ਖਾਸ ਖਬਰਾਂ

ਮਸਤੂਆਣਾ ਸਾਹਿਬ ਦੇ ਜੋੜ ਮੇਲੇ ਦਾ ਮਾਹੌਲ ਗੁਰਮਤਿ ਅਨੁਸਾਰੀ ਕਰਨ ਦੀ ਮੁਹਿੰਮ ਸਫਲਤਾ ਨਾਲ ਜਾਰੀ

By ਸਿੱਖ ਸਿਆਸਤ ਬਿਊਰੋ

January 29, 2025

ਮਸਤੂਆਣਾ ਸਾਹਿਬ/ਸੰਗਰੂਰ: ਮਸਤੂਆਣਾ ਸਾਹਿਬ ਦੇ ਜੋੜ ਮੇਲੇ ਦਾ ਮਾਹੌਲ ਗੁਰਮਤਿ ਅਨੁਸਾਰੀ ਕਰਨ ਦੀ ਬੀਤੇ ਵਰ੍ਹੇ ਸ਼ੁਰੂ ਹੋਈ ਮੁਹਿੰਮ ਇਸ ਸਾਲ ਵੀ ਸਫਲਤਾ ਨਾਲ ਜਾਰੀ ਹੈ। ਇਸ ਮੁਹਿੰਮ ਨੂੰ ਜੋੜ ਮੇਲੇ ਦੇ ਸਾਰੇ ਪ੍ਰਬੰਧਕਾਂ, ਸਥਾਨਕ ਸੰਗਤਾਂ, ਇਲਾਕੇ ਦੀਆਂ ਪੰਚਾਇਤਾਂ ਅਤੇ ਸਿੱਖ ਜਥਿਆਂ ਤੇ ਜਥੇਬੰਦੀਆਂ ਦਾ ਪੂਰਨ ਸਹਿਯੋਗ ਮਿਲ ਰਿਹਾ ਹੈ।

ਕਿਉਂ ਅਤੇ ਕੀ ਉਪਰਾਲੇ ਹੋ ਰਹੇ ਹਨ?

ਜ਼ਿਕਰਯੋਗ ਹੈ ਕਿ ਸਿੱਖ ਧਾਰਮਿਕ ਅਤੇ ਇਤਿਹਾਸਿਕ ਜੋੜ ਮੇਲਿਆਂ ਦਾ ਮਾਹੌਲ ਦੁਨਿਆਵੀ ਮੌਜ ਮੇਲੇ ਵਰਗਾ ਹੁੰਦਾ ਜਾ ਰਿਹਾ ਸੀ ਜਿਸ ਕਾਰਨ ਇਸ ਮਾਹੌਲ ਨੂੰ ਮੁੜ ਗੁਰਮਤਿ ਅਨੁਸਾਰੀ ਕਰਨ ਵਾਸਤੇ ਮਸਤੂਆਣਾ ਸਾਹਿਬ ਦੇ ਜੋੜ ਮੇਲੇ ਦੇ ਪ੍ਰਬੰਧਕਾਂ, ਪੰਥ ਸੇਵਾ ਵਿੱਚ ਵਿਚਰਦੇ ਜਥਿਆਂ ਅਤੇ ਸਥਾਨਕ ਸੰਗਤਾਂ ਵੱਲੋਂ ਸਾਂਝੇ ਤੌਰ ਉੱਪਰ ਵੱਡੇ ਉਪਰਾਲੇ ਬੀਤੇ ਸਾਲ ਸ਼ੁਰੂ ਕੀਤੇ ਗਏ ਸਨ।

ਮਸਤੂਆਣਾ ਸਾਹਿਬ ਦੇ ਜੋੜ ਮੇਲੇ ਦੀ ਨੁਹਾਰ ਵਿਚ ਕੀ-ਕੀ ਸੁਧਾਰ ਹੋਏ ਹਨ ਤੇ ਕਿਵੇਂ? (ਵੀਡੀਓ)

