ਅੰਮ੍ਰਿਤਸਰ (3 ਨਵੰਬਰ, 2014): ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦਿੱਲੀ ਸਮੇਤ ਹੋਰਨਾਂ ਸੂਬਿਆਂ ‘ਚ ਹੋਏ ਸਿੱਖ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ ਦੇਣ ‘ਚ ਅਸਫਲ ਰਹਿਣ ਵਾਲੇ ਭਾਰਤ ਨੂੰ ਸੰਯੁਕਤ ਰਾਸ਼ਟਰ ਦੀ ਕਚਹਿਰੀ ਵਿਚ ਖੜਾ ਕਰਨ ਲਈ ਦਲ ਖਾਲਸਾ ਸਮੇਤ ਹੋਰਨਾਂ ਪੰਥਕ ਜੱਥੇਬੰਦੀਆਂ ਅਤੇ ਦੇਸ਼ ਭਰ ਵਿਚ ਹਕੂਮਤਾਂ ਦੀਆਂ ਧੱਕੇਸ਼ਾਹੀਆਂ ਵਿਰੁੱਧ ਸੰਘਰਸ਼ ਕਰਨ ਵਾਲੀਆਂ ਵੱਖ ਵੱਖ ਕੌਮਾਂ ਦੇ ਨੁਮਾਇੰਦਿਆਂ ਵੱਲੋਂ ਦਿੱਲੀ ਵਿਖੇ ਸਥਿਤ ਸੰਯੁਕਤ ਰਾਸ਼ਟਰ ਦੇ ਦਫ਼ਤਰ ਵਿਚ ਯਾਦ ਪੱਤਰ ਸੌਪਿਆ।
ਨਵੰਬਰ 1984 ਦੌਰਾਨ ਭਾਰਤ ਵਿਚ ਕੋਹ-ਕੋਹ ਕੇ, ਕਤਲ ਕੀਤੇ ਗਏ ਹਜ਼ਾਰਾਂ ਸਿੱਖਾਂ ਲਈ ਇਨਸਾਫ਼ ਦੀ ਮੰਗ ਨੂੰ ਲੈ ਕੇ, ਅੱਜ ਦਲ ਖ਼ਾਲਸਾ ਤੇ ਹੋਰ ਸਿੱਖ ਜਥੇਬੰਦੀਆਂ ਵਲੋਂ ਜੰਤਰ-ਮੰਤਰ ‘ਤੇ ਕੀਤੀ ਗਈ ‘ਹੱਕ ਤੇ ਇਨਸਾਫ਼’ ਰੈਲੀ ਵਿਚ ਸ਼ਾਮਲ ਹੋਏ ਵੱਖ-ਵੱਖ ਕੌਮਾਂ ਦੇ ਨੁਮਾਇੰਦਿਆਂ ਨੇ ਸਿੱਖ ਕਤਲੇਆਮ ਨੂੰ ਭਾਰਤੀ ਜ਼ਮਹੂਰੀਅਤ ਦੇ ਮੱਥੇ ‘ਤੇ ਬਦਨੁਮਾ ਧੱਬਾ ਦਸਿਆ।
ਰੈਲੀ ਤੋਂ ਬਾਅਦ ਸਿੱਖ ਜੱਥੇਬੰਦੀਆਂ ਅਤੇ ੍ਹੋਰ ਘੱਟ ਗਿਣਤੀ ਦੇ ਆਗੂਆਂ ਨੇ ਮਿਲਕੇ ਯੂ.ਐਨ.ਓ. ਦੇ ਦਿੱਲੀ ਸਥਿਤ ਦਫਤਰ ਵਿੱਚ ਮੰਗ ਪੱਤਰ ਦਿੱਤਾ ਗਿਆ ਹੈ। ਮੰਗ ਪੱਤਰ ਦੇਣ ਵਾਲੇ ਵਫ਼ਦ ਵਿੱਚ ਵੱਖ ਵੱਖ ਘੱਟ ਗਿਣਤੀ ਕੌਮਾਂ ਦੇ ਆਗੂ ਵੀ ਸ਼ਾਮਲ ਸਨ। ਇਹ ਮੰਗ ਪੱਤਰ ਯੂ.ਐਨ.ਓ. ਦੇ ਸੂਚਨਾ ਅਧਿਕਾਰੀ ਰਵੀ ਚੰਦਰਨ ਨੂੰ ਦਿੱਤਾ ਗਿਆ, ਜਿਨ੍ਹਾਂ ਨੇ ਭਰੋਸਾ ਦਿੱਤਾ ਕਿ ਇਸ ਨੂੰ ਯੂ.ਐਨ.ਓ. ਦੇ ਸਕੱਤਰ ਜਨਰਲ ਨੂੰ ਭੇਜ ਦਿੱਤਾ ਜਾਵੇਗਾ।
