ਲੰਡਨ ( 22 ਸਤੰਬਰ, 2014): ਪਿਛਲੇ ਦਿਨਾਂ ਵਿੱਚ ਪੰਜਾਬ ਦੇ ਸਪੈਸ਼ਲ ਅਪਰੇਸ਼ਨ ਸ਼ੈੱਲ ਵੱਲੋਂ ਰਤਨਦੀਪ ਸਿੰਘ ਨੂੰ ਗ੍ਰਿਫਤਾਰ ਕਰਨ ਮਗਰੋਂ ਬਰਤਾਨੀਆ ਦੀਆਂ ਸਿੱਖ ਜਥੇਬੰਦੀਆਂ ਵਲੋਂ ਇਸ ਗੱਲ ਦੀ ਚਿੰਤਾ ਜਿਤਾਈ ਜਾ ਰਹੀ ਹੈ ਕਿ ਪੁਲਿਸ ਭਾਈ ਰਤਨਦੀਪ ਸਿੰਘ ਦੀ ਗ੍ਰਿਫਤਾਰੀ ਦੀ ਆੜ ਵਿੱਚ ਲੰਬੇ ਸਮੇਂ ਤੋਂ ਗ੍ਰਿਫਤਾਰ ਭਾਈ ਪਾਲ ਸਿੰਘ ਫਰਾਂਸ ਅਤੇ ਭਾਈ ਨਰਾਇਣ ਸਿੰਘ ਚੌੜਾ ਨੂੰ ਹੋਰ ਝੂਠੇ ਕੇਸਾਂ ਵਿੱਚ ਫਸਾ ਸਕਦੀ ਹੈ।
ਯੂਨਾਈਟਿਡ ਖਾਲਸਾ ਦਲ ਯੂ,ਕੇ ਦੇ ਜਨਰਲ ਸਕੱਤਰ ਸ੍ਰ, ਲਵਸਿ਼ੰਦਰ ਸਿੰਘ ਡੱਲੇਵਾਲ ਅਤੇ ਅਖੰਡ ਕੀਰਤਨੀ ਜਥਾ ਯੂ,ਕੇ ਦੇ ਸਿਆਸੀ ਵਿੰਗ ਦੇ ਜਨਰਲ ਸਕੱਤਰ ਜਥੇਦਾਰ ਜੋਗਾ ਸਿੰਘ ਵਲੋਂ ਪੰਜਾਬ ਦੀਆਂ ਮਨੁੱਖੀ ਅਧਿਾਕਾਰਾਂ ਲਈ ਕੰਮ ਕਰਨ ਵਾਲੀਆਂ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਪੁਲਿਸ ਵਲੋਂ ਇਸ ਸੰਭਾਵੀ ਕਹਿਰ ਅਤੇ ਜ਼ੁਲਮ ਨੂੰ ਰੋਕਣ ਲਈ ਅਵਾਜ਼ ਉਠਾਈ ਜਾਵੇ।
ਵਰਨਣਯੋਗ ਹੈ ਕਿ ਭਾਈ ਪਾਲ ਸਿੰਘ ਫਰਾਂਸ ਦਾ ਪੱਕਾ ਵਸਨੀਕ ਹੈ ਅਤੇ ਉਹ ਪੰਜਾਬ ਵਿੱਚ ਨਿਰੋਲ ਸਿੱਖੀ ਦਾ ਪ੍ਰਚਾਰ ਕਰਨ ਲਈ ਗਿਆ ਹੋਇਆ ਸੀ ,ਆਪਣੇ ਸ਼ਾਹਕੋਟ – ਮਲਸੀਆਂ ਇਲਾਕੇ ਵਿੱਚ ਉਸਨੇ ਸਿੱਖੀ ਦੇ ਪ੍ਰਚਾਰ ਦੀ ਲਹਿਰ ਨੂੰ ਸਿਖਰ ਤੇ ਪਹੁੰਚਾ ਦਿੱਤਾ ਤਾਂ ਇਸੇ ਹੀ ਇਲਾਕੇ ਦੇ ਭ੍ਰਿਸ਼ਟਾਚਾਰ ਦੇ ਮਾਮਲਿਆਂ ਦਾ ਸਾਹਮਣਾ ਕਰ ਚੁੱਕੇ ਅਕਾਲੀ ਮੰਤਰੀ ਨੂੰ ਅਪਾਣੀ ਕੁਰਸੀ ਖਿਸਕਦੀ ਹੋਈ ਨਜ਼ਰ ਆਉਣ ਲੱਗ ਪਈ ਤਾਂ ਉਸ ਵਲੋਂ ਪਹਿਲਾਂ ਭਾਈ ਪਾਲ ਸਿੰਘ ਨੂੰ ਭਰਮਾਉਣ ਅਤੇ ਡਰਾਉਣ ਦੇ ਯਤਨ ਕੀਤੇ ਗਏ ,ਜਦੋਂ ਉਸਦੇ ਦੋਵੇਂ ਯਤਨ ਫੇਲ੍ਹ ਹੋ ਗਏ ਤਾਂ ਉਸ ਨੂੰ ਝੂਠੇ ਕੇਸਾਂ ਵਿੱਚ ਗ੍ਰਿਫਤਾਰ ਕਰਵਾ ਦਿੱਤਾ ਗਿਆ।
ਇਹੀ ਵਰਤਾਰਾ ਸ੍ਰ਼ੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਕੁਲਬੀਰ ਸਿੰਘ ਬੜਾ ਪਿੰਡ ਨਾਲ ਦੋ ਸਾਲ ਪਹਿਲਾਂ ਵਾਪਰਿਆ ਸੀ । ਭਾਈ ਨਰਾਇਣ ਸਿੰਘ ਚੌੜਾ ਆਪਣੀ ਜਿੰਦਗੀ ਦਾ ਅੱਧ ਤੋਂ ਜਿਆਦਾ ਸਮਾਂ ਰੂਪੋਸ਼ ਅਤੇ ਜੇਹਲਾਂ ਵਿੱਚ ਗੁਜ਼ਾਰ ਚੁੱਕਾ ਹੈ ,ਹੁਣ ਪੁਲਿਸ ਉਸ ਨੂੰ ਹੋਰ ਕੇਸਾਂ ਵਿੱਚ ਫਸਾ ਕੇ ਲੰਬਾ ਸਮਾਂ ਜੇਹਲਾਂ ਵਿੱਚ ਬੰਦ ਰੱਖਣਾ ਚਾਹੁੰਦੀ ਹੈ ।