ਤਰਨਤਾਰਨ: ਮੀਡੀਆ ਦੀਆਂ ਖ਼ਬਰਾਂ ਮੁਤਾਬਕ ਬੀਤੇ ਕੱਲ੍ਹ (27 ਨਵੰਬਰ, 2017) ਪਿੰਡ ਕੈਰੋਂ ਨਹਿਰ ਦੇ ਪੁਲ ਦੇ ਨੇੜੇ ਸਥਾਨਕ ਲੋਕਾਂ ਨੇ ਇਕ ਬੰਦੇ ਨੂੰ ਫੜ੍ਹ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਗ੍ਰਿਫਤਾਰ ਸ਼ਖਸ ਕੋਲੋਂ ਇਕ 9 ਐਮ.ਐਮ. ਪਿਸਟਲ, 2 ਮੈਗਜ਼ੀਨ, 10 ਰੌਂਦ, ਇਕ ਪਾਸਿਕਤਾਨੀ ਸਿਮ ਅਤੇ ਦੂਰਬੀਨ ਬਰਾਮਦ ਕੀਤੀ ਦੱਸੀ ਜਾ ਰਹੀ ਹੈ।
ਪੱਟੀ ਦੇ ਨੇੜੇ ਕਰੀਬ ਇਕ ਦਰਜਨ ਲੋਕਾਂ ਨੇ ਦੁਪਹਿਰ ਕਰੀਬ ਡੇਢ ਵਜੇ ਇਕ ਬੰਦੇ ਨੂੰ ਫੜ੍ਹ ਲਿਆ। ਲੋਕਾਂ ਦਾ ਕਹਿਣਾ ਹੈ ਕਿ ਇਹ ਸ਼ਖਸ ਪਿਛਲੇ ਇਕ ਹਫਤੇ ਤੋਂ ਇਸ ਇਲਾਕੇ ‘ਚ ਘੁੰਮ ਰਿਹਾ ਸੀ। ਮੀਡੀਆ ਦੀਆਂ ਖ਼ਬਰਾਂ ਮੁਤਾਬਕ ਉਕਤ ਬੰਦੇ ਦੀ ਪਛਾਣ ਸੁਵੇਸ਼ ਪੁੱਤਰ ਦਿਓ ਵਾਸੀ ਬਾਲੂ ਰਾਏ, ਨਿਊ ਕਲੋਨੀ, ਮੁਜ਼ੱਫਰਪਰ, ਬਿਹਾਰ ਵਜੋਂ ਹੋਈ ਹੈ। ਲੋਕਾਂ ਨੇ ਉਕਤ ਬੰਦੇ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਅਤੇ ਪੁਲਿਸ ਉਸਨੂੰ ਪੁੱਛਗਿੱਛ ਲਈ ਤਰਨਤਾਰਨ ਸੀਆਈਏ ਸਟਾਫ ਲੈ ਗਈ। ਐਸ.ਪੀ. (ਆਈ.) ਤਿਲਕ ਰਾਜ, ਐਸ.ਪੀ (ਐਚ) ਗੁਰਨਾਮ ਸਿੰਘ, ਡੀਐਸਪੀ ਅਸ਼ਵਿਨ ਅੱਤਰੀ, ਡੀਐਸਪੀ ਪੱਟੀ ਸੋਹਣ ਸਿੰਘ, ਥਾਣਾ ਪੱਟੀ ਦੇ ਇੰਸਪੈਕਟਰ ਤਰਸੇਮ ਮਸੀਹ ਵਲੋਂ ਪੁੱਛਗਿੱਛ ਕੀਤੀ ਗਈ। ਪੁਲਿਸ ਅਧਿਕਾਰੀਆਂ ਮੁਤਾਬਕ ਉਹ ਪ੍ਰੈਸ ਕਾਨਫਰੰਸ ਕਰਕੇ ਸਾਰੇ ਮਾਮਲੇ ਬਾਰੇ ਮੀਡੀਆ ਨੂੰ ਜਾਣਕਾਰੀ ਦੇਣਗੇ।