ਚੰਡੀਗੜ੍ਹ: ਪੰਜਾਬ ਵਿਚ ਸਿੱਖਿਆ ਦੇ ਮਿਆਰ ਨੂੰ ਕਾਇਮ ਕਰਨ ਦੀ ਜ਼ਿੰਮੇਵਾਰੀ ਪੰਜਾਬ ਸਕੂਲ ਸਿੱਖਿਆ ਬੋਰਡ (ਪੰ.ਸ.ਸਿ.ਬੋ.) ਦੀ ਹੈ ਪਰ ਅਦਾਰੇ ਵਲੋਂ ਪਾੜ੍ਹਿਆਂ ਲਈ ਛਾਪੀਆਂ ਜਾਂਦੀਆਂ ਪਾਠ-ਕਿਤਾਬਾਂ ਵਿਚ ਗਲਤੀਆਂ ਤੇ ਤਰੁਟੀਆਂ ਨੇ ਅਦਾਰੇ ਦਾ ਆਪਣਾ ਮਿਆਰ ਹੀ ਸਵਾਲਾਂ ਦੇ ਘੇਰੇ ਵਿਚ ਲੈ ਆਂਦਾ ਹੈ। ਕੁਝ ਸਮਾਂ ਪਹਿਲਾਂ ਅਦਾਰੇ ਵਲੋਂ ਛਾਪੀਆਂ ਵੱਡੀਆਂ ਜਮਾਤਾਂ ਦੀਆਂ ਕਿਤਾਬਾਂ ਵਿਚ ਗੜਬੜ ਸਾਹਮਣੇ ਆਈ ਸੀ ਪਰ ਅਜਿਹਾ ਨਹੀਂ ਹੈ ਕਿ ਅਦਾਰੇ ਵਲੋਂ ਛਾਪੀਆਂ ਜਾਂਦੀਆਂ ਮੁਢਲੀਆਂ ਜਮਾਤਾਂ ਦੀਆਂ ਕਿਤਾਬਾਂ ਗਲਤੀਆਂ ਜਾਂ ਗੜਬੜਾਂ ਤੋਂ ਮੁਕਤ ਹਨ।
ਪੰ.ਸ.ਸਿ.ਬੋ. ਵਲੋਂ ਪਹਿਲੀ ਜਮਾਤ ਲਈ ਛਾਪੀ ਜਾਂਦੀ ‘ਪੰਜਾਬੀ ਪੁਸਤਕ -1’ (ਪਹਿਲੀ ਸ਼੍ਰੇਣੀ ਲਈ) ਵਿਚ ਪੰਜਾਬੀ ਦੀ ਪੈਂਤੀ ਵੀ ਸਹੀ ਨਹੀਂ ਛਪੀ ਹੋਈ। ਇਹ ਕਿਤਾਬ ਅਦਾਰੇ ਦੀ ਬਿਜਾਲ-ਤੰਦ (ਵੈਬਸਾਈਟ) ਉੱਤੇ ਵੀ ਵੇਖੀ ਅਤੇ ਲਾਹੀ ਜਾ ਸਕਦੀ ਹੈ (ਸਿੱਖ ਸਿਆਸਤ ਵਲੋਂ ਪੰ.ਸ.ਸਿ.ਬੋ. ਦੀ ਬਿਜਾਲ ਤੰਦ ਉੱਤੇ ਇਹ ਕਿਤਾਬ 30 ਅਪਰੈਲ ਨੂੰ 8:29:37 ਵਜੇ (ਸਵੇਰੇ) ਵੇਖੀ ਗਈ)।
ਕਿਤਾਬ ਦੇ ਸਫਾ 57 ਤੇ ‘ਤਰਤੀਬ ਅਨੁਸਾਰ ਸਹੀ ਅੱਖਰ ਚੁਣੋ’ ਸਿਰਲੇਖ ਹੇਠਾਂ ਪੈਂਤੀ ਦੀਆਂ ਸਤਰਾਂ ਛਾਪੀਆਂ ਗਈਆਂ ਹਨ ਜਿਨ੍ਹਾਂ ਵਿਚੋਂ ਹਰੇਕ ਸਤਰ ਵਿਚ ਇਕ ਅੱਖਰ ਦੀ ਥਾਂ ਖਾਲੀ ਰੱਖੀ ਗਈ ਹੈ ਅਤੇ ਲਕੀਰ ਦੇ ਦੂਜੇ ਬੰਨੇ ਦੋ ਅੱਖਰ ਲਿਖੇ ਗਏ ਹਨ। ਸਤਰ ਦੀ ਤਰਤੀਬ ਮੁਤਾਬਕ ਉਨ੍ਹਾਂ ਦੋ ਅੱਖਰਾਂ ਵਿਚੋਂ ਸਹੀ ਅੱਖਰ ਨੂੰ ਖਾਲੀ ਥਾਂ ਵਿਚ ਭਰਨ ਲਈ ਕਿਹਾ ਗਿਆ ਹੈ। ਹਾਲਾਂਕਿ ਪੰ.ਸ.ਸਿ.ਬੋ. ਵਲੋਂ ਇਸ ਪੈਂਤੀ ਵਿਚ ਦਿੱਤੀ ਅੱਖਰਾਂ ਦੀ ਤਰਤੀਬ ਵਿਚ ਆਪ ਹੀ ਗਲਤੀ ਕੀਤੀ ਗਈ ਹੈ। ‘ਟ’ ਵਾਲੀ ਸਤਰ ਵਿਚ ਟ (ਇਸ ਦੀ ਜਗ੍ਹਾ ‘ਤੇ ਖਾਲੀ ਥਾਂ ਹੈ), ਠ, ਡ, ਢ ਤੋਂ ਬਾਅਦ ‘ਣ’ ਦੀ ਥਾਂ ਤੇ ‘ਨ’ ਲਿਖਿਆ ਗਿਆ ਹੈ। ਇਸ ਤੋਂ ਹੇਠਲੀ ‘ਤ’ ਵਾਲੀ ਸਤਰ ਦਾ ਵੀ ਆਖਰੀ ਅੱਖਰ ‘ਨ’ ਹੀ ਹੈ।
ਮੁੱਢਲੀਆਂ ਜਮਾਤਾਂ ਦੀਆਂ ਪਾਠ-ਕਿਤਾਬਾਂ ਵਿਚ ਅੱਖਰੀ ਗਲਤੀ ਹੋਣੀ ਆਮ ਅਣਗਹਿਲੀ ਨਹੀਂ ਹੈ ਕਿਉਂਕਿ ਜਦੋਂ ਕਿਸੇ ਬੱਚੇ ਨੂੰ ਬੁਨਿਆਦੀ ਸਿੱਖਿਆ ਦੇਣੀ ਹੁੰਦੀ ਹੈ ਤਾਂ ਸਿਖਾਉਣ ਵਾਲੇ ਦੀ ਜ਼ਿੰਮੇਵਾਰੀ ਬਹੁਤ ਜ਼ਿਆਦਾ ਹੁੰਦੀ ਹੈ ਤੇ ਗਲਤੀ ਦੀ ਗੁੰਜਾਇਸ਼ ਬਿਲਕੁਲ ਵੀ ਨਹੀਂ ਹੁੰਦੀ। ਪੰ.ਸ.ਸਿ.ਬੋ. ਜਿਹੇ ਅਦਾਰੇ ਜਿਸ ਵਲੋਂ ਛਾਪੀਆਂ ਕਿਤਾਬਾਂ ਨੂੰ ਲੱਖਾਂ ਬੱਚਿਆਂ ਨੇ ਪੜ੍ਹ ਕੇ ਆਪਣੀ ਸਿੱਖਿਆ ਦੀ ਨੀਂਹ ਟਿਕਾਉਣੀ ਹੁੰਦੀ ਹੈ, ਉਸ ਤੋਂ ਅਜਿਹੀ ਬੁਨਿਆਦੀ ਗਲਤੀ ਕਰਨ ਦੀ ਆਸ ਨਹੀਂ ਕੀਤੀ ਜਾਂਦੀ।