ਜਲੰਧਰ: ਜਲੰਧਰ ਪੁਲਿਸ ਨੇ ਨਾਭਾ ਜੇਲ੍ਹ ਤੋਂ ਫਰਾਰ ਹੋਏ ਇੱਕ ਹੋਰ ਹਵਾਲਾਤੀ ਅਮਨਦੀਪ ਢੋਟੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਮੁਤਾਬਕ ਇਸ ਨੂੰ ਬੀਤੀ ਰਾਤ ਜਲੰਧਰ ਦੇ ਪੀਏਪੀ ਚੌਕ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਦੇ ਦਾਅਵਾ ਮੁਤਾਬਕ ਇਸ ਕੋਲੋਂ 32 ਬੋਰ ਰਿਵਾਲਵਰ, ਸੱਤ ਕਾਰਤੂਸ, 4 ਸਿਮ ਬਰਾਮਦ ਕੀਤੇ ਗਏ ਹਨ।
ਜਲੰਧਰ ਪੁਲਿਸ ਦੇ ਕਮਿਸ਼ਨਰ ਅਰਪਿਤ ਸ਼ੁਕਲਾ ਮੁਤਾਬਕ ਜਦੋਂ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਉਦੋਂ ਇਹ ਕਿਸੇ ਨੂੰ ਅਗਵਾ ਕਰਨ ਦੀ ਯੋਜਨਾ ਬਣਾ ਰਿਹਾ ਸੀ। ਪੁਲਿਸ ਕਮਿਸ਼ਨ ਮੁਤਾਬਕ ਜਲਦ ਹੀ ਅਦਾਲਤ ਤੋਂ ਇਸ ਦਾ ਪੁਲਿਸ ਰਿਮਾਂਡ ਲਿਆ ਜਾਵੇਗਾ।
ਜ਼ਿਕਰਯੋਗ ਹੈ ਕਿ 27 ਨਵੰਬਰ, 2016 ਨੂੰ ਮੈਕਸੀਮਮ ਸਕਿਉਰਟੀ ਜੇਲ ਨਾਭਾ ਤੋਂ ਹਥਿਆਰਬੰਦ ਵਿਅਕਤੀਆਂ ਨੇ ਸਵੇਰੇ ਕਰੀਬ 9 ਵਜੇ ਪੁਲਿਸ ਵਰਦੀ ਵਿੱਚ ਆ ਕੇ ਇੱਕ ਕੈਦੀ ਜੇਲ੍ਹ ਵਿੱਚ ਦਾਖਲ ਕਰਾਉਣ ਬਹਾਨੇ ਜੇਲ ਸਟਾਫ ਨੂੰ ਬੰਦੀ ਬਣਾ ਕੇ ਜੇਲ੍ਹ ‘ਚ ਬੰਦ ਹਰਮਿੰਦਰ ਸਿੰਘ ਮਿੰਟੂ, ਗੁਰਪ੍ਰੀਤ ਸਿੰਘ ਸੇਖੋਂ, ਹਰਜਿੰਦਰ ਸਿੰਘ ਵਿੱਕੀ ਗੌਂਡਰ, ਅਮਨਦੀਪ ਸਿੰਘ ਢੋਟੀਆਂ, ਕੁਲਪ੍ਰੀਤ ਸਿੰਘ ਨੀਟਾ ਦਿਓਲ ਅਤੇ ਕਸ਼ਮੀਰ ਸਿੰਘ ਗੱਲਵੱਟੀ ਨੂੰ ਛੁਡਵਾ ਲਿਆ ਸੀ।
ਇਨ੍ਹਾਂ ਦੀ ਮਦਦ ਕਰਨ ਵਾਲੇ ਪਲਵਿੰਦਰ ਸਿੰਘ ਪਿੰਦਾ, ਚੰਨਪ੍ਰੀਤ ਸਿੰਘ ਚੰਨਾ, ਜਗਤਵੀਰ ਸਿੰਘ ਉਰਫ ਜਗਤਾ, ਬਿੱਕਰ ਸਿੰਘ ਮੁੱਦਕੀ ਨੂੰ ਪਹਿਲਾਂ ਹੀ ਵੱਖ-ਵੱਖ ਥਾਵਾਂ ਤੋਂ ਗ੍ਰਿਫਤਾਰ ਕੀਤਾ ਜਾ ਚੁੱਕਾ ਸੀ। ਫਰਾਰ ਹੋਇਆਂ ਵਿਚੋਂ ਹਰਮਿੰਦਰ ਸਿੰਘ ਮਿੰਟੂ, ਗੁਰਪ੍ਰੀਤ ਸੇਖੋਂ ਤੇ ਨੀਟਾ ਦਿਓਲ ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।
ਸਬੰਧਤ ਖ਼ਬਰ: ਨਾਭਾ ਜੇਲ੍ਹ ‘ਤੇ ਹਮਲਾ: ਭਾਈ ਹਰਮਿੰਦਰ ਸਿੰਘ ਮਿੰਟੂ ਸਣੇ ਚਾਰ ਹੋਰ ਫਰਾਰ …