ਮੰਗ ਪੱਤਰ ਦੇਣ ਵਾਲੇ ਵਫ਼ਦ ਵਿੱਚ ਦਲ ਖ਼ਾਲਸਾ ਦੇ ਕੰਵਰਪਾਲ ਸਿੰਘ, ਕਸ਼ਮੀਰੀ ਆਗੂ ਪ੍ਰੋ. ਐਸ.ਆਰ. ਗਿਲਾਨੀ, ਅਕਾਲੀ ਦਲ ਪੰਚ ਪ੍ਰਧਾਨੀ ਦੇ ਹਰਪਾਲ ਸਿੰਘ ਚੀਮਾ, ਤਾਮਿਲਨਾਡੂ ਤੋਂ ਨਾਮ ਤਾਮਿਲ ਕਚੀ ਪਾਰਟੀ ਦੇ ਆਗੂ ਸ੍ਰੀ ਮੀਮਾਨ ਆਦਿ ਸ਼ਾਮਲ ਸਨ।
ਯਾਦ ਪੱਤਰ ਵਿੱਚ ਪੰਜਾਬ, ਕਸ਼ਮੀਰ, ਨਾਗਾਲੈਂਡ, ਤਾਮਿਲਨਾਡੂ ਲਈ ਸਵੈ-ਨਿਰਣੈ ਦੀ ਮੰਗ ਰੱਖੀ ਗਈ ਹੈ।ਯੂ.ਐਨ.ਓ. ਦੇ ਸਕੱਤਰ ਜਨਰਲ ਬਾਨ ਕੀ ਮੂਨ ਦੇ ਨਾਮ ਲਿਖੇ ਇਸ ਪੱਤਰ ਵਿੱਚ ਦਲ ਖ਼ਾਲਸਾ ਨੇ ਕਿਹਾ ਕਿ ਜਿਵੇਂ ਸੰਯੁਕਤ ਰਾਸ਼ਟਰ ਨੇ ਸ੍ਰੀਲੰਕਾ ਸਰਕਾਰ ਵੱਲੋਂ ਆਪਣੇ ਤਾਮਿਲ ਨਾਗਰਿਕਾਂ ਦੇ ਮਨੁੱਖੀ ਅਧਿਕਾਰਾਂ ਦੇ ਘਾਣ ਅਤੇ ਕਤਲੇਆਮ ਵਿਰੁਧ ਜਾਂਚ ਲਈ ਕੌਮਾਂਤਰੀ ਕਮਿਸ਼ਨ ਕਾਇਮ ਕੀਤਾ ਹੈ, ਉਸੇ ਤਰਜ਼ ’ਤੇ 1984 ਵਿੱਚ ਸਿੱਖਾਂ ਅਤੇ ਉਸ ਤੋਂ ਬਾਅਦ ਹੋਰ ਘੱਟ ਗਿਣਤੀ ਕੌਮਾਂ ਨਾਲ ਵਾਪਰੇ ਮਨੁੱਖੀ ਅਧਿਕਾਰਾਂ ਦੇ ਘਾਣ ਦੇ ਮਾਮਲਿਆਂ ਦੀ ਜਾਂਚ ਲਈ ਕੌਮਾਂਤਰੀ ਜਾਂਚ ਕਮਿਸ਼ਨ ਕਾਇਮ ਕਰਕੇ ਕਾਰਵਾਈ ਕੀਤੀ ਜਾਵੇ।
