿੱਚ ਆਏ ਤੇ ਦੇਖਦੇ ਦਿਖਾਉਂਦੇ ਘਾਰੂ ਕੋਲ ਪਹੁੰਚ ਕੇ ਗੁਰਦੇਵ ਸਿੰਘ ਨੇ ਕਿਹਾ ਕਿ ਵੀਰ ਆਪਾਂ ਪਿੰਡ ਚੱਲਣਾ ਹੈ, ਪਿੰਡੋ ਮਦਨ ਆਇਆ ਹੈ ਆਪਾਂ ਨੂੰ ਲੈਣ ਉਦਾਸੀ ਦਾ ਐਕਸੀਡੈਂਟ ਹੋ ਗਿਆ ਹੈ। ਘਾਰੂ ਇਕ ਦਮ ਤਾਂ ਸੁੰਨ ਜਿਹਾ ਹੋ ਗਿਆ ਪਰ ਫਿਰ ਸੰਭਲ ਗਿਆ। ਮੈਂ ਵੀ ਉਸ ਦੇ ਨਾਲ ਹੀ ਜਾਣ ਲਈ ਤਿਆਰ ਹੋ ਗਿਆ। ਪਰ ਗੁਰਦੇਵ ਸਿੰਘ ਨੇ ਕਿਹਾ ਕਿ ਗੱਡੀ ਵਿੱਚ ਐਨਿਆ ਲਈ ਜਗ੍ਹਾ ਨਹੀਂ ਹੋਵੇਗੀ। ਦੂਜਾ ਮੈਨੂੰ ਕਾਮਰੇਡ ਬੰਤ ਮਾਣੂੰਕੇ ਨੇ ਕਿਹਾ ਕਿ ਆਪਾਂ ਪਿਛੋਂ ਚੱਲਦੇ ਹਾਂ। ਗੁਰਦਾਸ ਸਿੰਘ ਘਾਰੂ, ਗੁਰਸ਼ਰਨ ਸਿੰਘ ਨੂੰ ਦੱਸ ਕੇ ਚਲਿਆ ਗਿਆ।
ਬੰਤ ਮਾਣੂੰਕੇ ਹੋਰਾਂ ਕੋਲ ਜੀਪ ਸੀ, ਸ਼ਾਮ ਨੂੰ ਪਹਿਲਾਂ ਤਾਂ ਰਾਏਸਰ ਜਾਣ ਦਾ ਪ੍ਰੋ੍ਗਰਾਮ ਬਣ ਗਿਆ ਪਰ ਬਾਅਦ ਵਿੱਚ ਗੱਲ ਦੂਜੇ ਦਿਨ ’ਤੇ ਪਾ ਦਿੱਤੀ। ਉਸੇ ਜੀਪ ਵਿੱਚ ਮੈਂ, ਬੰਤ ਮਾਣੂੰਕੇ, ਮਾਸਟਰ ਮਦਨ ਪਾਲ ਭਗਤਾ ਭਾਈਕਾ, ਬਾਰੂ ਸਤਵਰਗ ਤੇ ਸਾਬਕਾ ਨਕਸਲੀ ਛੋਟਾ ਸਿੰਘ ਸੁਲਤਾਨਪੁਰੀ (ਜੋ ਜਸਵੰਤ ਸਿੰਘ ਕੰਵਲ ਦੇ ਨਾਵਲ “ਐਨਿਆਂ ’ਚੋਂ ਉਠੋ ਸੂਰਮਾ” ਵਿੱਚ ‘ਧਰਤੀ ਧੱਕ’ ਦੇ ਪਾਤਰ ਵਜੋਂ ਪੇਸ਼ ਹੋਇਆ ਹੈ) ਰਾਤ ਨੂੰ ਭਗਤਾ ਭਾਈਕਾ ਆ ਗਏ, ਜਿਥੇ ਉਸ ਸਮੇਂ ਬੰਤ ਦੀ ਰਿਹਾਇਸ਼ ਸੀ ਤੇ ਉਸ ਦੀ ਪਤਨੀ ਚਰਨਜੀਤ ਕੌਰ ਅਧਿਆਪਕਾ ਸੀ। ਦੂਜੇ ਦਿਨ ਮੈਂ, ਬੰਤ ਤੇ ਛੋਟਾ ਸਿੰਘ ਸੁਲਤਾਨਪੁਰੀ ਰਾਏਸਰ ਆ ਗਏ ਪਰ ਉਦਾਸੀ ਦੇ ਘਰ ਰੋਣ ਕੁਰਲੌਣ ਪਿਆ ਹੋਇਆ ਸੀ, ਜਿਥੇ ਸਾਨੂੰ ਉਦਾਸੀ ਦੇ ਹਜ਼ੂਰ ਸਾਹਿਬ ਤੋਂ ਵਾਪਸ ਆਉਂਦਿਆਂ ਮਨਮਾੜ ਦੇ ਸਟੇਸਨ ’ਤੇ ਪੂਰੇ ਹੋਣ ਦਾ ਪਤਾ ਲੱਗਿਆ। ਉਸ ਦਿਨ ਤੋਂ ਬੰਤ ਨੇ ਘਰ ਦਾ ਸਾਰਾ ਕੰਮ ਸੰਭਾਲ ਲਿਆ। ਉਦਾਸੀ ਦੀਆਂ ਧੀਆਂ ਛੋਟੀਆਂ ਸਨ, ਸਦਮੇ ਕਾਰਨ ਪਰਵਾਰ ਨੂੰ ਕੁੱਝ ਨਹੀਂ ਸੁੱਝਦਾ ਸੀ। ਬੰਤ ਦੇ ਉਦਾਸੀ ਨਾਲ ਪ੍ਰਵਾਰਕ ਸਬੰਧ ਸਨ। ਬੰਤ ਦਾ ਪਿੰਡ ਮਾਣੂੰਕੇ, ਉਦਾਸੀ ਦੇ ਸਹੁਰੇ ਪਿੰਡ ਉਗੋਕੇ (ਨੇੜੇ ਬਾਘਾਪੁਰਾਣਾ) ਦੇ ਕੋਲ ਪੈਂਦਾ ਹੋਣ ਕਾਰਨ ਉਹ ਉਦਾਸੀ ਦੀ ਪਤਨੀ ਨਸੀਬ ਕੌਰ ਨੂੰ ਭੈਣਾਂ ਵਾਂਗ ਹੀ ਮੰਨਦਾ ਸੀ ਤੇ ਉਦਾਸੀ ਦੇ ਬੱਚੇ ਵੀ ਉਸ ਨੂੰ ਮਾਮਾ ਹੀ ਆਖਦੇ ਸਨ। ਜਲਦੀ ਹੀ ਬੰਤ ਦੀ ਮਾਤਾ ਤੇ ਉਸਦੇ ਬਾਲ ਬੱਚੇ ਵੀ ਰਾਏਸਰ ਹੀ ਆ ਗਏ।
23 ਨਵੰਬਰ 1986 ਨੂੰ ਉਦਾਸੀ ਦਾ ਭੋਗ ਪਾਇਆ ਗਿਆ। ਜਿਥੇ ਹਰ ਵਰਗ ਦੇ ਲੋਕਾਂ ਨੇ ਭਾਰੀ ਸ਼ਮੂਲੀਅਤ ਕੀਤੀ। ਉਸ ਵਕਤ ਪੰਜਾਬ ਵਿਚ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਦੀ ਅਕਾਲੀ ਵਜ਼ਾਰਤ ਸੀ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਸਹਿਕਾਰਤਾ ਮੰਤਰੀ ਸਨ ਤੇ ਸ: ਗੋਬਿੰਦ ਸਿੰਘ ਕਾਂਝਲਾ ਰਾਜ ਮੰਤਰੀ ਸਨ। ਉਦਾਸੀ ਦੇ ਭੋਗ ’ਤੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਐਲਾਨ ਕੀਤਾ ਕਿ ਰਾਏਸਰ ਦੇ ਸਕੂਲ ਦਾ ਨਾਂ ਉਦਾਸੀ ਦੇ ਨਾਂ ’ਤੇ ਰੱਖਿਆ ਜਾਵੇਗਾ। ਬਰਨਾਲੇ ਤੋਂ ਕਾਂਗਰਸੀ ਆਗੂ ਪੰਡਤ ਸੋਮਨਾਥ ਨੇ ਐਲਾਨ ਕੀਤਾ ਕਿ ਮੈਂ ਬਰਨਾਲੇ ਉਦਾਸੀ ਦੀ ਯਾਦਗਰ ਬਣਉਣ ਲਈ ਇੱਕ ਵਿੱਘਾ ਜ਼ਮੀਨ ਦਿਆਂਗਾ।
ਭੋਗ ਤੋਂ ਬਾਅਦ ਬੰਤ ਮਾਣੂੰਕੇ ਨੇ ਖਾਸ-ਖਾਸ ਬੰਦਿਆਂ ਨੂੰ ਰਾਤ ਰਹਿਣ ਲਈ ਮਨਾ ਲਿਆ ਤਾਂ ਕਿ ਉਦਾਸੀ ਸਬੰਧੀ ਕੋਈ ਠੋਸ ਪ੍ਰੋਗਰਾਮ ਉਲੀਕੇ ਜਾਣ। ਮੀਟਿੰਗ ਸਕੂਲ ਦੇ ਹਾਲ ਵਿੱਚ ਸ਼ੁਰੂ ਹੋਈ। ਜਿਸ ਵਿਚ ਉਦਾਸੀ ਦੇ ਭਰਾ ਗੁਰਦਾਸ ਸਿੰਘ ਘਾਰੂ, ਪਰਕਾਸ ਸਿੰਘ ਘਾਰੂ ਗੁਰਦੇਵ ਸਿੰਘ ਕੋਇਲ, ਉਸਦੀ ਦੇ ਸਾਲੇ ਤੇ ਉਸ ਦੀ ਪਤਨੀ ਨਸੀਬ ਕੌਰ ਪਰਿਵਾਰ ਵਲੋਂ ਸ਼ਾਮਲ ਸਨ। ਖੱਬੇ ਪੱਖੀਆਂ ਵੱਲੋਂ ਸਾਬਕਾ ਨਕਸਲੀ ਆਗੂ ਹਾਕਮ ਸਿੰਘ ਸਮਾਂਓ, ਛੋਟਾ ਸਿੰਘ ਸੁਲਤਾਨਪੁਰੀ, ਸਾਬਕਾ ਨਕਸਲੀ ਹਰਜੀਤ ਸਿੰਘ ਰਾਏਸਰ, ਗੁਰਜੀਤ ਸਿੰਘ ਰਾਏਸਰ, ਮਾ. ਹਮੀਰ ਸਿੰਘ ਰਾਏਸਰ, ਬਾਰੂ ਸਤਵਰਗ, ਕਰਮਜੀਤ ਜੋਗਾ, ਮੇਹਰ ਸਿੰਘ ਭਲੂਰ, ਇਕਬਾਲ ਸਿੰਘ ਭਲੂਰ (ਨੇੜੇ ਬਾਘਾ ਪੁਰਾਣਾ), ਕੰਵਰ ਸਿੰਘ ਥਰਾਜ, ਮਾ: ਜਰਨੈਲ ਸਿੰਘ ਅੱਚਰਵਾਲ, ਮਾ: ਜਸਵੰਤ ਸਿੰਘ ਭੋਤਨਾ, ਬੰਤ ਮਾਣੂੰਕੇ ਦੀ ਪਤਨੀ ਚਰਨਜੀਤ ਕੌਰ ਤੇ ਮੇਰੇ ਸਮੇਤ ਚਾਲੀ ਦੇ ਕਰੀਬ ਵਿਅਕਤੀ ਸਨ। ਇਸ ਮੀਟਿੰਗ ਦੌਰਾਨ ਇਕ ਪਰਵਾਰ ਸਹਾਇਕ ਕਮੇਟੀ ਤੇ ਸੰਤ ਰਾਮ ਉਦਾਸੀ ਯਾਦਗਰੀ ਟਰੱਸਟ ਦਾ ਗਠਨ ਕੀਤਾ ਗਿਆ। ਜਿਸ ਦਾ ਦਫ਼ਤਰ ਬਰਨਾਲੇ ਪ੍ਰੋ: ਪ੍ਰੀਤਮ ਸਿੰਘ ਰਾਹੀ ਦੀ ਵੈਦਗਿਰੀ ਵਾਲੀ ਦੁਕਾਨ ਦੇ ਉਪਰ ਹੋਵੇਗਾ, ਜਿਥੇ ਪੱਤਰਕਾਰ ਜਗੀਰ ਸਿੰਘ ਜਗਤਾਰ ਦਾ ਵੀ ਡੇਰਾ ਸੀ। ਹੋਰ ਵੱਡੇ-ਵੱਡੇ ਪ੍ਰੋਗਰਾਮ ਉਲੀਕਣ ਦੇ ਨਾਲ-ਨਾਲ ਇਹ ਫੈਸਲਾ ਕੀਤਾ ਗਿਆ ਕਿ ਉਦਾਸੀ ਦੀਆਂ ਛਪੀਆਂ ਅਣਛਪੀਆਂ ਕੁੱਲ ਰਚਨਾਵਾਂ ਟਰੱਸਟ ਵੱਲੋਂ ਛਾਪੀਆਂ ਜਾਣਗੀਆਂ।
ਜਦ ਬਰਨਾਲੇ ਟਰੱਸਟ ਦੀਆਂ ਮੀਟਿੰਗਾ ਹੋਣ ਲੱਗੀਆ ਤਾਂ ਜਗੀਰ ਸਿੰਘ ਜਗਤਾਰ ਨੇ ਮੈਂਬਰਾਂ ਨੂੰ ਮਨਾ ਲਿਆ ਕਿ ਉਦਾਸੀ ਦੀ ਇੱਕ ਕਿਤਾਬ ਤਾਂ ਲਿਖਾਰੀ ਸਭਾ ਬਰਨਾਲਾ ਛਾਪੇਗੀ ਕਿਉਂਕਿ ਉਦਾਸੀ ਇਸ ਸਭਾ ਦਾ ਮੁੱਢਲਾ ਮੈਂਬਰ ਹੈ, ਦੂਜੀ ਇਤਿਹਾਸਕ ਵਿਰਸੇ ਨਾਲ ਸਬੰਧਤ ਕਵਿਤਾਵਾਂ ਦੀ ਕਿਤਾਬ ਟਰੱਸਟ ਛਾਪ ਲਵੇ। ਦੂਜੀ ਕੁ ਮੀਟਿੰਗ ਵਿੱਚ ਬੰਤ ਮਾਣੂੰਕੇ ਉਦਾਸੀ ਦਾ ਸਾਰਾ ਮੈਟਰ ਲੈ ਆਇਆ, ਜਿਸ ਵਿਚ ਇੱਕ ਦੋ ਡਾਇਰੀਆਂ ਵੀ ਸਨ ਤੇ ਇਕ ਰਜਿਸਟਰ ਸੀ ਜਿਸ ’ਤੇ ਸਾਫ ਸੁਥਰੀ ਲਿਖਾਈ ’ਚ ਖਰੜਾ ਤਿਆਰ ਕੀਤਾ ਹੋਇਆ ਸੀ। ਸੰਤ ਰਾਮ ਉਦਾਸੀ ਨੇ 1983 ਵਿੱਚ ਲਿਖੇ ਇੱਕ ਪੱਤਰ ਵਿਚ ਜ਼ਿਕਰ ਵੀ ਕੀਤਾ ਸੀ ਕਿ ਮੈਂ “ਕੰਮੀਆਂ ਦਾ ਵਿਹੜਾ” ਪੁਸਤਕ ਦਾ ਖਰੜਾ ਤਿਆਰ ਕਰ ਲਿਆ ਹੈ। ਸ਼ਾਇਦ ਇਹ ਉਹੋ ਹੀ ਖਰੜਾ ਸੀ। ਡਾਇਰੀਆਂ ’ਤੇ ਜੋ ਵੀ ਗੀਤ ਲਿਖੇ ਹੋਏ ਸਨ, ਉਹ ਟੁੱਟੀ ਭੱਜੀ ਲਿਖਾਈ ਵਿੱਚ ਸਨ ਜਿਵੇ ਨਸ਼ੇ ਦੀ ਹਾਲਤ ’ਚ ਜਾਂ ਤੁਰਦਿਆਂ ਫਿਰਦਿਆਂ ਝਰੀਟੇ ਹੋਣ। ਡਾਇਰੀਆਂ ’ਤੇ ਹੋਰ ਕਾਗਜ਼ ਪੱਤਰ ਪਾਸੇ ਰੱਖ ਕੇ ਲਿਖਾਰੀ ਸਭਾ ਬਰਨਾਲਾ ਨੇ “ਕੰਮੀਆਂ ਦਾ ਵਿਹੜਾ” ਕਿਤਾਬ ਛਾਪ ਲਈ। ਉਦਾਸੀ ਦੀਆਂ ਧਾਰਮਕ ਵਿਰਸੇ ਵਾਲੀਆਂ ਵੀਹ ਕਵਿਤਾਵਾਂ ਦੀ ਕਿਤਾਬ “ਦਿੱਲੀਏ ਦਿਆਲਾ ਦੇਖ” ਟਰੱਸਟ ਨੇ ਛਾਪ ਲਈ ਜਿਸ ਦਾ ਮੁੱਖ ਬੰਧ “ਸੂਹੇ ਪਲਾਂ ਦੀ ਦਾਸਤਾਨ” ਦੇ ਅਨੁਵਾਨ ਤਹਿਤ ਮਾ: ਜਰਨੈਲ ਸਿੰਘ ਅੱਚਰਵਾਲ ਤੇ ਮਾ: ਜਸਵੰਤ ਸਿੰਘ ਭੋਤਨਾ ਨੇ ਲਿਖਿਆ। ਇਹ ਦੋਵੇਂ ਪੁਸਤਕਾਂ 7 ਨਵੰਬਰ 1987 ਨੂੰ ਪਿੰਡ ਰਾਏਸਰ ਉਦਾਸੀ ਦੀ ਪਹਿਲੀ ਬਰਸੀ ’ਤੇ ਜਾਰੀ ਕੀਤੀਆਂ ਗਈਆਂ।
ਇਸ ਤੋਂ ਬਾਅਦ ਟਰੱਸਟ ਦੀਆਂ ਸਰਗਰਮੀਆਂ ਘਟਦੀਆਂ ਗਈਆਂ। ਟਰੱਸਟ ਵਿਚ ਸਾਹਿਤਕ ਨਾਲੋਂ ਰਾਜਸੀ ਬੰਦੇ ਵੱਧ ਸਨ, ਜਿਨ੍ਹਾਂ ਦੀਆਂ ਤਰਜੀਹਾਂ ਤੇ ਤਰਜ਼ਮਾਨੀਆਂ ਹੋਰ ਸਨ। ਮੇਰੇ ਸਮੇਤ ਟਰੱਸਟ ਦੇ ਹੋਰ ਮੈਂਬਰਾਂ ਵੱਲੋਂ ਇਹ ਮੁੱਦਾ ਵਾਰ-ਵਾਰ ਉਠਾਇਆ ਜਾਂਦਾ ਸੀ ਕਿ ਪੰਡਤ ਸੋਮ ਨਾਥ ਵੱਲੋਂ ਜੋ ਜ਼ਮੀਨ ਦੇਣ ਦਾ ਐਲਾਨ ਕੀਤਾ ਹੈ ਸਭ ਤੋਂ ਪਹਿਲਾਂ ਉਸ ’ਤੇ ਕਬਜ਼ਾ ਕੀਤਾ ਜਾਵੇ। ਪਰ ਬਰਨਾਲੇ ਦੇ ਕੁਝ ਕੁ ਲੇਖਕਾਂ ਨੇ ਪੰਡਤ ਜੀ ਨੂੰ ਮੁਕਰਾਅ ਦਿੱਤਾ ਸੀ ਕਿ ਜੇ ਤੂੰ ਜ਼ਮੀਨ ਦੇਣੀ ਹੀ ਹੈ ਤਾਂ ਉਦਾਸੀ ਦੇ ਨਾਂ ’ਤੇ ਨਹੀਂ ਲਿਖਾਰੀ ਭਵਨ ਬਣਾਉਣ ਲਈ ਦੇਵੋ। ਪੰਡਤ ਜੀ ਉਦਾਸੀ ਦੇ ਹਰ ਸਮਾਗਮ ’ਤੇ ਤਾਂ ਗੱਜ ਕੇ ਬੋਲ ਦੇ ਸਨ ਪਰ ਜ਼ਮੀਨ ਦੇਣ ਤੋਂ ਆਨਾ ਕਾਨੀ ਕਰ ਰਹੇ ਸਨ! ਕੁਛ ਮੇਰੇ ’ਤੇ ਵੀ ਗਰਮ ਵਿਚਾਰਧਾਰਾ ਦਾ ਅਸਰ ਸੀ, ਮੈਂ ਨਕਸਲੀਆਂ ਦੇ ਚਾਰੂ ਧੜੇ ਵੱਲੋਂ ਬਣਾਈ ਗਈ ਕਰਾਂਤੀਕਾਰੀ ਸਾਹਿਤ ਸਭਾ ਦਾ ਜਨਰਲ ਸਕੱਤਰ ਸੀ, ਮੈਂ ਤੇ ਅਮਰਜੀਤ ਕੰਵਰ ਨੇ ਪੰਡਤ ਸੋਮ ਨਾਥ ਦੇ ਉਦਾਸੀ ਦੇ ਸਮਾਗਮ ਵਿਚ ਬੋਲਣ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਜਿਸ ਕਾਂਗਰਸ ਪਾਰਟੀ ਦੇ ਉਹ ਆਗੂ ਸਨ, ਉਹ ਪਤਾ ਹੀ ਸੀ ਜੋ ਪੰਜਾਬ ਵਿਚ ਕਰ ਰਹੀ ਸੀ। ਬੰਤ ਮਾਣੂੰਕੇ ਦੇ ਵੀ ਉਦਾਸੀ ਦੇ ਵੱਡੇ ਬੇਟੇ ਇਕਬਾਲ ਸਿੰਘ ਬੱਲੀ ਨਾਲ ਤਿੱਖੇ ਵਿਰੋਧ ਖੜ੍ਹੇ ਹੋ ਗਏ, ਸੋ ਨਵੰਬਰ 1988 ਵਿਚ ਉਦਾਸੀ ਦੀ ਆਈ ਦੂਜੀ ਬਰਸੀ ਮੌਕੇ ਟਰੱਸਟ ਨੂੰ ਪਾਸੇ ਕਰਕੇ ਸਮਾਗਮ ਦੀ ਵਾਗਡੋਰ ਕਰਾਂਤੀਕਾਰੀ ਸਾਹਿਤ ਸਭਾ ਨੇ ਆਪਣੇ ਹੱਥ ਲੈ ਲਈ ਤੇ ਜਲਦੀ ਹੀ ਟਰੱਸਟ ਦਾ ਵੀ ਭੋਗ ਪੈ ਗਿਆ।
ਮੇਰੀ ਬੜੀ ਇੱਛਾ ਸੀ ਕਿ ਸੰਤ ਰਾਮ ਉਦਾਸੀ ਦੀਆਂ ਪਹਿਲਾਂ ਛਪੀਆਂ ਪੁਸਤਕਾਂ “ਲਹੂ ਭਿੱਜੇ ਬੋਲ” (1971) “ਸੈਨਤਾਂ” (1976) “ਚੌਹ ਨੁੱਕਰੀਆਂ ਸੀਖਾਂ” (1978) ਅਤੇ ਬਾਅਦ ਵਿਚ ਛਪੀਆਂ ਅਣਛਪੀਆਂ ਰਚਨਾਵਾਂ ਨੂੰ ਇਕ ਜਿਲਦ ਵਿਚ ਇਕੱਠਾ ਕਰ ਦਿੱਤਾ ਜਾਵੇ। ਉਦਾਸੀ ਦੀ ਮੌਤ ਤੋਂ ਬਾਅਦ ਹੀ ਮੈਂ ਸੁਣਦਾ ਆ ਰਿਹਾ ਸਾਂ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਦੇ ਮੁਖੀ ਡਾ. ਅਜਮੇਰ ਸਿੰਘ (ਦਾਉਧਰ) ਉਦਾਸੀ ’ਤੇ ਕਿਤਾਬ ਲਿਖ ਰਹੇ ਹਨ ਜੋ ਯੂਨੀਵਰਸਿਟੀ ਛਾਪੇਗੀ ਪਰ ਇਹ ਪ੍ਰੋਜੈਕਟ ਵੀ ਲੰਬਾ ਹੀ ਹੋਈ ਜਾ ਰਿਹਾ ਸੀ। 1995 ਵਿਚ ਮੈਂ ਨਾਟਕਕਾਰ ਗੁਰਸ਼ਰਨ ਸਿੰਘ ਦੀ ਹੱਲਾਸ਼ੇਰੀ ’ਤੇ ਇਸ ਪ੍ਰੋਜੈਕਟ ਨੂੰ ਹੱਥ ਵਿਚ ਲੈ ਲਿਆ। ਹੁਣ ਸੁਆਲ ਉਦਾਸੀ ਦੀਆਂ ਮੁੱਢਲੇ ਗੀਤ ਕਵਿਤਾਵਾਂ ਲੱਭਣ ਤੋਂ ਇਲਾਵਾ ਉਦਾਸੀ ਦੀਆਂ ਹੱਥ ਲਿਖਤ ਡਾਇਰੀਆਂ ਤੇ ਰਜਿਸਟਰ ਲੱਭਣ ਦਾ ਵੀ ਸੀ। ਪਰ 31 ਅਕਤੂਬਰ 1992 ਨੂੰ ਬੰਤ ਮਾਣੂੰਕੇ ਦੀ ਮੌਤ ਹੋ ਜਾਣ ਕਾਰਨ, ਇਸ ਮੈਟਰ ਦੀ ਕੋਈ ਉਘ-ਸੁੱਘ ਨਹੀਂ ਸੀ। ਜਦ ਮਾ. ਜਰਨੈਲ ਸਿੰਘ ਅੱਚਰਵਾਲ ਨੂੰ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਇਹ ਮੈਟਰ ਤਾਂ ਬੰਤ ਕੋਲ ਹੀ ਸੀ। ਜਦ ਡਾ. ਅਜਮੇਰ ਸਿੰਘ ਕੋਲੋਂ ਪਤਾ ਕੀਤਾ ਗਿਆ ਤਾਂ ਉਸ ਨੇ ਵੀ ਇਹ ਹੀ ਕਹਿ ਦਿੱਤਾ ਕਿ ਮੈਂ ਤਾਂ ਪਹਿਲਾਂ ਛਪੀਆਂ ਰਚਨਾਵਾਂ ਹੀ ਸ਼ਾਮਲ ਕੀਤੀਆਂ ਨੇ ਪਰ ਇਹ ਵੀ ਪਤਾ ਨਹੀਂ ਯੂਨੀਵਰਸਿਟੀ ਕਦੋਂ ਛਾਪੇਗੀ।
ਉਦਾਸੀ ਦੇ ਭਰਾਵਾਂ ਗੁਰਦਾਸ ਸਿੰਘ ਘਾਰੂ, ਪ੍ਰਕਾਸ਼ ਸਿੰਘ ਘਾਰੂ, ਗੁਰਦੇਵ ਸਿੰਘ ਕੋਇਲ ਅਤੇ ਉਦਾਸੀ ਦੇ ਪੁਰਾਣੇ ਜਮਾਤੀ ਮਿੱਤਰਾਂ ਦੋਸਤਾਂ, ਮਾ. ਸੁਰਜੀਤ ਦਿਹੜ, ਸੁਰਜੀਤ ਸਿੰਘ ਸੰਘੇੜਾ, ਗੁਰਪਾਲ ਸਿੰਘ ਨੂਰ ਆਦਿ ਤੋਂ ਉਸ ਦੀਆਂ ਮੁੱਢਲੀਆਂ ਰਚਨਾਵਾਂ ਦੀ ਤਲਾਸ਼ ਕੀਤੀ ਗਈ। 