Site icon Sikh Siyasat News

ਕਾਰਜਕਾਰੀ ਜਥੇਦਾਰਾਂ ਵੱਲੋਂ 17 ਤੋਂ 19 ਅਕਤੂਬਰ ਤੱਕ ਸਮੁੱਚੇ ਪੰਜਾਬ ‘ਚ ਮੀਟਿੰਗਾਂ

ਸਰਬੱਤਾ ਖਾਲਸਾ (2015) ਵਿੱਚ ਇਕੱਤਰ ਸੰਗਤ

ਚੰਡੀਗੜ੍ਹ: ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਵਿਖੇ 10 ਨਵੰਬਰ ਨੂੰ ਬੁਲਾਏ ਗਏ “ਸਰਬੱਤ ਖ਼ਾਲਸਾ” ਦੀਆਂ ਤਿਆਰੀਆਂ ਅਤੇ ਵੱਖ-ਵੱਖ ਸਿੱਖ ਜਥੇਬੰਦੀਆਂ ਨੂੰ ਸਮਾਗਮਾਂ ਵਿੱਚ ਸ਼ਮੂਲੀਅਤ ਦਾ ਸੱਦਾ ਦੇਣ ਲਈ ਭਾਈ ਮੰਡ, ਭਾਈ ਅਜਨਾਲਾ, ਭਾਈ ਦਾਦੂਵਾਲ 17 ਤੋਂ 19 ਅਕਤੂਬਰ ਤੱਕ ਸਮੁੱਚੇ ਪੰਜਾਬ ਵਿੱਚ ਜਾ ਕੇ ਸਿੱਖ ਜਥੇਬੰਦੀਆਂ ਨਾਲ ਮੀਟਿੰਗਾਂ ਕਰਨਗੇ।

ਮੀਡੀਆ ਨੂੰ ਜਾਣਕਾਰੀ ਦਿੰਦਿਆਂ “ਸਰਬੱਤ ਖ਼ਾਲਸਾ” ਕੰਟਰੋਲ ਰੂਮ ਦੇ ਦਫ਼ਤਰ ਇੰਚਾਰਜ ਭਾਈ ਜਗਮੀਤ ਸਿੰਘ ਨੇ ਦੱਸਿਆ ਭਾਈ ਧਿਆਨ ਸਿੰਘ ਮੰਡ, ਭਾਈ ਬਲਜੀਤ ਸਿੰਘ ਦਾਦੂਵਾਲ ਅਤੇ ਭਾਈ ਅਮਰੀਕ ਸਿੰਘ ਅਜਨਾਲਾ ਦੇ ਨਾਲ-ਨਾਲ ਸਿਮਰਨਜੀਤ ਸਿੰਘ ਮਾਨ, ਭਾਈ ਮੋਹਕਮ ਸਿੰਘ, ਭਾਈ ਗੁਰਦੀਪ ਸਿੰਘ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਪ੍ਰੋ. ਮਹਿੰਦਰਪਾਲ ਸਿੰਘ, ਭਾਈ ਵੱਸਣ ਸਿੰਘ ਜਫ਼ਰਵਾਲ, ਬਾਬਾ ਪ੍ਰਦੀਪ ਸਿੰਘ ਚਾਂਦਪੁਰਾ, ਕੁਸ਼ਲਦੀਪ ਸਿੰਘ ਮਾਨ, ਸਤਨਾਮ ਸਿੰਘ ਮਨਾਵਾਂ, ਪਰਮਜੀਤ ਸਿੰਘ ਸਹੌਲੀ ਅਤੇ ਬੂਟਾ ਸਿੰਘ ਰਣਸੀਂਹ ਸਮੁੱਚੇ ਪੰਜਾਬ ਵਿੱਚ ਸਿੱਖ ਜਥੇਬੰਦੀਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਸਰਬੱਤ ਖ਼ਾਲਸਾ ਸਮਾਗਮਾਂ ਵਿੱਚ ਸ਼ਮੂਲੀਅਤ ਲਈ ਪ੍ਰੇਰਿਤ ਕਰਨਗੇ।

