ਚੰਡੀਗੜ੍ਹ: ਹਰਿਆਣਾ ਦੇ ਮੁੱਖ ਸਕੱਤਰ ਡੀ. ਐਸ. ਢੇਸੀ, ਹਰਿਆਣਾ ਦੇ ਡੀਜੀਪੀ ਬੀ. ਐਸ. ਸੰਧੂ ਅਤੇ ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਰਾਮ ਨਿਵਾਸ ਨੇ ਸਾਂਝੇ ਤੌਰ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਡੇਰਾ ਸਮਰਥਕਾਂ ਵਿਰੁੱਧ ਦੇਸ਼ ਧਰੋਹ ਦੇ ਦੋ ਵੱਖ-ਵੱਖ ਮਾਮਲੇ ਦਰਜ ਕੀਤੇ ਗਏ ਹਨ ਅਤੇ ਡੇਰੇ ਨਾਲ ਸਬੰਧਿਤ ਇਕ ਗੱਡੀ ‘ਚੋਂ ਇਕ ਏ ਕੇ-47 ਰਾਈਫ਼ਲ, ਇਕ ਮਾਊਜ਼ਰ ਜ਼ਬਤ ਕੀਤਾ ਗਿਆ ਹੈ, ਜਦਕਿ ਇਕ ਹੋਰ ਗੱਡੀ ‘ਚੋਂ ਦੋ ਰਫ਼ਲਾਂ ਅਤੇ ਪੰਜ ਪਿਸਤੌਲ ਜ਼ਬਤ ਕੀਤੇ ਗਏ ਹਨ।
ਸਬੰਧਤ ਖ਼ਬਰ: ਰਾਮ ਰਹੀਮ ਦਾ ਸੱਚ ਸਾਹਮਣੇ ਲਿਆਉਣ ਵਾਲਾ ਪੱਤਰਕਾਰ ਰਾਮਚੰਦ ਛਤਰਪਤੀ …
ਮੁੱਖ ਸਕੱਤਰ ਨੇ ਦੱਸਿਆ ਕਿ ਇਸ ਘਟਨਾਕ੍ਰਮ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੀਆਂ ਐਫ.ਆਈ.ਆਰ. ਦਰਜ ਕੀਤੀਆਂ ਗਈਆਂ ਹਨ ਅਤੇ 552 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। 25 ਅਗਸਤ ਦੀ ਹਿੰਸਾ ਤੋਂ ਬਾਅਦ ਸ਼ਨੀਵਾਰ ਨੂੰ ਸੂਬੇ ਦੇ ਤਿੰਨ ਪ੍ਰਮੁੱਖ ਅਧਿਕਾਰੀਆਂ ਨੂੰ ਪੱਤਰਕਾਰਾਂ ਦੇ ਤਿੱਖੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਕਈ ਸਵਾਲਾਂ ਦਾ ਅਧਿਕਾਰੀਆਂ ਤੋਂ ਜਵਾਬ ਨਹੀਂ ਦਿੱਤਾ ਗਿਆ।