1957 ਵਿਚ ਉਦਾਸੀ ਦਾ ਪਰਵਾਰ ਰਾਏਸਰ ਛੱਡ ਕੇ ਨਾਮਧਾਰੀਆਂ ਨਾਲ ਪਿੰਡ ਜਗਮਲੇਰਾ ਚਲਿਆ ਗਿਆ ਸੀ। ਪਿੰਡ ਜਗਮਲੇਰਾ (ਹਰਿਆਣਾ) ਨਿਵਾਸੀ ਮਾਸਟਰ ਅਮਰੀਕ ਸਿੰਘ ਸਭਰੰਗ ਕੋਲੋਂ ਉਦਾਸੀ ਦੀ ਉਹ ਕਵਿਤਾ ਮਿਲ ਗਈ ਜੋ ਉਸ ਨੇ 1959 ਵਿਚ ਨਾਮਧਾਰੀ ਮੁਖੀ ਪ੍ਰਤਾਪ ਸਿੰਘ ਦੀ ਅੰਤਮ ਅਰਦਾਸ ਮੌਕੇ ਜੀਵਨ ਨਗਰ ਪੜ੍ਹੀ ਸੀ। ਮਹਾਰਾਜਾ ਹਰੀ ਸਿੰਘ ਕਾਲਜ ਜੀਵਨ ਨਗਰ ਦੇ ਸੇਵਾਦਾਰ ਗੁਰਚਰਨ ਸਿੰਘ ਕੋਲੋਂ 1960 ਵਿਚ ਛਪੇ ਕਾਵਿ ਸੰਗ੍ਰਹਿ “ਪਹਿਲਾ ਉਭਾਰ” ਦੀ ਦੁਰਲੱਭ ਕਾਪੀ ਵੀ ਮਿਲ ਗਈ, ਜਿਸ ਵਿਚ ਨਵੇਂ ਕਵੀਆਂ ਦੀਆਂ ਧਾਰਮਿਕ ਕਵਿਤਾਵਾਂ ਨੂੰ ਇਕੱਠਾ ਕਰਕੇ ਨਾਮਧਾਰੀ ਸਾਹਿਤ ਸਭਾ ਜੀਵਨ ਨਗਰ ਨੇ ਛਾਪਿਆ ਸੀ ਤੇ ਸੰਪਾਦਕ ਪ੍ਰੀਤਮ ਸਿੰਘ ਕਵੀ ਸਨ। ਇਸ ਵਿਚ ਉਦਾਸੀ ਦੀ ਨਾਮਧਾਰੀ ਮੁਖੀ ਪ੍ਰਤਾਪ ਸਿੰਘ ਨੂੰ ਸਮਰਪਿਤ ਕਵਿਤਾ “ਤੇਰੇ ਚਰਨਾਂ ਦੇ ਨਾਲ ਪ੍ਰੀਤ ਨਿਭਜੇ” ਵੀ ਸੀ ਤੇ ਉਸ ਦੇ ਅਣਦਾਹੜੀਏ ਦੀ ਫੋਟੋ ਵੀ ਸੀ। ਇਸੇ ਤਰ੍ਹਾਂ ਕਰਦੇ ਕਰਾਉਂਦਿਆਂ ਉਸ ਦੀਆਂ ਵੀਹ ਦੇ ਕਰੀਬ ਧਾਰਮਿਕ ਤੇ ਰੁਮਾਂਟਿਕ ਕਵਿਤਾਵਾਂ ਲੱਭ ਗਈਆਂ। ਫਿਰ ਇਹਨਾਂ ਰਚਨਾਵਾਂ ਦੀ ਪ੍ਰਮਾਣਕਤਾ ਦਾ ਸੁਆਲ ਸੀ। ਇਹ ਉਸ ਦੇ ਭਰਾਵਾਂ ਤੇ ਦੋਸਤਾਂ ਮਿੱਤਰਾਂ ਨਾਲ ਵਿਚਾਰੀਆਂ ਗਈਆਂ ਉਹਨਾਂ ਵੱਲੋਂ ਮੋਹਰ ਲੱਗਣ ਉਪਰੰਤ ਹੀ ਪ੍ਰਵਾਨ ਕੀਤੀਆਂ ਗਈਆਂ। ਕੁਛ ਗੀਤ ਟੇਪਾਂ ਤੋਂ ਉਤਾਰਾ ਕੀਤੇ ਗਏ ਜੋ ਵੱਖ-ਵੱਖ ਸਮੇਂ ਉਦਾਸੀ ਦੇ ਮਿੱਤਰਾਂ ਨੇ ਉਸ ਦੀ ਅਵਾਜ਼ ’ਚ ਰਿਕਾਰਡ ਕਰ ਰੱਖੇ ਸਨ। ਇਸ ਤਰ੍ਹਾਂ ਇਹ 160 ਦੇ ਕਰੀਬ ਰਚਨਾਵਾਂ ਦੀ “ਜੀਵਨ ਤੇ ਸਮੁੱਚੀ ਰਚਨਾ” ਪੁਸਤਕ ਤਿਆਰ ਹੋਈ।