ਤਿੰਨ ਦਿਨਾਂ ਵਿੱਚ ਕਾਰਜਕਾਰੀ ਜਥੇਦਾਰ ਸਾਹਿਬਾਨ ਸਮੁੱਚੇ ਪੰਜਾਬ ਨੂੰ ਕਵਰ ਕਰਨਗੇ ਅਤੇ ਤਿੰਨ-ਤਿੰਨ ਜ਼ਿਲ੍ਹਿਆਂ ਦੀ ਇੱਕ ਸੰਯੁਕਤ ਮੀਟਿੰਗ ਕੀਤੀ ਜਾਵੇਗੀ। ਇਸ ਵਿਚ ਸੱਦਾ ਪੱਤਰ ਦੇਣ ਦੇ ਨਾਲ-ਨਾਲ ਆਗੂਆਂ ਦੀਆਂ ਡਿਊਟੀਆਂ ਲਾਈਆਂ ਜਾਣਗੀਆਂ ਤਾਂ ਜੋ ਵੱਡੀ ਗਿਣਤੀ ਵਿੱਚ ਸੰਗਤਾਂ ਨੂੰ ਸਰਬੱਤ ਖ਼ਾਲਸਾ ਵਿੱਚ ਲਿਆਉਣ ਦੇ ਪ੍ਰਬੰਧ ਤੈਅ ਸਮੇਂ ਮੁਕੰਮਲ ਹੋ ਸਕਣ। ਉਨ੍ਹਾਂ ਦੱਸਿਆ ਕਿ 17 ਅਕਤੂਬਰ ਨੂੰ ਪਟਿਆਲਾ, ਸੰਗਰੂਰ ਅਤੇ ਬਰਨਾਲਾ ਜ਼ਿਲ੍ਹਿਆਂ ਦੀ ਮੀਟਿੰਗ ਸੰਗਰੂਰ ਦੇ ਗੁਰਦੁਆਰਾ ਅਕਾਲਸਰ ਸਾਹਿਬ ਵਿਖੇ, ਜਦ ਕਿ ਰੋਪੜ, ਫਤਹਿਗੜ੍ਹ ਸਾਹਿਬ ਅਤੇ ਮੁਹਾਲੀ ਦੀ ਮੀਟਿੰਗ ਫਤਹਿਗੜ੍ਹ ਸਾਹਿਬ ਦੇ ਮੁੱਖ ਗੁਰਦੁਆਰਾ ਵਿਖੇ ਅਤੇ ਖੰਨਾ, ਜਗਰਾਉਂ ਅਤੇ ਲੁਧਿਆਣਾ ਦੀ ਮੀਟਿੰਗ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸਮਰਾਲਾ ਚੌਂਕ ਲੁਧਿਆਣਾ ਵਿਖੇ ਹੋਵੇਗੀ।

(ਫਾਈਲ ਫੋਟੋ)

ਅਠਾਰਾਂ ਅਕਤੂਬਰ ਨੂੰ ਮਾਨਸਾ, ਬਠਿੰਡਾ ਅਤੇ ਸ੍ਰੀ ਮੁਕਤਸਰ ਸਾਹਿਬ ਦੀ ਮੀਟਿੰਗ ਬਠਿੰਡਾ ਦੇ ਗੁਰੂਦੁਆਰਾ ਹਾਜੀ ਰਤਨ ਸਾਹਿਬ ਵਿਖੇ ਹੋਵੇਗੀ। ਮੋਗਾ,ਫਰੀਦਕੋਟ ਅਤੇ ਫਿਰੋਜ਼ਪੁਰ ਦੀ ਮੀਟਿੰਗ ਫਿਰੋਜ਼ਪੁਰ ਦੇ ਪਿੰਡ ਸਤੀਏਵਾਲਾ ਦੇ ਗੁਰਦੁਆਰਾ ਸਾਹਿਬ ਵਿਖੇ ਹੋਵੇਗੀ। ਪੱਟੀ, ਤਰਨ ਤਾਰਨ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਮੀਟਿੰਗ ਤਰਨ ਤਾਰਨ ਦੇ ਗੁਰਦੁਆਰਾ ਰਸੂਲਪੁਰ ਨਹਿਰਾਂ ਵਿਖੇ ਹੋਵੇਗੀ। ਇਸੇ ਤਰ੍ਹਾਂ 19 ਅਕਤੂਬਰ ਨੂੰ ਗੁਰਦਾਸਪੁਰ, ਬਟਾਲਾ ਤੇ ਹੁਸ਼ਿਆਰਪੁਰ ਦੀ ਮੀਟਿੰਗ ਬਟਾਲਾ ਫਲਾਹੀ ਸਾਹਿਬ ਵਿਖੇ ਰੱਖੀ ਗਈ ਹੈ। ਜਲੰਧਰ, ਕਪੂਰਥਲਾ, ਨਵਾਂ ਸ਼ਹਿਰ ਦੀ ਮੀਟਿੰਗ ਕਪੂਰਥਲਾ ਦੇ ਸਟੇਟ ਗੁਰਦੁਆਰੇ ਵਿਖੇ ਹੋਵੇਗੀ। ਦਫ਼ਤਰ ਇੰਚਾਰਜ ਨੇ ਦੱਸਿਆ ਕਿ ਦਿਨ ਵਿੱਚ ਤਿੰਨ ਮੀਟਿੰਗਾਂ ਹੋਣਗੀਆਂ ਅਤੇ ਤਿੰਨਾਂ ਵਿੱਚ ਇੱਕ-ਇੱਕ ਕਾਰਜਕਾਰੀ ਜਥੇਦਾਰ ਸ਼ਿਰਕਤ ਕਰੇਗਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version