ਲੁਧਿਆਣਾ: ਲੁਧਿਆਣਾ ਪੁਲਸ ਨੇ ਸ਼ਨਿੱਚਰਵਾਰ ਨੂੰ 7 ਨੌਜਵਾਨਾਂ ਨੂੰ ‘ਬੱਬਰ ਖਾਲਸਾ’ ਦੇ ਕਾਰਕੁੰਨ ਦੱਸਦਿਆਂ ਉਨ੍ਹਾਂ ਦੀ ਗ੍ਰਿਫਤਾਰੀ ਵਿਖਾਈ ਹੈ, ਜਿਨ੍ਹਾਂ ਵਿੱਚ ਲੁਧਿਆਣਾ ਵਾਸੀ ਕੁਲਦੀਪ ਸਿੰਘ ਵੀ ਸ਼ਾਮਲ ਹੈ। ਜਿੱਥੇ ਇਨ੍ਹਾਂ ਗ੍ਰਿਫਤਾਰੀਆਂ ਬਾਰੇ ਪੁਲਸ ਵੱਲੋਂ ਪੇਸ਼ ਕੀਤੇ ਜਾ ਰਹੇ ਪੱਖ ਤੋਂ ਬਿਨਾ ਹੋਰ ਕੋਈ ਬਹੁਤੀ ਜਾਣਕਾਰੀ ਹਾਲੀ ਸਾਹਮਣੇ ਨਹੀਂ ਆਈ ਓਥੇ ਕੁਲਦੀਪ ਸਿੰਘ ਦੇ ਮਾਮਲੇ ‘ਚ ਮੀਡੀਆ ਦੇ ਇਕ ਹਿੱਸੇ ਵਿਚ ਜੋ ਖਬਰ ਨਸ਼ਰ ਹੋਈ ਹੈ ਉਹ ਪੁਲਸ ਦੇ ਦਾਅਵਿਆਂ ‘ਤੇ ਸਵਾਲੀਆ ਨਿਸ਼ਾਨ ਲਾਉਂਦੀ ਹੈ।
ਇਕ ਅੰਗਰੇਜ਼ੀ ਅਖਬਾਰ ਵਿਚ ਛਪੀ ਖਬਰ ਅਨੁਸਾਰ ਲੁਧਿਆਣਾ ਪੁਲਿਸ ਵਲੋਂ ਸੁਭਾਸ਼ ਨਗਰ ਦੀ ਚੰਦਰ ਕਲੋਨੀ ਤੋਂ ਗ੍ਰਿਫਤਾਰ ਕੀਤੇ ਨੌਜਵਾਨ ਕੁਲਦੀਪ ਸਿੰਘ ਰਿੰਪੀ ਦੇ ਮੁਹੱਲੇ ਵਾਲੇ ਦੋ ਦਿਨ ਬਾਅਦ ਵੀ ਸਦਮੇ ‘ਚ ਹਨ। ਉਹ ਦੱਸਦੇ ਹਨ ਕਿ ਕੁਲਦੀਪ ਸਿੰਘ ਭਲਾ ਬੰਦਾ ਹੈ ਅਤੇ ਉਸਦਾ ਕਦੇ ਕਿਸੇ ਨਾਲ ਝਗੜਾ ਤੱਕ ਨਹੀਂ ਹੋਇਆ।
ਹਿੰਦੋਸਤਾਨ ਟਾਈਮਜ਼ ਵਿਚ ਛਪੀ ਇਸ ਖਬਰ ਵਿਚ ਕਿਹਾ ਗਿਆ ਹੈ ਕਿ ਆਪਣਾ ਨਾਂ ਨਸ਼ਰ ਨਾ ਕੀਤੇ ਜਾਣ ਦੀ ਸ਼ਰਤ ‘ਤੇ ਇਕ ਮੁਹੱਲਾ ਵਾਸੀ ਨੇ ਕਿਹਾ: “ਲਗਦਾ ਹੈ ਕਿ ਪੁਲਿਸ ਨੇ ਉਸਨੂੰ ਝੂਠੇ ਕੇਸ ਵਿਚ ਫਸਾਇਆ ਹੈ, ਇੱਥੇ ਰਹਿੰਦਿਆਂ ਇੰਨੇ ਸਾਲਾਂ ਵਿਚ ਕਦੇ ਉਸਨੇ ਕਿਸੇ ਨਾਲ ਲੜਾਈ-ਝਗੜਾ ਨਹੀਂ ਕੀਤਾ।”
ਕੁਲਦੀਪ ਸਿੰਘ, ਜਿਸਦੀ ਇਕ ਆਪਣੀ ਟ੍ਰਾਂਸਪੋਰਟ ਹੈ, ਪਿਛਲੇ 20 ਸਾਲਾਂ ਤੋਂ ਸੁਭਾਸ਼ ਨਗਰ ਦੀ ਚੰਦਰਲੋਕ ਕਲੋਨੀ ‘ਚ ਰਹਿੰਦਾ ਹੈ। ਉਸਦੀ ਮਾਂ, ਪਤਨੀ ਅਤੇ ਬੇਟੀ ਅਤੇ ਭਾਈ ਉਸਦੇ ਨਾਲ ਹੀ ਰਹਿੰਦੇ ਹਨ, ਜਦਕਿ ਉਸਦੇ ਪਿਤਾ ਨੇੜੇ ਹੀ ਵੱਖਰੇ ਘਰ ‘ਚ ਰਹਿੰਦੇ ਹਨ। ਪਰ ਗ੍ਰਿਫਤਾਰ ਤੋਂ ਬਾਅਦ ਉਸਦੇ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਨਹੀਂ ਦੇਖਿਆ ਗਿਆ, ਹਾਲਾਂਕਿ ਕੁਲਦੀਪ ਦੀ ਕਾਰ ਹਾਲੇ ਵੀ ਘਰ ਦੇ ਬਾਹਰ ਹੀ ਖੜ੍ਹੀ ਹੋਈ ਹੈ। ਆਸੇ ਪਾਸੇ ਰਹਿੰਦੇ ਲੋਕਾਂ ਨੂੰ ਲੱਗਦਾ ਹੈ ਕਿ ਉਸ ਦੇ ਘਰ ਵਾਲੇ ਪੁਲਿਸ ਕਾਰਵਾਈ ਕਰਕੇ ਕਿਤੇ ਉਰਾਂ-ਪਰਾਂ ਚਲੇ ਗਏ ਹਨ।
ਸਬੰਧਤ ਖ਼ਬਰ:
ਲੁਧਿਆਣਾ ਪੁਲਿਸ ਅਤੇ ਕਾਉਂਟਰ ਇੰਟੈਲੀਜੈਂਸ ਵਲੋਂ 7 ਸਿੱਖ ਨੌਜਵਾਨਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ …
ਸ਼ੁੱਕਰਵਾਰ ਨੂੰ ਜਦੋਂ ਕੁਲਦੀਪ ਸਿੰਘ ਦੇ ਘਰ ਪੁਲਿਸ ਗਈ ਤਾਂ ਗਵਾਂਢੀਆਂ ਨੇ ਸੋਚਿਆ ਕਿ ਸ਼ਾਇਦ ਇਸਦੀ ਟਰਾਂਸਪੋਰਟ ਦੇ ਕਿਸੇ ਡਰਾਈਵਰ ਤੋਂ ਕੋਈ ਟੱਕਰ ਹੋ ਗਈ ਹੋਵੇਗੀ ਜਿਸ ਸਿਲਸਿਲੇ ‘ਚ ਪੁਲਿਸ ਆਈ ਹੈ। ਪਰ ਉਨ੍ਹਾਂ ਨੂੰ ਪੁਲਿਸ ਵਲੋਂ ਦੱਸੀ ਕਹਾਣੀ ਬਾਰੇ ਉਦੋਂ ਇਲਮ ਹੋਇਆ ਜਦੋਂ ਉਹ ਆਪਣੇ ਕਿਸੇ ਨਿਜੀ ਕੰਮ ਲੁਧਿਆਣਾ ਕਚਿਹਿਰੀ ਗਏ ਤਾਂ ਉਨ੍ਹਾਂ ਨੇ ਕੁਲਦੀਪ ਨੂੰ ਉਥੇ ਪੁਲਿਸ ਦੀ ਹਿਰਾਸਤ ‘ਚ ਦੇਖਿਆ। ਹਿੰਦੋਸਤਾਨ ਟਾਈਮਜ਼ ਅਖਬਾਰ ਵਿਚ ਛਪੀ ਖਬਰ ਅਨੁਸਾਰ ਇਕ ਇਲਾਕਾ ਨਿਵਾਸੀ ਨੇ ਪੱਤਰਕਾਰ ਨੂੰ ਦੱਸਿਆ ਕਿ: “ਜਦੋਂ ਮੈਨੂੰ ਪਤਾ ਲੱਗਿਆ ਕਿ ਪੁਲਿਸ ਨੇ ਇਸਨੂੰ ‘ਬੱਬਰ ਖ਼ਾਲਸਾ’ ਨਾਲ ਸਬੰਧਾਂ ਕਾਰਨ ਗ੍ਰਿਫਤਾਰ ਕੀਤਾ ਹੈ ਤਾਂ ਮੈਂ ਹੈਰਾਨ ਸੀ।”
ਇਸ ਖ਼ਬਰ ਨੂੰ ਵਧੇਰੇ ਵਿਸਤਾਰ ਨਾਲ ਅੰਗਰੇਜੀ ਵਿਚ ਪੜ੍ਹੋ:
After 7 Arrests, 4 More Arrested by Ludhiana police; Labeled as Babbar Khalsa militants …
ਪੁਲਿਸ ਨੇ ਦਾਅਵਾ ਕੀਤਾ ਹੈ ਕਿ ਗ੍ਰਿਫਤਾਰ ਸਿੱਖ ਨੌਜਵਾਨਾਂ ਨੇ ਉਨ੍ਹਾਂ ਲੋਕਾਂ ਨੂੰ ਨਿਸ਼ਾਨਾ ਬਣਾਉਣਾ ਸੀ ਜੋ ਕਿ ਸੋਸ਼ਲ ਮੀਡੀਆ ‘ਤੇ ਸਿੱਖ ਧਰਮ ਅਤੇ ਖ਼ਾਲਿਸਤਾਨ ਦੇ ਖਿਲਾਫ ਲਿਖਦੇ ਹਨ।