ਡਾ. ਅਜਮੇਰ ਸਿੰਘ ਵੱਲੋਂ ਤਿਆਰ ਕੀਤੀ ਗਈ ਪੁਸਤਕ ਯੂਨੀਵਰਸਿਟੀ ਨੇ ਉਸ ਦੀ ਮੌਤ ਤੋਂ ਕਈ ਸਾਲ ਬਾਅਦ 2011 ਵਿਚ ਛਾਪ ਦਿੱਤੀ। ਜਿਸ ਨੂੰ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਦੇ ਡਾ. ਯੋਗਰਾਜ ਨੇ ਸੰਪਾਦਤ ਕੀਤਾ ਹੈ। ਇਸ ਪੁਸਤਕ ਦੇ ਸਰਵਰਕ ਉਪਰ ਨਾ ਤਾਂ ਉਦਾਸੀ ਦੀ ਫੋਟੋ ਲਗਾਈ ਹੈ ਤੇ ਨਾ ਹੀ ਉਸ ਦਾ ਨਾਂਅ ਲਿਖਿਆ ਹੈ, ਸਿਰਫ ਹੈਡਿੰਗ ਹੈ “ਸੂਹੇ ਬੋਲ ਉਦਾਸੀ ਦੇ” ਜਿਸ ਕਰਕੇ ਇਹ ਕਿਤਾਬ ਕਈ ਸਾਲ ਮੇਰੀਆਂ ਨਜ਼ਰਾਂ ਤੋਂ ਵੀ ਔਝਲ ਰਹੀ ਹੈ।
ਇਸ ਕਿਤਾਬ ਨੂੰ ਵਾਚਣ ਤੋਂ ਪਤਾ ਲੱਗਿਆ ਕਿ ਉਦਾਸੀ ਦਾ ਹੱਥ ਲਿਖਤ ਮੈਟਰ ਤੁਰਦਾ ਫਿਰਦਾ ਡਾ. ਅਜਮੇਰ ਸਿੰਘ ਕੋਲ ਪਹੁੰਚ ਗਿਆ ਸੀ। ਇਸ ਵਿਚ 189 ਕਵਿਤਾਵਾਂ ਹਨ। ਪਰ ਇਸ ਪੁਸਤਕ ਵਿਚ ਪੰਜ ਦਸ ਕਵਿਤਾਵਾਂ ਅਜਿਹੀਆਂ ਹਨ ਜੋ ਉਦਾਸੀ ਦੀਆਂ ਹੈ ਹੀ ਨਹੀਂ ਜੋ ਸ਼ੱਕੀ ਹਨ। ਪੁਸਤਕ ਦੇ 143 ਪੰਨੇ ’ਤੇ ਛਪੀ ਚਾਰ ਸਫਿਆਂ ਦੀ ਲੰਬੀ ਕਵਿਤਾ “ਅਵਾਜ਼” ਮਾ. ਜਰਨੈਲ ਸਿੰਘ ਅੱਚਰਵਾਲ ਦੀ ਹੈ ਜੋ ਉਸ ਦੇ ਕਾਵਿ ਸੰਗ੍ਰਹਿ “ਕਾਲਾ ਸੂਰਜ” ਦੇ ਪੰਨਾ 76 ਉਤੇ ਛਪੀ ਹੈ। ਇਹ ਸੰਗ੍ਰਹਿ ਉਦਾਸੀ ਦੀ ਮੌਤ ਤੋਂ ਪੰਜ ਮਹੀਨੇ ਪਹਿਲਾਂ ਅਪ੍ਰੈਲ 1986 ਵਿਚ ਪੰਜਾਬੀ ਸਾਹਿਤ ਸਭਾ ਮਹਿਲ ਕਲਾਂ ਨੇ ਪ੍ਰਕਾਸ਼ਤ ਕੀਤਾ ਸੀ ਤੇ ਇਸ ਦਾ ਮੁੱਖ ਬੰਦ ਵੀ ਉਦਾਸੀ ਨੇ ਲਿਖਿਆ ਸੀ। ਇਸ ਕਰਕੇ ਇਸ ਕਿਤਾਬ ਦਾ ਖਰੜਾ ਉਦਾਸੀ ਕੋਲ ਸੀ। ਹੋਰ ਵੀ ਬਹੁਤ ਸਾਰੇ ਗੀਤਕਾਰ ਆਪਣੀ ਰਚਨਾਵਾਂ ਸੋਧ ਸੁਧਾਈ ਲਈ ਉਦਾਸੀ ਕੋਲ ਭੇਜ ਦਿੰਦੇ ਸਨ।
ਡਾ. ਅਜਮੇਰ ਸਿੰਘ ਨੇ ਉਦਾਸੀ ਦੀਆਂ ਮੁੱਢਲੀਆਂ ਰਚਨਾਵਾਂ ਮੇਰੇ ਵੱਲੋਂ ਛਾਪੀ ਗਈ ਪੁਸਤਕ ਵਿਚੋਂ ਲਈਆਂ ਹਨ। ਉਦਾਸੀ ਦੇ ਦੋ ਗੀਤ ਜੋ ਉਸ ਨੇ 1961-62 ਵਿਚ ਰੇਡੀਓ ਤੋਂ ਬੋਲੇ ਸਨ, ਮੈਂ ਉਘੇ ਢਾਡੀ ਮੁਖਤਿਆਰ ਸਿੰਘ ਤੂਫਾਨ (ਬੀਹਲਾ) ਕੋਲੋਂ ਲਿਖਵਾਏ ਸਨ ਜੋ ਉਦਾਸੀ ਦਾ ਵਿਦਿਆਰਥੀ ਹੁੰਦਿਆਂ ਖੁਦ ਵੀ ਗਾਉਂਦਾ ਰਿਹਾ ਸੀ। ਇਹ ਗੀਤ “ਖੂਹ ਹੱਕਣ ਵਾਲੇ ਨੂੰ ਆਸੀਸ” ਤੇ “ਬਾਜਰੇ ਦਾ ਸਿੱਟਾ” ਸਨ, ਇਹਨਾਂ ਦਾ ਇੱਕ ਇੱਕ ਬੰਦ ਉਸ ਦੇ ਯਾਦ ਨਹੀਂ ਸੀ ਜਿਸ ਕਰਕੇ ਮੈਂ ਡੈਸ਼ ਪਾ ਕੇ ਹੇਠ ਨੋਟ ਲਿਖ ਦਿੱਤਾ ਸੀ। ਪਰ ਅਜਮੇਰ ਸਿੰਘ ਨੇ ਇਹ ਗੀਤਾਂ ਹੇਠੋਂ ਨੋਟ ਕੱਟ ਕੇ ਡੈਸ਼ ਉਵੇਂ ਜਿਵੇਂ ਹੀ ਰਹਿਣ ਦਿੱਤੇ ਹਨ। ਜਦਕਿ ਮੈਂ ਦੂਜੇ ਐਡੀਸ਼ਨ ਵਿਚ ਬੰਦ ਲੱਭ ਕੇ ਪੂਰੇ ਗੀਤ ਦੇ ਦਿੱਤੇ ਸਨ।