ਉਨ੍ਹਾਂ ਨੇ ਦੱਸਿਆ ਕਿ ਪੰਚਕੂਲਾ ਦੇ ਘਟਨਾਕ੍ਰਮ ਦੌਰਾਨ 28 ਗੱਡੀਆਂ ਨੂੰ ਸਾੜਿਆ ਗਿਆ ਹੈ। ਜਿਨ੍ਹਾਂ ‘ਚ ਸਰਕਾਰੀ ਗੱਡੀਆਂ ਵੀ ਸ਼ਾਮਿਲ ਹਨ। ਇਸੇ ਤਰ੍ਹਾਂ ਦੋ ਸਰਕਾਰੀ ਇਮਾਰਤਾਂ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ ਹੈ, ਜਿਸ ਵਿਚ ਆਮਦਨ ਕਰ ਵਿਭਾਗ ਅਤੇ ਹਰਿਆਣਾ ਦੇ ਹਾਰਟਰੋਨ ਦਫ਼ਤਰ ਸ਼ਾਮਿਲ ਹਨ। ਉਨ੍ਹਾਂ ਨੇ ਦੱਸਿਆ ਕਿ 6 ਨਿੱਜੀ ਦੁਕਾਨਾਂ ਨੂੰ ਵੀ ਸਾੜਿਆ ਗਿਆ ਅਤੇ ਦੋ ਢਾਂਚੇ ਵੀ ਸਾੜੇ ਗਏ ਹਨ, ਜਿਸ ਵਿਚ ਇਕ ਪਾਰਕ ਅਤੇ ਇਕ ਐਚਡੀਐਫਸੀ ਬੈਂਕ ਦਾ ਏਟੀਐਮ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਹਰ ਤਰ੍ਹਾਂ ਦੇ ਨੁਕਸਾਨ ਦੀ ਭਰਪਾਈ ਲਈ ਸਰਕਾਰ ਵਲੋਂ ਵਿਸ਼ੇਸ਼ ਪੋਰਟਲ ਬਣਾਇਆ ਜਾ ਰਿਹਾ ਹੈ, ਜਿਸ ਵਿਚ ਮੀਡੀਆ ਜਾਂ ਨਿੱਜੀ ਲੋਕਾਂ ਵਲੋਂ ਆਪਣੇ ਨੁਕਸਾਨ ਦਾ ਦਾਅਵਾ ਕੀਤਾ ਜਾ ਸਕੇਗਾ ਅਤੇ ਅਜਿਹੇ ਲੋਕਾਂ ਨੂੰ ਪੂਰਾ-ਪੂਰਾ ਮੁਆਵਜ਼ਾ ਦਿੱਤਾ ਜਾਵੇਗਾ।
ਸਬੰਧਤ ਖ਼ਬਰ: ਉਮਰ ਅਬਦੁੱਲਾ ਨੇ ਕਿਹਾ; ਕੀ ਮਿਰਚਾਂ ਵਾਲੇ ਗੋਲੇ ਤੇ ਪੈਲੇਟ ਗੰਨਾਂ ਸਿਰਫ਼ ਕਸ਼ਮੀਰੀਆਂ ਵਾਸਤੇ ਹੀ ਹਨ? …
ਉਨ੍ਹਾਂ ਨੇ ਕਿਹਾ ਕਿ ਗ੍ਰਿਫਤਾਰੀ ਦੇ ਨਾਲ ਹੀ ਡੇਰਾ ਮੁਖੀ ਦੀ ਜ਼ੈੱਡ ਪਲੱਸ ਸੁਰੱਖਿਆ ਖਤਮ ਹੋ ਗਈ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਵਲੋਂ ਡੇਰਾ ਮੁਖੀ ਦੀ ਸੰਪਤੀ ਨੂੰ ਜ਼ਬਤ ਕਰਨ ਦੇ ਸਬੰਧ ‘ਚ ਪੁੱਛੇ ਗਏ ਸਵਾਲ ਦੇ ਜਵਾਬ ‘ਚ ਮੁੱਖ ਸਕੱਤਰ ਨੇ ਕਿਹਾ ਕਿ ਅਦਾਲਤ ਨੇ ਡੇਰੇ ਦੇ ਵਕੀਲ ਨੂੰ ਕਿਹਾ ਹੈ ਕਿ ਉਹ ਡੇਰੇ ਨਾਲ ਸਬੰਧਿਤ ਜਾਇਦਾਦ ਦਾ ਬਿਓਰਾ ਪੇਸ਼ ਕਰੇ।
ਸਬੰਧਤ ਖ਼ਬਰ: ਹਿੰਸਾ ਲਈ ਨਿਆਂਪਾਲਿਕਾ ਜ਼ਿੰਮੇਵਾਰ, ਰਾਮ ਰਹੀਮ ਸਿੱਧਾ ਸਾਦਾ ਬੰਦਾ: ਭਾਜਪਾ ਸਾਂਸਦ ਸਾਕਸ਼ੀ ਮਹਾਰਾਜ …