ਮੋਹਾਲੀ: ਅੰਮ੍ਰਿਤਸਰ ਦੇ ਹਿੰਦੂ ਸੰਘਰਸ਼ ਸੈਨਾ ਦੇ ਪ੍ਰਧਾਨ ਵਿਪਨ ਸ਼ਰਮਾ ਦੇ ਕਤਲ ‘ਚ ਲੋੜੀਂਦੇ ਗੈਂਗਸਟਰ ਸਰਾਟ ਮਿੰਟੂ ਉਰਫ ਸਰਾਜ ਸੰਧੂ ਦੇ ਦੋ ਨਜ਼ਦੀਕੀ ਸਾਥੀਆਂ ਨੂੰ ਅੰਮ੍ਰਿਤਸਰ ਪੁਲਿਸ ਵਲੋਂ ਮੁਹਾਲੀ ਤੋਂ ਗ੍ਰਿਫਤਾਰ ਕੀਤੇ ਜਾਣ ਦੀ ਖਬਰ ਹੈ। ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਗ੍ਰਿਫਤਾਰ ਕੀਤੇ ਦੋਵੇਂ ਸਾਥੀਆਂ ਤੋਂ ਕਤਲ ‘ਚ ਨਾਮਜ਼ਦ ਸਰਾਜ ਮਿੰਟੂ, ਸ਼ੁਭਮ ਤੇ ਗੋਲੀ ਨੂੰ ਫੜ੍ਹਨ ‘ਚ ਅਹਿਮ ਜਾਣਕਾਰੀ ਮਿਲ ਸਕਦੀ ਹੈ।
ਪੁਲਿਸ ਸੂਤਰਾਂ ਮੁਤਾਬਕ ਗ੍ਰਿਫ਼ਤਾਰ ਕੀਤੇ ਦੋਵਾਂ ਬੰਦਿਆਂ ਦੀ ਸ਼ਨਾਖਤ ਸੁਖਵਿੰਦਰ ਸਿੰਘ ਵਾਸੀ ਰਾਂਝੇ ਦੀ ਹਵੇਲੀ ਤੇ ਸੁਖਦੇਵ ਸਿੰਘ ਉਰਫ ਮੰਟੂ ਵਾਸੀ ਬਾਲਾ ਚੱਕ ਵਜੋਂ ਹੋਈ ਹੈ। ਮਿਲੇ ਵੇਰਵਿਆਂ ਅਨੁਸਾਰ ਇਹ ਦੋਵੇਂ ਇਕ ਟਰੱਕ ਲੁੱਟਣ ਦੇ ਮਾਮਲੇ ‘ਚ ਦਿਹਾਤੀ ਪੁਲਿਸ ਨੂੰ ਲੋੜੀਂਦੇ ਸਨ, ਤਰਨ ਤਾਰਨ ਰੋਡ ਨੇੜੇ ਵਾਪਰੀ ਇਸ ਘਟਨਾ ‘ਚ ਉਕਤ ਗੈਂਗਸਟਰਾਂ ਨੇ ਖੁਦ ਨੂੰ ਵਿਕਰੀ ਕਰ ਵਿਭਾਗ ਦੇ ਅਧਿਕਾਰੀ ਦੱਸਦਿਆਂ ਟਰੱਕਾਂ ਦੀ ਚੈਕਿੰਗ ਕਰਨੀ ਸ਼ੁਰੂ ਕਰ ਦਿੱਤੀ ਤੇ ਚੈਕਿੰਗ ਦੌਰਾਨ ਮੌਕਾ ਪਾ ਕੇ ਇਕ ਟਰੱਕ ਡਰਾਈਵਰ ਸੁਖਦੇਵ ਸਿੰਘ ਦੇ ਹੱਥ ਪੈਰ ਬੰਨ੍ਹ ਕੇ ਝਾੜੀਆਂ ‘ਚ ਸੁੱਟ ਦਿੱਤਾ ਤੇ ਝੋਨੇ ਨਾਲ ਭਰਿਆ ਟੱਰਕ ਲੈ ਕੇ ਫਰਾਰ ਹੋ ਗਏ। ਪੁਲਿਸ ਨੇ ਖਾਲੀ ਟਰੱਕ ਅਗਲੇ ਦਿਨ ਬਰਾਮਦ ਕਰ ਲਿਆ, ਜਿਸ ‘ਚ ਝੋਨੇ ਦੀਆਂ ਬੋਰੀਆਂ ਨਹੀਂ ਸਨ।
ਪੁਲਿਸ ਮੁਤਾਬਕ ਇਨ੍ਹਾਂ ਦੇ ਸਰਾਜ ਮਿੰਟੂ ਦੇ ਨਾਲ ਹੀ ਮੋਹਾਲੀ ਫੇਜ਼ ਨੰਬਰ 126 ਤੇ 127 ‘ਚ ਛੁਪੇ ਹੋਣ ਦੀ ਸੂਹ ਮਿਲੀ ਸੀ। ਪੁਲਿਸ ਵਲੋਂ ਮਿਲੀ ਜਾਣਕਾਰੀ ਮੁਤਾਬਕ ਜਦੋਂ ਪੁਲਿਸ ਨੇ ਛਾਪੇਮਾਰੀ ਕੀਤੀ ਤਾਂ ਉਕਤ ਦੋਵੇਂ ਹੀ ਮਿਲੇ ਜਦਕਿ ਸਰਾਜ ਮਿੰਟੂ ਉਥੇ ਨਹੀਂ ਸੀ। ਪੁਲਿਸ ਨੂੰ ਆਸ ਹੈ ਕਿ ਗ੍ਰਿਫਤਾਰ ਕੀਤੇ ਦੋਵੇਂ ਬੰਦਿਆਂ ਤੋਂ ਸਰਾਜ ਮਿੰਟੂ ਬਾਰੇ ਜਾਣਕਾਰੀ ਮਿਲ ਸਕਦੀ ਹੈ। ਜ਼ਿਲ੍ਹਾ ਪੁਲਿਸ ਮੁਖੀ ਪਰਮਪਾਲ ਸਿੰਘ ਨੇ ਇਸ ਗ੍ਰਿਫਤਾਰੀ ਦੀ ਤਸਦੀਕ ਕਰਦਿਆਂ ਗਿਆ ਕਿ ਉਕਤ ਦੋਵਾਂ ਦਾ ਪੁਲਿਸ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਕੀਤੀ ਜਾਏਗੀ।
ਸਬੰਧਤ ਖ਼ਬਰ: ਸਰਾਜ ਸੰਧੂ ਦੀ ਫੇਸਬੁਕ ਪੋਸਟ ਨੇ ਕੱਢੀ ਅਮਰਿੰਦਰ ਅਤੇ ਰਵਨੀਤ ਬਿੱਟੂ ਦੇ ਬਿਆਨਾਂ ਦੀ ਫੂਕ …