ਸਿੱਖ ਖਬਰਾਂ

ਪ੍ਰਵਾਸੀ ਮਜਦੂਰਾਂ ਵੱਲੋਂ ਪੰਜਾਬੀਆਂ ਉੱਤੇ ਹਮਲਾ; 6 ਜਖਮੀ, ਦੋ ਨੂੰ ਗੰਭੀਰ ਸੱਟਾਂ

By ਸਿੱਖ ਸਿਆਸਤ ਬਿਊਰੋ

December 07, 2009

ਲੁਧਿਆਣਾ (7 ਦਸੰਬਰ, 2009): ਪੰਜਾਬ ਵਿੱਚ ਰੁਜ਼ਗਾਰ ਲਈ ਬਿਹਾਰ ਤੋਂ ਆਏ ਪ੍ਰਵਾਸੀ ਮਜਦੂਰਾਂ ਵੱਲੋਂ ਬੀਤੇ ਦਿਨੀਂ ਲੁਧਿਆਣਾ ਵਿਖੇ ਕੀਤੀ ਵਿਆਪਕ ਹਿੰਸਾ ਤੋਂ ਬਾਅਦ ਹੁਣ ਪੰਜਾਬੀਆਂ ਉੱਤੇ ਹਮਲੇ ਕਰਨ ਦੀ ਖਬਰ ਆਈ ਹੈ। ਐਤਵਾਰ ਨੂੰ ਲੋਹਾਰਾ ਸੜਕ ਨਾਲ ਲੱਗਦੇ ਇਲਾਕੇ ਵਿੱਚ ਬਿਹਾਰੀਆਂ ਨੇ ਕੁਝ ਪੰਜਾਬੀ ਨੌਜਵਾਨਾਂ ਉੱਤੇ ਹਮਲਾ ਕਰ ਦਿੱਤਾ ਜਿਸ ਵਿੱਚ ਛੇ ਪੰਜਾਬੀ ਜਖਮੀ ਹੋ ਗਏ, ਜਿਨ੍ਹਾਂ ਵਿੱਚੋਂ ਦੋ ਨੂੰ ਗੰਭੀਰ ਸੱਟਾਂ ਲੱਗੀਆਂ ਹਨ।

ਬਿਹਾਰੀਆਂ ਦਾ ਕਹਿਣਾ ਹੈ ਕਿ ਇਹ ਨੌਜਵਾਨ ਉਨ੍ਹਾਂ ਸਕੂਟਰ-ਛਾਪ ਲੁਟੇਰਿਆਂ ਵਿੱਚੋਂ ਹਨ ਜਿਨ੍ਹਾਂ ਨੇ ਕਿਸੇ ਬਿਹਾਰੀ ਨੂੰ ਵੀਰਵਾਰ ਨੂੰ ਕਥਿਤ ਰੂਪ ਵਿੱਚ ਲੁੱਟਿਆ ਸੀ। ਜ਼ਿਕਰਯੋਗ ਹੈ ਕਿ ਪੁਲਿਸ ਵੱਲੋਂ ਕਥਿਤ ਰੂਪ ਵਿੱਚ ਬਿਹਾਰੀਆਂ ਦੀ ਰਿਪੋਰਟ ਦਰਜ ਨਾ ਕਰਨ ਦੇ ਵਿਰੋਧ ਵਿੱਚ ਬਿਹਾਰੀਆਂ ਨੇ ਸ਼ੁੱਕਰਵਾਰ ਨੂੰ ਲੁਧਿਆਣਾ ਵਿੱਚ ਪੂਰਾ ਹੜਦੰਗ ਮਚਾਇਆ, ਜਨਤਕ ਤੇ ਨਿੱਜੀ ਸਾਧਨਾਂ ਦੀ ਭੰਨਤੋੜ ਕੀਤੀ ਅਤੇ ਅੱਗ ਲਗਾਈ ਸੀ। ਕੁਝ ਅਖਬਾਰਾਂ ਨੇ ਬਿਹਾਰੀਆਂ ਵੱਲੋਂ ਰਾਹਗੀਰਾਂ ਨੂੰ ਲੁੱਟਣ ਦੀਆਂ ਖਬਰਾਂ ਦੀ ਪੁਸ਼ਟੀ ਵੀ ਕੀਤੀ ਸੀ। ਇਸ ਘਟਨਾਕ੍ਰਮ ਦੌਰਾਨ ਪ੍ਰਸ਼ਾਸਨ ਤੇ ਪੁਲਿਸ ਨੇ ਲੱਗਭਗ ਬੇਲਾਗਗ਼ੀ ਵਾਲਾ ਰੱਵਈਆ ਹੀ ਅਪਣਾਇਆ ਸੀ।

ਐਤਵਾਰ ਦੀ ਘਟਨਾ ਤੋਂ ਬਾਅਦ ਪੁਲਿਸ ਆਈ. ਜੀ. ਸੰਜੀਵ ਕਾਲੜਾ ਭਾਰੀ ਫੋਰਸ ਲੈ ਕੇ ਮੌਕੇ ਉੱਤੇ ਪਹੁੰਚੇ। ਅੰਗਰੇਜ਼ੀ ਮੀਡੀਆ (ਐਕਸਪ੍ਰੈਸ ਨਿਉਜ਼ ਸਰਵਿਸ) ਦੀ ਇੱਕ ਖਬਰ ਅਨੁਸਾਰ ਉਨ੍ਹਾਂ ਕਿਹਾ ਕਿ ‘ਅਜੇ ਤੱਕ ਸਾਨੂੰ ਇਹੀ ਜਾਣਕਾਰੀ ਮਿਲੀ ਹੈ ਕਿ ਇਹ ਮੁੰਡੇ ਇਸ ਇਲਾਕੇ ਵਿੱਚ ਘੁੰਮਦੇ ਦੇਖੇ ਗਏ ਸਨ। ਪ੍ਰਵਾਸੀਆਂ ਅਨੁਸਾਰ ਜਖਮੀ (ਮੁੰਡੇ) ਲੁਟੇਰਿਆਂ ਦੇ ਉਸ ਗੈਂਗ ਦਾ ਹਿੱਸਾ ਹਨ ਜੋ ਉਨ੍ਹਾਂ ਉੱਤੇ ਹਮਲੇ ਕਰਕੇ ਉਨ੍ਹਾਂ ਨੂੰ ਲੁੱਟਦਾ ਹੈ।’

ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਸ. ਅਮਰੀਕ ਸਿੰਘ ਨੇ ਬਿਹਾਰੀਆਂ ਵੱਲੋਂ ਕੀਤੀ ਜਾ ਰਹੀ ਮਾਰ-ਧਾੜ ਬਾਰੇ ਪੁਲਿਸ ਤੇ ਪ੍ਰਸ਼ਾਸਨ ਦੀ ਭੂਮਿਕਾ ਦੀ ਸਖਤ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਬਿਹਾਰੀਆਂ ਦੀ ਰਿਪੋਰਟ ਪੁਲਿਸ ਤੇ ਪ੍ਰਸ਼ਾਸਨ ਨੇ ਦਰਜ ਨਹੀਂ ਕੀਤੀ ਤਾਂ ਇਸ ਲਈ ਇਨ੍ਹਾਂ ਨੇ ਆਮ ਲੋਕਾਂ ਨੂੰ ਕਿਉਂ ਨਿਸ਼ਾਨਾ ਬਣਾਇਆ? ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਲੁਧਿਆਣਾ ਵਿੱਚ ਬਿਹਾਰੀਆਂ ਦੇ ਹਿੰਸਕ ਵਤੀਰੇ ਕਾਰਨ ਆਮ ਸ਼ਹਿਰੀ ਦੀ ਸੁਰੱਖਿਆ ਖਤਰੇ ਵਿੱਚ ਹੈ ਪਰ ਬਾਦਲ ਸਰਕਾਰ ਬਿਹਾਰ ਨੂੰ ਇਹ ਭਰੋਸੇ ਦੇ ਰਹੀ ਹੈ ਕਿ ਉਨ੍ਹਾਂ ਬਿਹਾਰੀਆਂ ਨੂੰ ਸੁਰੱਖਿਆ ਦਿੱਤੀ ਜਾਵੇਗੀ, ਜਿਨ੍ਹਾਂ ਲੁਧਿਆਣਾ ਵਿੱਚ ਕਈ ਘੰਟੇ ਹੜਦੰਗ ਮਚਾਇਆ ਤੇ ਸ਼ਹਿਰੀਆਂ ਦੀ ਲੁੱਟ ਮਾਰ ਕੀਤੀ। ਉਨ੍ਹਾਂ ਚਿੰਤਾ ਜਤਾਈ ਕਿ ਜੇਕਰ ਇਹ ਘਟਨਾਕ੍ਰਮ ਜਾਰੀ ਰਹਿੰਦਾ ਤਾਂ ਪ੍ਰਸ਼ਾਸਨ ਦੀ ਇਸ ਲਾਪਰਵਾਹੀ ਦੇ ਗੰਭੀਰ ਨਤੀਜੇ ਨਿਕਲ ਸਕਦੇ ਹਨ।