ਇਹਨਾ ਉਪਰਾਲਿਆਂ ਤਹਿਤ ਲੰਘੇ ਸਾਲ ਮਸਤੂਆਣਾ ਸਾਹਿਬ ਵਿਖੇ ਗੁਰਦੁਆਰਾ ਸਾਹਿਬਾਨ ਦੀ ਹਦੂਦ ਵਿੱਚ ਕਿਸੇ ਵੀ ਤਰ੍ਹਾਂ ਦੇ ਦੁਨਿਆਵੀ ਮੌਜ ਮੇਲੇ ਵਾਲੇ ਝੂਲੇ/ਝੂਟੇ, ਖੇਡ-ਤਮਾਸ਼ੇ ਜਾਂ ਮਨ ਨੂੰ ਭਟਕਾਉਣ ਵਾਲੇ ਵਾਲੀਆਂ ਚੀਜ਼ਾਂ/ਵਸਤਾਂ ਵੇਚਣ ਉੱਤੇ ਰੋਕ ਲਗਾਈ ਗਈ ਸੀ। ਪ੍ਰਬੰਧਕਾਂ ਵੱਲੋਂ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਗੁਰਮਤਿ ਅਨੁਸਾਰੀ ਸਾਜੋ-ਸਮਾਨ, ਜਿਵੇਂ ਕਿ ਗੁਰਮਤਿ ਅਤੇ ਸਿੱਖ ਸਾਹਿਤ ਨਾਲ ਸੰਬੰਧਿਤ ਕਿਤਾਬਾਂ, ਰਵਾਇਤੀ ਸਿੱਖ ਸ਼ਸਤਰ ਅਤੇ ਕਕਾਰਾਂ ਦੀਆਂ ਦੁਕਾਨਾਂ ਨੂੰ ਹੀ ਇਜਾਜ਼ਤ ਦਿੱਤੀ ਗਈ ਸੀ।

ਇਸ ਸਾਲ ਕੀ ਕੁਝ ਕੀਤਾ ਜਾ ਰਿਹਾ ਹੈ?

ਇਸ ਸਾਲ ਜੋੜ-ਮੇਲੇ ਦੇ ਮਾਹੌਲ ਨੂੰ ਵਧੇਰੇ ਦਰੁਸਤ ਕਰਨ ਵਾਸਤੇ ਗੁਰਦੁਆਰਾ ਸਾਹਿਬ ਦੀ ਹਦੂਦ ਤੋਂ ਬਾਹਰ ਲੱਗਦੇ ਝੂਲ- ਝੂਠੇ ਅਤੇ ਅਜਿਹੇ ਹੋਰ ਰੰਗ ਤਮਾਸ਼ੇ ਲਾਉਣ ਦੀ ਮਨਾਹੀ ਕੀਤੀ ਗਈ ਹੈ।

ਆਮ ਦੁਨਿਆਵੀ ਸਾਜੋ ਸਮਾਨ ਦਾ ਬਾਜ਼ਾਰ ਗੁਰਦੁਆਰਾ ਸਾਹਿਬ ਦੀ ਹਦੂਦ ਤੋਂ ਬਾਹਰ ਵੱਖਰੇ ਤੌਰ ਉੱਪਰ ਲਾਉਣ ਦੇ ਪ੍ਰਬੰਧ ਕੀਤੇ ਗਏ ਹਨ ਤਾਂ ਕਿ ਜੋੜ ਮੇਲੇ ਵਿੱਚ ਆਪਣੀ ਉਪਜੀਵਿਕਾ ਕਮਾਉਣ ਵਾਲੇ ਕਿਰਤੀ ਲੋਕ ਇਸ ਬਾਜ਼ਾਰ ਰਾਹੀਂ ਆਪਣਾ ਸਾਜੋ ਸਮਾਨ ਵੇਚ ਸਕਣ।