ਵਫ਼ਦ ਵੱਲੋਂ ਦਿੱਤੇ ਗਏ ਮੈਮੋਰੰਡਮ ਵਿੱਚ ਕਿਹਾ ਗਿਆ ਕਿ ਭਾਰਤ ਵਿੱਚ ਵਸਦੇ ਘੱਟ ਗਿਣਤੀ ਭਾਈਚਾਰਿਆਂ ’ਤੇ ਵਾਰ ਵਾਰ ਹੋ ਰਹੇ ਘਾਣ ਨੂੰ ਰੋਕਣ ਲਈ ਜੱਦੋ-ਜਹਿਦ ਕਰ ਰਹੀਆਂ ਕੌਮਾਂ ਨੂੰ ਸਵੈ ਨਿਰਣੈ ਦਾ ਹੱਕ ਦਿੱਤਾ ਜਾਵੇ। 1984 ਦੇ ਕਤਲੇਆਮ ਅਤੇ ਪੰਜਾਬ ਵਿੱਚ ਇੱਕ ਦਹਾਕਾ ਹੋਏ ਸਰਕਾਰੀ ਕਤਲੇਆਮ, ਪਾਣੀਆਂ ਦੀ ਲੱੁਟ, ਗੁਜਰਾਤ ਵਿੱਚ ਘੱਟ ਗਿਣਤੀ ਮੁਸਲਮਾਨਾਂ ਦਾ ਕਤਲੇਆਮ, ਉੜੀਸਾ ਵਿੱਚ ਈਸਾਈਆਂ ਦੇ ਕਤਲੇਆਮ ਬਾਰੇ ਜਾਣਕਾਰੀ ਦਿੱਤੀ।¢ਵਫ਼ਦ ਨੇ ਯੂ.ਐਨ.ਓ. ਅਧਿਕਾਰੀ ਤੋਂ ਮੰਗ ਕੀਤੀ ਕਿ ਉਹ ਘੱਟ ਗਿਣਤੀਆਂ ਨੂੰ ਇਨਸਾਫ ਦਿਵਾਉਣ ਲਈ ਅੱਗੇ ਆਉਣ।
ਸ੍ਰੀ ਰਾਜੀਵ ਚੰਦਰਨ ਨੇ ਵਫਦ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦਾ ਮੰਗ ਪੱਤਰ ਅਗਲੇ 24 ਘੰਟਿਆਂ ਵਿੱਚ ਸਕੱਤਰ ਜਨਰਲ ਬਾਨ ਕੀ ਮੂਨ ਕੋਲ ਪੇਸ਼ ਕਰ ਦਿੱਤਾ ਜਾਵੇਗਾ।
ਦਲ ਖ਼ਾਲਸਾ ਦੇ ਮੁਖੀ ਭਾਈ ਹਰਚਰਨਜੀਤ ਸਿੰਘ ਧਾਮੀ ਨੇ ਐਲਾਨ ਕੀਤਾ ਕਿ ਭਾਰਤ ਅੰਦਰ ਘੱਟ-ਗਿਣਤੀਆਂ ਦੇ ਹੋ ਰਹੇ ਘਾਣ ਦਾ ਪੱਕਾ ਹੱਲ ਸਿਰਫ਼ ‘ਆਜ਼ਾਦੀ’ ਹੈ।
ਉਨ੍ਹਾਂ ਕਿਹਾ ਕਿ 1947 ਪਿਛੋਂ ਹੀ ਇਸ ਦੇਸ਼ ਅੰਦਰ ਘੱਟ-ਗਿਣਤੀਆਂ ਨੂੰ ਦਬਾਇਆ ਜਾ ਰਿਹਾ ਹੈ ਤੇ ਹੋਰਨਾਂ ਕੌਮਾਂ ‘ਤੇ ਜ਼ਬਰਦਸਤੀ ‘ਰਾਸ਼ਟਰਵਾਦ’ ਦੇ ਮੁਖੌਟੇ ਹੇਠ ਹਿੰਦੂਵਾਦ ਥੋਪਿਆ ਜਾ ਰਿਹਾ ਹੈ ਜੋ ਕਿ ਸਾਨੂੰ ਕਿਸੇ ਵੀ ਕੀਮਤ ‘ਤੇ ਪ੍ਰਵਾਨ ਨਹੀਂ। ਉਨ੍ਹਾਂ ਕਿਹਾ ਕਿ ਜੂਨ 1984 ਵਿਚ ਭਾਰਤੀ ਫ਼ੌਜ ਵਲੋਂ ਦਰਬਾਰ ਸਾਹਿਬ ਉੱਪਰ ਕੀਤਾ ਗਿਆ ਹਮਲਾ ਤੇ ਪਿਛੋਂ ਨਵੰਬਰ 1984 ਵਿਚ ਪੂਰੇ ਦੇਸ਼ ਵਿਚ ਸਿੱਖਾਂ ਦੀ ਹੋਈ ਨਸਲਕੁਸ਼ੀ ਨੇ ਭਾਰਤ ਦੀ ਅਖਉਤੀ ਜਮਹੂਰੀਅਤ ਦਾ ਮੁਖੌਟਾ ਲਾਹ ਸੁੱਟਿਆ ਹੈ।