ਧਿਆਨ ਦੇਣ ਵਾਲੀ ਗੱਲ ਹੈ ਕਿ ਅਣਪਛਾਤੇ ਲੁਟੇਰੇ ਤਾਂ ਆਮ ਪੰਜਾਬੀ ਸ਼ਹਿਰੀਆਂ ਨੂੰ ਵੀ ਕਈ ਵਾਰ ਨਿਸ਼ਾਨਾ ਬਣਾ ਚੁੱਕੇ ਹਨ ਪਰ ਅੱਜ ਤੱਕ ਕਿਸੇ ਪੰਜਾਬੀ ਨੇ ਇੰਝ ਬਿਨ-ਵਜਹ ਬਿਹਾਰੀਆਂ ਦੀ ਕੁੱਟਮਾਰ ਨਹੀਂ ਕੀਤੀ।

ਬਿਹਾਰ ਸਰਕਾਰ ਨੇ ਨੁਮਾਇੰਦੇ ਭੇਜੇ

ਅਖਬਾਰੀ ਖਬਰਾਂ ਤੋਂ ਇਹ ਜਾਣਕਾਰੀ ਮਿਲੀ ਹੈ ਕਿ ਬਿਹਾਰ ਸਰਕਾਰ ਨੇ ਆਪਣੇ ਮਜਦੂਰੀ ਮਹਿਕਮੇ ਤੇ ਕਮਿਸ਼ਨ ’ਤੇ ਅਧਾਰਤ ਇੱਕ ਉੱਚ ਪੱਧਰੀ ਟੀਮ ਪੰਜਾਬ ਭੇਜੀ ਹੈ ਤਾਂ ਕਿ ਬਿਹਾਰੀ ਮਜਦੂਰਾਂ ਤੇ ਪੁਲਿਸ ਵਿੱਚ ਹੋਏ ਟਕਰਾਅ ਦੇ ਕਾਰਨਾਂ ਦਾ ਪਤਾ ਲਗਾ ਕੇ ਬਿਹਾਰੀਆਂ ਦੀ ਸੁਰੱਖਿਆ ਲਈ ਜਰੂਰੀ ਕਦਮ ਚੁੱਕੇ ਜਾਣ। ਬਿਹਾਰ ਦੇ ਉੱਚ ਅਧਿਕਾਰੀਆਂ ਨੇ ਪੰਜਾਬ ਦੇ ਅਫਸਰਾਂ ਨਾਲ ਗੱਲ ਕਰਕੇ ਇਹ ਮੰਗ ਉਠਾਈ ਹੈ ਕਿ ਪੰਜਾਬ ਸਰਕਾਰ ਬਿਹਾਰੀ ਮਜਦੂਰਾਂ ਦੀ ਸੁਰੱਖਿਆ ਦਾ ਭਰੋਸਾ ਦੇਵੇ। ਇਹ ਟੀਮ ਜਾਂਚ ਤੋਂ ਬਾਅਦ ਆਪਣੀ ਰਿਪੋਰਟ ਬਿਹਾਰ ਸਰਕਾਰ ਨੂੰ ਸੌਂਪੇਗੀ।

ਨਿਤੀਸ਼ ਕੁਮਾਰ ਨੇ ਬਾਦਲ ਨਾਲ ਗੱਲ ਕੀਤੀ

ਸੀਨੀਅਰ ਆਗੂ ਨਿਤੀਸ਼ ਕੁਮਾਰ ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਗੱਲ ਕਰਕੇ ਚਿੰਤਾ ਜ਼ਾਹਿਰ ਕੀਤੀ ਹੈ ਕਿ ਪੰਜਾਬ ਵਿੱਚ ਬਿਹਾਰੀ ਸੁਰੱਖਿਆ ਨਹੀਂ ਹਨ। ਉਨ੍ਹਾਂ ਬਾਦਲ ਸਰਕਾਰ ਨੂੰ ਬਿਹਾਰੀ ਮਜਦੂਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕਿਹਾ ਹੈ। ਖਬਰ ਏਜੰਸੀਆਂ ਅਨੁਸਾਰ ਨਿਤੀਸ਼ ਲੁਧਿਆਣਾ ਵਿੱਚ ਬਿਹਾਰੀਆਂ ਨਾਲ ਹੋਏ ਟਕਰਾਅ ਬਾਰੇ ਸਾਰੀ ਸਥਿਤੀ ਉੱਤੇ ਨੇੜੇ ਤੋਂ ਨਜ਼ਰ ਰੱਖ ਰਹੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: