ਚੰਡੀਗੜ੍ਹ: ਮੋਗਾ ਦੇ ਪੁਲਿਸ ਮੁਖੀ ਰਾਜਜੀਤ ਸਿੰਘ ਹੁੰਦਲ ਨੇ ਵਿਸ਼ੇਸ਼ ਟਾਸਕ ਫੋਰਸ (ਐਸ.ਟੀ.ਐਫ.) ਦੇ ਮੁਖੀ ਹਰਪ੍ਰੀਤ ਸਿੰਘ ਸਿੱਧੂ ’ਤੇ ਝੂਠੇ ਕੇਸ ਵਿੱਚ ਫਸਾਉਣ ਦਾ ਦੋਸ਼ ਲਾਇਆ ਹੈ। ਵਧੀਕ ਮੁੱਖ ਸਕੱਤਰ (ਗ੍ਰਹਿ) ਨਿਰਮਲਜੀਤ ਸਿੰਘ ਕਲਸੀ ਨੂੰ ਲਿਖੀ ਦੋ ਸਫ਼ਿਆਂ ਦੀ ਚਿੱਠੀ ਵਿੱਚ ਜ਼ਿਲ੍ਹਾ ਪੁਲਿਸ ਮੁਖੀ ਨੇ ਵਿਸ਼ੇਸ਼ ਟਾਸਕ ਫੋਰਸ ਦੇ ਮੁਖੀ ’ਤੇ ਨਿੱਜੀ ਰੰਜਿਸ਼ ਰੱਖਣ ਅਤੇ ਸਾਖ਼ ਨੂੰ ਖ਼ਰਾਬ ਕਰਨ ਦੀ ਗੱਲ ਵੀ ਕਹੀ ਹੈ। ਇਨ੍ਹਾਂ ਦੋਸ਼ਾਂ ਨੂੰ ਅਧਾਰ ਬਣਾ ਕੇ ਰਾਜਜੀਤ ਸਿੰਘ ਹੁੰਦਲ ਨੇ ਮੰਗ ਕੀਤੀ ਹੈ ਕਿ ਐਸ.ਟੀ.ਐਫ. ਵੱਲੋਂ ਮੁਹਾਲੀ ’ਚ ਐਨ.ਡੀ.ਪੀ.ਐਸ. ਅਤੇ ਅਸਲਾ ਐਕਟ ਦੀਆਂ ਧਾਰਾਵਾਂ ਤਹਿਤ ਇਸੇ ਸਾਲ 12 ਜੂਨ ਨੂੰ ਦਰਜ ਕੀਤੀ ਐਫ.ਆਈ.ਆਰ. ਨੰਬਰ 1 ਦੀ ਤਫ਼ਤੀਸ ਕਿਸੇ “ਨਿਰਪੱਖ ਏਜੰਸੀ” ਤੋਂ ਕਰਾਈ ਜਾਵੇ। ਇਸ ਮਾਮਲੇ ਵਿੱਚ ਐਸ.ਟੀ.ਐਫ. ਵੱਲੋਂ ਬਰਖਾਸਤ ਇੰਸਪੈਕਟਰ ਇੰਦਰਜੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਦਿਲਚਸਪ ਗੱਲ ਹੈ ਕਿ ਐਸ.ਟੀ.ਐਫ. ਨੇ ਕੁੱਝ ਦਿਨ ਪਹਿਲਾਂ ਹੀ ਇੰਦਰਜੀਤ ਸਿੰਘ ਖ਼ਿਲਾਫ਼ ਮੁਹਾਲੀ ਦੀ ਅਦਾਲਤ ’ਚ ਪੇਸ਼ ਕੀਤੇ ਚਲਾਨ ਵਿੱਚ ਰਾਜਜੀਤ ਸਿੰਘ ਹੁੰਦਲ ਦਾ ਵੀ ਜ਼ਿਕਰ ਕੀਤਾ ਹੈ। ਵਧੀਕ ਮੁੱਖ ਸਕੱਤਰ (ਗ੍ਰਹਿ) ਨੇ ਮੀਮੋ ਨੰਬਰ 2/81/2017-1ਗ1/3614 ਰਾਹੀਂ ਪੁਲਿਸ ਮੁਖੀ ਸੁਰੇਸ਼ ਅਰੋੜਾ ਨੂੰ ਟਿੱਪਣੀ ਦੇਣ ਲਈ ਕਿਹਾ ਹੈ। ਗ੍ਰਹਿ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਪੁਲਿਸ ਮੁਖੀ ਦੀ ਟਿੱਪਣੀ ਤੋਂ ਬਾਅਦ ਇਹ ਮਾਮਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਭੇਜਿਆ ਜਾਵੇਗਾ ਤੇ ਅੰਤਿਮ ਫੈਸਲਾ ਮੁੱਖ ਮੰਤਰੀ ਵੱਲੋਂ ਹੀ ਲਿਆ ਜਾਣਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰ ਬਣਨ ਤੋਂ ਬਾਅਦ ਵਧੀਕ ਡੀਜੀਪੀ ਹਰਪ੍ਰੀਤ ਸਿੰਘ ਸਿੱਧੂ ਦੀ ਅਗਵਾਈ ਹੇਠ ਐਸ.ਟੀ.ਐਫ. ਦਾ ਗਠਨ ਕਰ ਦਿੱਤਾ ਸੀ। ਪੰਜਾਬ ਪੁਲਿਸ ਦੀ ਇਹ ਵਿਸ਼ੇਸ਼ ਟੀਮ ਮੁੱਖ ਮੰਤਰੀ ਦਫ਼ਤਰ ਅਧੀਨ ਕੰਮ ਕਰਦੀ ਹੈ। ਬਰਖਾਸਤ ਇੰਸਪੈਕਟਰ ਇੰਦਰਜੀਤ ਸਿੰਘ ਦੀ ਨਸ਼ਿਆਂ ਦੀ ਵੱਡੀ ਬਰਾਮਦਗੀ ਦੇ ਮਾਮਲੇ ਵਿੱਚ ਗ੍ਰਿਫ਼ਤਾਰੀ ਨੂੰ ਐਸ.ਟੀ.ਐਫ. ਵੱਲੋਂ ਵੱਡੀ ਪ੍ਰਾਪਤੀ ਵਜੋਂ ਗਿਣਿਆ ਜਾਂਦਾ ਸੀ। ਇਸ ਤੋਂ ਬਾਅਦ ਐਸ.ਟੀ.ਐਫ. ਨੇ ਮੋਗਾ ਦੇ ਐਸ.ਐਸ.ਪੀ. ਰਾਜਜੀਤ ਸਿੰਘ ਹੁੰਦਲ ਨੂੰ ਵੀ ਪੁੱਛਗਿੱਛ ਲਈ ਤਲਬ ਕੀਤਾ ਸੀ। ਸੂਤਰਾਂ ਮੁਤਾਬਕ ਐਸ.ਟੀ.ਐਫ. ਅਧਿਕਾਰੀਆਂ ਨੇ ਮੁੱਖ ਮੰਤਰੀ ਦਫ਼ਤਰ ਨੂੰ ਦਿੱਤੀ ਜਾਣਕਾਰੀ ਮੁਤਾਬਕ ਇੰਦਰਜੀਤ ਸਿੰਘ ਰਾਜਜੀਤ ਸਿੰਘ ਦੇ ਮਾਤਾਹਿਤ ਕੰਮ ਕਰਦੇ ਸਮੇਂ ਹੀ ਗੈਰ ਕਾਨੂੰਨੀ ਕੰਮ ਕਰਦਾ ਸੀ।
ਐਸ.ਐਸ.ਪੀ. ਰੈਂਕ ਦੇ ਪੁਲਿਸ ਅਫ਼ਸਰ ਵੱਲੋਂ ਵਧੀਕ ਡੀ.ਜੀ.ਪੀ. ਖਿਲਾਫ਼ ਗੰਭੀਰ ਦੋਸ਼ ਲਾਉਂਦਿਆਂ ਲਿਖੀ ਚਿੱਠੀ ਨੇ ਪੁਲਿਸ ਵਿਭਾਗ ਵਿੱਚ ਵੀ ਸਿੱਧੀ ਧੜੇਬੰਦੀ ਦੇ ਸੰਕੇਤ ਦਿੱਤੇ ਹਨ। ਮੀਡੀਆ ਦੀਆਂ ਖ਼ਬਰਾਂ ਮੁਤਾਬਕ ਪੁਲਿਸ ਅਤੇ ਸਰਕਾਰ ਵਿੱਚ ਇਹ ਪ੍ਰਭਾਵ ਪਾਇਆ ਜਾ ਰਿਹਾ ਹੈ ਕਿ ਰਾਜਜੀਤ ਸਿੰਘ ਨੂੰ ਦੋ ਸੀਨੀਅਰ ਪੁਲਿਸ ਅਧਿਕਾਰੀਆਂ ਵੱਲੋਂ ਥਾਪੜਾ ਦਿੱਤਾ ਜਾ ਰਿਹਾ ਹੈ।
ਰਾਜਜੀਤ ਸਿੰਘ ਨੇ ਗ੍ਰਹਿ ਵਿਭਾਗ ਨੂੰ ਲਿਖੀ ਚਿੱਠੀ ਵਿੱਚ ਕਿਹਾ ਹੈ ਕਿ ਇੰਦਰਜੀਤ ਨੇ 14 ਮਹੀਨੇ ਉਸ ਦੇ ਅਧੀਨ ਕੰਮ ਕੀਤਾ ਸੀ, ਜਿਸ ਕਰਕੇ ਐਸ.ਟੀ.ਐਫ. ਨੇ ਉਸ ਨੂੰ ਪੁੱਛਗਿੱਛ ਲਈ ਬੁਲਾ ਲਿਆ। ਐਸ.ਐਸ.ਪੀ. ਦਾ ਕਹਿਣਾ ਹੈ ਕਿ ਕੁੱਝ ਅਣਜਾਣੇ ਕਾਰਨਾਂ ਕਰਕੇ ਹਰਪ੍ਰੀਤ ਸਿੰਘ ਸਿੱਧੂ ਉਸ ਦੇ ਨਾਲ ਖਾਰ ਖਾਂਦਾ ਹੈ ਤੇ ਇੰਦਰਜੀਤ ਸਿੰਘ ਨਾਲ ਸਬੰਧਤ ਮਾਮਲੇ ਵਿੱਚ ਝੂਠਾ ਫਸਾਉਣਾ ਚਾਹੁੰਦਾ ਹੈ।
ਸਬੰਧਤ ਖ਼ਬਰ: ਸਿੱਖ ਨੌਜਵਾਨਾਂ ਨੂੰ ਮਾਰ ਮੁਕਾਉਣ ਲਈ ਅਪਣਾਏ ਗਏ ਕੈਟ ਸਿਸਟਮ ਦਾ ਹਿੱਸਾ ਰਿਹੈ ਇੰਦਰਜੀਤ ਸਿੰਘ? …
ਖ਼ਬਰਾਂ ਮੁਤਾਬਕ ਵਿਸ਼ੇਸ਼ ਟਾਸਕ ਫੋਰਸ ਦੇ ਮੁਖੀ ਹਰਪ੍ਰੀਤ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਇੰਦਰਜੀਤ ਸਿੰਘ ਵਿਰੁੱਧ ਦਰਜ ਮਾਮਲੇ ਵਿੱਚ ਤਫ਼ਤੀਸ਼ ਪੂਰੀ ਤਰ੍ਹਾਂ ਪੇਸ਼ੇਵਰ ਤਰੀਕੇ ਨਾਲ ਹੋਈ ਹੈ। ਉਨ੍ਹਾਂ ਕਿਹਾ ਕਿ ਜੇਕਰ ਤਫ਼ਤੀਸ਼ ਦੌਰਾਨ ਕਿਸੇ ਵੀ ਪੁਲਿਸ ਅਧਿਕਾਰੀ ਦਾ ਨਾਮ ਆਉਣ ਤੋਂ ਬਾਅਦ ਕਾਰਵਾਈ ਕੀਤੀ ਗਈ ਹੈ ਤਾਂ ਉਹ ਤੱਥਾਂ ’ਤੇ ਅਧਾਰਿਤ ਹੈ।
ਸਬੰਧਤ ਖ਼ਬਰ: ਨਸ਼ੇ ਦਾ ਕਾਰੋਬਾਰ:ਇੰਸਪੈਕਟਰ ਇੰਦਰਜੀਤ ਤੋਂ ਬਾਅਦ ਹੋਰ ਉੱਚ ਅਧਿਕਾਰੀਆਂ ਨੂੰ ਹੋਈ ਫਿਕਰ: ਮੀਡੀਆ ਰਿਪੋਰਟ …
ਜ਼ਿਕਰਯੋਗ ਹੈ ਕਿ 4 ਨਵੰਬਰ, 2017 ਨੂੰ ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੌਹਲ ਦੀ ਮੋਗਾ ਪੁਲਿਸ ਵਲੋਂ ਗ੍ਰਿਫਤਾਰੀ ਅਤੇ ਫਿਰ ਹਿਰਾਸਤ ‘ਚ ਤਸੀਹੇ ਦੀਆਂ ਖ਼ਬਰਾਂ ਤੋਂ ਬਾਅਦ ਵੀ ਰਾਜਜੀਤ ਸਿੰਘ ਹੁੰਦਲ ਦਾ ਨਾਂ ਚਰਚਾ ਵਿਚ ਰਿਹਾ ਹੈ।
ਸਬੰਧਤ ਖ਼ਬਰ: ਇੰਸਪੈਕਟਰ ਇੰਦਰਜੀਤ ਕੋਲੋਂ ਨਸ਼ਾ ਅਤੇ ਏ.ਕੇ. 47 ਮਿਲਣ ਤੋਂ ਬਾਅਦ ਮਾਲਖਾਨਿਆਂ ਦੀ “ਜਾਂਚ” ਦੇ ਹੁਕਮ …