ਡਾ. ਅਜਮੇਰ ਸਿੰਘ ਵਲੋਂ ਸੰਪਾਦਤ ਕੀਤੀ ਗਈ ਕਿਤਾਬ ਵਿਚੋਂ ਤਾਂ ਤੱਥਾਂ ਦੀਆ ਬੇਸ਼ੁਮਾਰ ਗਲਤੀਆਂ ਹਨ ਜੋ ਆਉਣ ਵਾਲੇ ਖੋਜੀਆਂ ਨੂੰ ਕੁਰਾਹੇ ਪਾ ਸਕਦੀਆਂ ਹਨ। ਕੁੱਝ ਕੁ ਮਿਸਾਲਾਂ “ਜੇ.ਬੀ .ਟੀ ਪਾਸ ਕਰਨ ਉਪਰੰਤ ਉਸ ਨੂੰ 1961 ਈ : ਵਿੱਚ ਪੱਕੀ ਜੇ.ਬੀ.ਟੀ ਟੀਚਰ ਦੀ ਸਗ੍ਰਾਮ ਨੌਕਰੀ ਬਹੀਲੇ ਪਿੰਡ, ਜ਼ਿਲ੍ਹਾ ਫਰੀਦਕੋਟ ਮਿਲ ਗਈ।”
ਉਦਾਸੀ ਦੀ ਪਹਿਲੀ ਨੌਕਰੀ ਪਿੰਡ ਕਾਂਝਲਾ ਜ਼ਿਲ੍ਹਾ ਸੰਗਰੂਰ ਵਿਚ ਲੱਗੀ ਸੀ, ਜਦਕਿ ਬੀਹਲਾ ਵੀ ਸੰਗਰੂਰ ਜ਼ਿਲ੍ਹੇ ਦਾ ਹੀ ਪਿੰਡ ਹੈ ਨਾ ਕਿ ਫਰੀਦਕੋਟ ਦਾ।
“ਇਹਨਾਂ ਦੇ ਤਿੰਨ ਲੜਕੀਆਂ ਤੇ ਤਿੰਨ ਲੜਕੇ ਪੈਦਾ ਹੋਏ। ..ਇਹਨਾਂ ਦੇ ਦੋ ਲੜਕੇ ਸਨ, ਜਿੰਨ੍ਹਾਂ ਵਿਚੋ ਮੋਹਕਮ ਸਿੰਘ ਛੋਟੀ ਉਮਰ ਵਿਚ ਹੀ ਸਵਰਗਵਾਸ ਹੋ ਗਿਆ’’
ਉਦਾਸੀ ਦੇ ਤਿੰਨ ਲੜਕੀਆਂ ਤੇ ਦੋ ਲੜਕੇ ਸਨ, ਜਿਨ੍ਹਾਂ ਵਿਚੋਂ ਵੱਡਾ ਇਕਬਾਲ ਸਿੰਘ ਜੇ.ਬੀ.ਟੀ ਟੀਚਰ ਰਿਹਾ ਹੈ ਤੇ ਜਿਸਦੀ ਕੁਝ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ ਜਦਕਿ ਛੋਟਾ ਮੋਹਕਮ ਸਿੰਘ ਅੱਜ ਵੀ ਬਾਲ ਬੱਚੇ ਵਾਲਾ ਹੈ।
“ਕੀਰਤਨ ਕੌਰ ਨੇ 1956 ਈ : ਵਿਚ ਪਟਿਆਲੇ ਵਿਚ ਫਿਜ਼ੀਕਲ ਕਾਲਜ ਤੋਂ ਡਿਗਰੀ ਕੀਤੀ।”
ਉਦਾਸੀ ਦੀ ਛੋਟੀ ਲੜਕੀ ਕੀਰਤਨ ਕੌਰ ਦਾ ਜਨਮ ਹੀ 1972-73 ਵਿਚ ਹੋਇਆ ਹੈ ਤੇ ਉਸ ਨੇ ਫਾਰਮੇਸੀ ਦਾ ਡਿਪਲੋਮਾ ਅਕਾਲ ਡਿਗਰੀ ਕਲਾਜ ਮਸਤੂਆਣਾ ਤੋਂ ਕੀਤਾ ਹੈ।
“ਉਦਾਸੀ ਦੀ ਪਹਿਲੀ ਗ੍ਰਿਫਤਾਰੀ 11 ਜਨਵਰੀ 1977 ਈ : ਵਿਚ ਪੁਲਸ ਨੇ ਫੜਿਆ ਅਤੇ ਬਾਹਰ ਨਹਿਰੀ ਕੋਠੀ ਵਿੱਚ ਰੱਖਿਆ।”
ਉਦਾਸੀ ਦੀ ਪਹਿਲੀ ਗ੍ਰਿਫਤਾਰੀ 11 ਜਨਵਰੀ 1971 ਨੂੰ ਹੋਈ ਸੀ ਤੇ ਉਸ ਨੂੰ ਸੰਗਰੂਰ ਨੇੜੇ ਇੰਟੈਰੋਗੇਸ਼ਨ ਸੈਂਟਰ ਲੱਡਾ ਕੋਠੀ ਵਿਚ ਲਿਜਾਇਆ ਗਿਆ ਸੀ।
(ਚਲਦਾ……..)