ਚੰਡੀਗੜ੍ਹ/ਅਜਨਾਲਾ: ਮੀਡੀਆ ‘ਚ ਆਈਆਂ ਖ਼ਬਰਾਂ ਮੁਤਾਬਕ ਬੀਐਸਐਫ ਅਤੇ ਪੰਜਾਬ ਪੁਲਿਸ ਨੇ ਦੋ ਸਿੱਖਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ ਇਨ੍ਹਾਂ ਗ੍ਰਿਫਤਾਰ ਸਿੱਖਾਂ ਨੂੰ ਅੰਮ੍ਰਿਤਸਰ ਵਿੱਚ ਭਾਰਤ-ਪਾਕਿਸਤਾਨ ਸਰਹੱਦੀ ਇਲਾਕੇ ਤੋਂ ਉਸ ਵੇਲੇ ਗ੍ਰਿਫ਼ਤਾਰ ਕੀਤਾ ਗਿਆ, ਜਦੋਂ ਉਹ ਪਾਕਿਸਤਾਨ ਵਾਲੇ ਪਾਸਿਓਂ ਭਾਰਤ ਵਿੱਚ ਭੇਜੇ ਹਥਿਆਰ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।
ਗ੍ਰਿਫ਼ਤਾਰ ਵਿਅਕਤੀਆਂ ਦੀ ਸ਼ਨਾਖ਼ਤ ਗੁਰਦਾਸਪੁਰ ਜ਼ਿਲ੍ਹੇ ਦੇ ਸ੍ਰੀ ਹਰਗੋਬਿੰਦਪੁਰ ਦੇ 40 ਸਾਲਾ ਮਾਨ ਸਿੰਘ ਅਤੇ ਜਲੰਧਰ ਜ਼ਿਲ੍ਹੇ ਦੇ ਕਰਤਾਰਪੁਰ ਦੇ 28 ਵਰ੍ਹਿਆਂ ਦੇ ਸ਼ੇਰ ਸਿੰਘ ਵਜੋਂ ਹੋਈ। ਪੁਲਿਸ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਕੈਨੇਡਾ ਦੇ ਓਂਟਾਰੀਓ ਸਥਿਤ ਇਕ ਸਿੱਖ ਗੁਰਜੀਵਨ ਸਿੰਘ ਦੀ ਯੋਜਨਾ ਤਹਿਤ ਇਹ ਕੰਮ ਰਹੇ ਸਨ। ਪੁਲਿਸ ਦੇ ਦੱਸਣ ਮੁਤਾਬਕ ਗੁਰਜੀਵਨ ਸਿੰਘ ਪਿਛਲੇ ਛੇ ਮਹੀਨਿਆਂ ਦੌਰਾਨ ਦੋ ਵਾਰ ਪੰਜਾਬ ਆਇਆ ਅਤੇ ਉਸ ਨੇ ਪਾਕਿਸਤਾਨ ਵਿੱਚ ਆਪਣੇ ਖਾਲਿਸਤਾਨੀ ਸੰਪਰਕਾਂ ਰਾਹੀਂ ਹਥਿਆਰਾਂ ਦਾ ਬੰਦੋਬਸਤ ਕੀਤਾ।
ਸਬੰਧਤ ਖ਼ਬਰ:
ਪੁਲਿਸ ਰਿਮਾਂਡ ਖਤਮ ਹੋਣ ‘ਤੇ ਮਨਜਿੰਦਰ ਸਿੰਘ ਹੁਸੈਨਪੁਰਾ ਨੂੰ ਭੇਜਿਆ ਜੇਲ੍ਹ …
ਪੁਲਿਸ ਨੇ ਦਾਅਵਾ ਕੀਤਾ ਕਿ ਗੁਰਜੀਵਨ ਸਿੰਘ ਨੇ ਪੰਜਾਬ ਦੇ ਪਿਛਲੇ ਦੋ ਦੌਰਿਆਂ ਦੌਰਾਨ ਉਨ੍ਹਾਂ ਨੂੰ (ਗ੍ਰਿਫਤਾਰ ਹੋਏ ਵਿਅਕਤੀਆਂ ਨੂੰ) ਏਕੇ-47 ਸਮੇਤ ਹੋਰ ਹਥਿਆਰ ਚਲਾਉਣ ਬਾਰੇ ਸਿਖਲਾਈ ਦਿੱਤੀ। ਪੁਲਿਸ ਨੇ ਦਾਅਵਾ ਕੀਤਾ ਕਿ ਪੁੱਛ ਪੜਤਾਲ ਦੌਰਾਨ ਮਾਨ ਸਿੰਘ ਨੇ ਮੰਨਿਆ ਕਿ ਉਹ ਪਾਕਿਸਤਾਨ ਗਿਆ ਸੀ। ਪੰਜਾਬ ਪੁਲਿਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਦੋਵੇਂ (ਮਾਨ ਸਿੰਘ ਅਤੇ ਸ਼ੇਰ ਸਿੰਘ) ਐਤਵਾਰ ਸਵੇਰੇ ਹਥਿਆਰ ਲੈਣ ਲਈ ਸਰਹੱਦੀ ਇਲਾਕੇ ਵਿੱਚ ਪਹੁੰਚੇ ਪਰ ਹਥਿਆਰ ਦੱਬੇ ਹੋਣ ਵਾਲੀ ਥਾਂ ਲੱਭਣ ਦੀ ਕੋਸ਼ਿਸ਼ ਕਰਦਿਆਂ ਬੀਐਸਐਫ ਜਵਾਨਾਂ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ।
ਸਬੰਧਤ ਖ਼ਬਰ:
ਪੰਜਾਬ ਪੁਲਿਸ ਵਲੋਂ ਦੋ ਨੌਜਵਾਨਾਂ ਨੂੰ ਹਥਿਆਰਾਂ ਸਮੇਤ ਗ੍ਰਿਫਤਾਰ ਕਰਨ ਦਾ ਦਾਅਵਾ: ਮੀਡੀਆ ਰਿਪੋਰਟ …
ਇਸ ਤੋਂ ਪਹਿਲਾਂ ਅਜਨਾਲਾ ਵਿੱਚ ਬੀਐਸਐਫ ਦੀ 70ਵੀਂ ਬਟਾਲੀਅਨ ਦੇ ਹੈੱਡਕੁਆਰਟਰ ਵਿੱਚ ਸੱਦੀ ਪ੍ਰੈੱਸ ਕਾਨਫਰੰਸ ਦੌਰਾਨ ਡੀਆਈਜੀ ਗੁਰਪਾਲ ਸਿੰਘ ਅਤੇ ਕਮਾਂਡੈਂਟ ਸੀਪੀ ਮੀਨਾ ਨੇ ਮੀਡੀਆ ਨੂੰ ਦੱਸਿਆ ਕਿ ਦੋਵਾਂ ਗ੍ਰਿਫਤਾਰ ਸਿੱਖਾਂ ਨੂੰ ਅਜਨਾਲਾ ਸੈਕਟਰ ਦੀ ਸਰਹੱਦੀ ਚੌਂਕੀ ਚੰਡੀਗੜ੍ਹ ਨੇੜੇ ਕਾਬੂ ਕੀਤਾ ਗਿਆ। ਉਹ ਦੋਵੇਂ ਇਨੋਵਾ ਗੱਡੀ ’ਤੇ ਘੁੰਮ ਰਹੇ ਸਨ। ਬੀਐਸਐਫ ਅਧਿਕਾਰੀਆਂ ਨੇ ਕਿਹਾ ਕਿ ਇਸ ਜਗ੍ਹਾ ਤਿੰਨ-ਚਾਰ ਗੇੜੇ ਲਾਉਣ ਕਰ ਕੇ ਬੀਐਸਐਫ ਜਵਾਨਾਂ ਨੂੰ ਸ਼ੱਕ ਪੈਣ ’ਤੇ ਇਨ੍ਹਾਂ ਨੂੰ ਰੋਕ ਕੇ ਗੱਡੀ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ ਇਕ ਪਿਸਤੌਲ, ਇਕ 315 ਬੋਰ ਦੀ ਬੰਦੂਕ, ਇਕ ਮੈਗਜ਼ੀਨ ਅਤੇ ਇਕ ਤਲਵਾਰ ਬਰਾਮਦ ਹੋਈ। ਬੀਐਸਐਫ ਮੁਤਾਬਕ ਇਨ੍ਹਾਂ ਵਿਅਕਤੀਆਂ ਦੀ ਨਿਸ਼ਾਨਦੇਹੀ ਉਤੇ ਬੀਐਸਐਫ ਤੇ ਥਾਣਾ ਰਮਦਾਸ ਦੀ ਪੁਲਿਸ ਨੇ ਇਕ ਥਾਂ ਲੁਕਾਈਆਂ 13 ਪਿਸਤੌਲਾਂ, 13 ਮੈਗਜ਼ੀਨ, 282 ਰੌਂਦ, ਇਕ ਬੰਦੂਕ, ਇਕ ਏਕੇ 47 ਰਾਈਫਲ, 5 ਹਥਗੋਲੇ ਤੇ ਮੋਬਾਈਲ ਸਿਮ ਬਰਾਮਦ ਕੀਤੇ।