ਸਿੱਖ ਕਤਲੇਆਮ ਦੇ ਮਾਮਲੇ ਵਿਚ ਬਾਦਲ ਦਲ ਦੇ ਦੋਗਲੇ ਸਟੈਂਡ ਦੀ ਨੁਕਤਾਚੀਨੀ ਕਰਦਿਆਂ ਸਾਬਕਾ ਡੀ.ਜੀ.ਪੀ. ਸ਼ਸ਼ੀਕਾਂਤ ਨੇ ਕਿਹਾ ਕਿ ਜੇ ਕਤਲੇਆਮ ਵਿਚ ਕਾਂਗਰਸ ਦੋਸ਼ੀ ਹੈ ਤਾਂ ਬਾਦਲ ਦਲ ਵੀ ਘੱਟ-ਦੋਸ਼ੀ ਨਹੀਂ। ਬਾਦਲ ਨੇ ਹਰ ਵਾਰ ਕਤਲੇਆਮ ਦੇ ਨਾਮ ‘ਤੇ ਅਪਣਾ ਉੱਲੂ ਸਿੱਧਾ ਕੀਤੀ ਰਖਿਆ ਹੈ।
ਤਾਮਿਲ ਆਗੂ ਸ੍ਰੀ ਮੀਮਾਨ ਨੇ ਕਿਹਾ ਕਿ ਅੱਜ ਸਾਰੀਆਂ ਘੱਟ ਗਿਣਤੀ ਕੌਮਾਂ ਇਨਸਾਫ ਲਈ ਇਕੱਠੀਆਂ ਹੋਈਆਂ ਹਨ। ਸਿੱਖ ਆਗੂ ਪ੍ਰੋ. ਜਗਮੋਹਨ ਸਿੰਘ ਨੇ ਭਾਈ ਗਜਿੰਦਰ ਸਿੰਘ ਦੀ ਇਨਕਲਾਬੀ ਕਵਿਤਾ ਪੜ੍ਹ ਕੇ ਸੁਣਾਈ।
ਰੈਲੀ ਨੂੰ ਹਰਚਰਨਜੀਤ ਸਿੰਘ ਧਾਮੀ, ਗਿਆਨੀ ਕੇਵਲ ਸਿੰਘ, ਰਾਜਿੰਦਰ ਸਿੰਘ, ਡਾ. ਗੁਰਦਰਸ਼ਨ ਸਿੰਘ ਢਿਲੋਂ, ਸਾਬਕਾ ਪੁਲੀਸ ਮੁਖੀ ਸ਼ਸ਼ੀ ਕਾਂਤ, ਨਾਗਾਲੈਂਡ ਦੇ ਆਗੂ ਐਨ ਵੀਨੂੰ, ਸ਼੍ਰੋਮਣੀ ਕਮੇਟੀ ਆਗੂ ਕਰਨੈਲ ਸਿੰਘ ਪੰਜੋਲੀ, ਭਾਈ ਮੋਹਕਮ ਸਿੰਘ, ਗੁਰਦੀਪ ਸਿੰਘ ਬਠਿੰਡਾ, ਡਾ. ਮਨਜਿੰਦਰ ਸਿੰਘ ਜੰਡੀ, ਰਣਬੀਰ ਸਿੰਘ, ਸਰਬਜੀਤ ਸਿੰਘ ਘੁਮਾਣ ਆਦਿ ਨੇ ਸੰਬੋਧਨ ਕੀਤਾ।ਰੈਲੀ ਤੋਂ ਪਹਿਲਾਂ ਗੁਰਦੁਆਰਾ ਬੰਗਲਾ ਸਾਹਿਬ ਵਿੱਚ ਸ਼ਹੀਦਾਂ ਨਮਿਤ ਅਰਦਾਸ ਕੀਤੀ ਗਈ, ਜਿਸ ਵਿੱਚ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਵੀ ਸ਼ਿਰਕਤ ਕੀਤੀ। ਉਪਰੰਤ ਜੰਤਰ ਮੰਤਰ ਤੱਕ ‘ਹੱਕ ਅਤੇ ਇਨਸਾਫ’ ਮਾਰਚ ਕੀਤਾ ਗਿਆ।