ਬਠਿੰਡਾ (25 ਜਨਵਰੀ, 2015): ਗੁਜਰਾਤ ਵਿੱਚ ਸਿੱਖ ਕਿਸਾਨਾਂ ਨਾਲ ਸੱਤਾਧਾਰੀ ਭਾਜਪਾ ਪਾਰਟੀ ਦੇ ਵਰਕਰਾਂ ਵੱਲੋਂ ਕੁੱਟਮਾਰ ਕਰਨ ਦੇ ਮਾਮਲੇ ‘ਚ ਕੇਂਦਰੀ ਘੱਟ ਗਿਣਤੀ ਕਮਿਸ਼ਨ ਨੋਟਿਸ ਲਿਆ ਹੈ। ਕਮਿਸ਼ਨ ਦੀ ਟੀਮ ਅਗਲੇ ਹਫ਼ਤੇ ਭੁੱਜ ਖੇਤਰ ਦਾ ਦੌਰਾ ਕਰੇਗੀ। ਕੌਮੀ ਕਮਿਸ਼ਨ ਨੇ ਭੁੱਜ ਪੁਲੀਸ ਨਾਲ ਵੀ ਫੋਨ ’ਤੇ ਗੱਲ ਕੀਤੀ ਹੈ ਅਤੇ ਮੁਲਜ਼ਮਾਂ ਖ਼ਿਲਾਫ਼ ਪੁਲੀਸ ਕੇਸ ਦਰਜ ਕਰਨ ਵਾਸਤੇ ਆਖਿਆ ਹੈ।
ਦੂਜੇ ਪਾਸੇ ਗੁਜਰਾਤ ਪੁਲੀਸ ਨੇ ਮੁਲਜ਼ਮਾਂ ਦੇ ਨਾਲ ਹੀ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਵਿਰੁੱਧ ਵੀ ਕੇਸ ਦਰਜ ਕਰ ਦਿੱਤੇ ਹਨ।
ਭੁੱਜ ਦੇ ਥਾਣਾ ਬੀ ਡਿਵੀਜ਼ਨ ਵਿੱਚ ਪੰਜਾਬੀ ਕਿਸਾਨਾਂ ਦੀ ਸ਼ਿਕਾਇਤ ’ਤੇ ਦੇਰ ਰਾਤ ਪੁਲੀਸ ਨੇ ਭਾਜਪਾ ਆਗੂ ਪ੍ਰਤਾਪ ਸਿੰਘ, ਸਿਊਬਾ, ਬਲਵੰਤ ਸਿੰਘ, ਚੰਨੂੰ ਵਾਹ, ਰਾਣਾ ਜੀ, ਬੇਲੂ ਵਾਹ, ਗੁਮਾਨ ਅਤੇ ਪੰਜ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 143, 144, 427, 135 ਤੇ 506(2) ਤਹਿਤ ਕੇਸ ਦਰਜ ਕੀਤਾ ਹੈ ਪਰ ਹਾਲੇ ਕੋਈ ਗ੍ਰਿਫ਼ਤਾਰੀ ਨਹੀਂ ਹੋਈ।
ਇਸ ਮਗਰੋਂ ਇਸ ਥਾਣੇ ਵਿੱਚ ਹੀ ਭੁੱਜ ਪੁਲੀਸ ਨੇ ਪਿੰਡ ਲੋਰੀਆ (ਗੁਜਰਾਤ) ਦੇ ਵਸਨੀਕ ਗੁਮਾਨ ਸਿੰਘ ਦੀ ਸ਼ਿਕਾਇਤ ’ਤੇ ਪੰਜਾਬ ਅਤੇ ਹਰਿਆਣਾ ਦੇ ਰਵਿੰਦਰ ਸਿੰਘ ਫਤਿਆਬਾਦ, ਅੰਗਰੇਜ਼ ਸਿੰਘ ਟੋਹਾਣਾ, ਅਮਨਦੀਪ ਸਿੰਘ ਕੋਟਕਪੂਰਾ, ਸੁਖਦੇਵ ਸਿੰਘ ਅਤੇ ਚਾਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਦਿੱਤਾ।
ਪਿੰਡ ਪਿਥੋ ਦੇ ਕਿਸਾਨ ਹਰਵਿੰਦਰ ਸਿੰਘ ਨੇ ਅੱਜ ਗੁਜਰਾਤ ਤੋਂ ਫੋਨ ’ਤੇ ਦੱਸਿਆ ਕਿ ਭੁੱਜ ਪੁਲੀਸ ਕੋਲ ਗੁਮਾਨ ਸਿੰਘ ਨੇ ਸ਼ਿਕਾਇਤ ਦਰਜ ਕਰਾ ਦਿੱਤੀ ਕਿ ਉਹ ਆਪਣੇ ਖੇਤਾਂ ਵਿੱਚ ਕੰਮ ਕਰ ਰਹੇ ਸਨ ਤਾਂ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੇ ਉਨ੍ਹਾਂ ਨੂੰ ਪਹਿਲਾਂ ਧਮਕੀਆਂ ਦਿੱਤੀਆਂ ਅਤੇ ਮਗਰੋਂ ਹਮਲਾ ਕਰ ਦਿੱਤਾ।
ਦੱਸਣਯੋਗ ਹੈ ਕਿ ਕੱਲ੍ਹ ਜਦੋਂ ਪੰਜਾਬ ਤੇ ਹਰਿਆਣਾ ਦੇ ਕਿਸਾਨ ਜ਼ਿਲ੍ਹਾ ਭੁੱਜ ਦੇ ਪਿੰਡ ਲੋਰੀਆ ਵਿੱਚ ਆਪਣੀ ਜ਼ਮੀਨ ਦੀ ਪੈਮਾਇਸ਼ ਕਰਾ ਕੇ ਵਾਪਸ ਆ ਰਹੇ ਸਨ ਤਾਂ ਭਾਜਪਾ ਆਗੂ ਪ੍ਰਤਾਪ ਸਿੰਘ ਅਤੇ ਉਸ ਦੇ ਸਾਥੀਆਂ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ ਸੀ, ਜਿਸ ਵਿੱਚ ਕਿਸਾਨ ਜਗਜੀਤ ਸਿੰਘ ਜ਼ਖ਼ਮੀ ਹੋ ਗਿਆ ਸੀ। ਹਮਲਾਵਰਾਂ ਨੇ ਦੋ ਗੱਡੀਆਂ ਵੀ ਭੰਨ ਦਿੱਤੀਆਂ ਸਨ।
ਕਿਸਾਨ ਅਮਨਦੀਪ ਸਿੰਘ ਅਤੇ ਜਗਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਇਹ ਮਾਮਲਾ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਡਾ. ਅਜਾਇਬ ਸਿੰਘ ਦੇ ਧਿਆਨ ਵਿੱਚ ਲਿਆ ਦਿੱਤਾ ਹੈ।
ਦੱਸਣਯੋਗ ਹੈ ਕਿ ਪਿੰਡ ਲੋਰੀਆ ਵਿੱਚ ਪੰਜਾਬ ਅਤੇ ਹਰਿਆਣਾ ਦੇ 22 ਦੇ ਕਰੀਬ ਪਰਿਵਾਰ ਹਨ, ਜਿਨ੍ਹਾਂ ਨੂੰ 1965 ਵਿੱਚ ਜ਼ਮੀਨ ਅਲਾਟ ਹੋਈ ਸੀ। ਇਸ ਪਿੰਡ ਦੇ ਕਿਸਾਨਾਂ ’ਤੇ ਡੇਢ ਸਾਲ ਪਹਿਲਾਂ ਵੀ ਹਮਲਾ ਹੋ ਗਿਆ ਸੀ।