ਜੋੜ ਮੇਲੇ ਦਾ ਮਾਹੌਲ ਸਿੱਖੀ ਭੈ-ਭਾਵਨੀ ਵਾਲਾ ਕਰਨ ਵਾਲੇ ਉਪਰਾਲਿਆਂ ਤਹਿਤ ਜੋੜ-ਮੇਲੇ ਦੌਰਾਨ ਲੱਗਦੇ ਲੰਗਰਾਂ ਵਿੱਚ ਸਪੀਕਰ ਦੀ ਮਨਾਹੀ ਹੋਵੇਗੀ ਅਤੇ ਟਰੈਕਟਰਾਂ ਉੱਪਰ ਡੈਕ ਜਾਂ ਡੀਜੇ ਲਾਉਣ ਉੱਤੇ ਲਗਾਈ ਰੋਕ ਜਾਰੀ ਰਹੇਗੀ।

ਸੰਗਤਾਂ ਵੱਲੋਂ ਕਿਸ ਤਰ੍ਹਾਂ ਦਾ ਹੁੰਗਾਰਾ ਹੈ?

ਸਿੱਖ ਸਿਆਸਤ ਨੂੰ ਮਿਲੀ ਜਾਣਕਾਰੀ ਅਨੁਸਾਰ ਇਹਨਾ ਉਪਰਾਲਿਆਂ ਨੂੰ ਇਲਾਕੇ ਦੀਆਂ ਸੰਗਤਾਂ ਵੱਲੋਂ ਭਰਪੂਰ ਸਹਿਯੋਗ ਮਿਲ ਰਿਹਾ ਹੈ।

ਇਸ ਉਪਰਾਲੇ ਵਿੱਚ ਸ਼ਾਮਿਲ ਸਿੱਖ ਜਥਾ ਮਾਲਵਾ ਦੇ ਇੱਕ ਬੁਲਾਰੇ ਨੇ ਸਿੱਖ ਸਿਆਸਤ ਨੂੰ ਜਾਣਕਾਰੀ ਦਿੱਤੀ ਕਿ ਕੁਝ ਲੋਕਾਂ ਵੱਲੋਂ ਜੋੜ ਮੇਲੇ ਦੇ ਮਾਹੌਲ ਨੂੰ ਗੁਰਮਤਿ ਅਨੁਸਾਰ ਕਰਨ ਬਾਰੇ ਚੱਲ ਰਹੇ ਯਤਨਾਂ ਖਿਲਾਫ ਇਲਾਕੇ ਦੀਆਂ ਪੰਚਾਇਤਾਂ ਵਿੱਚ ਭਰਮ ਭੁਲੇਖੇ ਪੈਦਾ ਕਰਨ ਦੇ ਯਤਨ ਕੀਤੇ ਜਾ ਰਹੇ ਸਨ ਪਰ ਉਹਨਾ ਵੱਲੋਂ ਪੰਚਾਇਤਾਂ ਨੂੰ ਸੰਪਰਕ ਕੇ ਸਾਰੀ ਗੱਲ ਸਪਸ਼ਟ ਕਰਨ ਉੱਤੇ ਇਹ ਮਸਲੇ ਸੁਲਝਾਅ ਲਏ ਗਏ ਹਨ।

ਜੋੜ ਮੇਲੇ ਦੇ ਪ੍ਰਬੰਧਕਾਂ ਨੇ ਸਿੱਖ ਸਿਆਸਤ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਹਨਾਂ ਨੂੰ ਬੀਤੇ ਸਾਲ ਕੀਤੇ ਉਪਰਾਲੇ ਦਾ ਬਹੁਤ ਚੰਗਾ ਹੁੰਗਾਰਾ ਮਿਲਿਆ ਸੀ ਇਸ ਕਰਕੇ ਇਹ ਉਪਰਾਲੇ ਅਗਾਂਹ ਹੋਰ ਸੁਧਾਰਾਂ ਨਾਲ ਜਾਰੀ ਰੱਖੇ ਗਏ ਹਨ।

ਸੰਤ ਅਤਰ ਸਿੰਘ ਜੀ ਦੀ ਯਾਦ ਵਿਚ ਲੱਗਦਾ ਹੈ ਜੋੜ ਮੇਲਾ:

ਜ਼ਿਕਰਯੋਗ ਹੈ ਕਿ ਸੰਤ ਅਤਰ ਸਿੰਘ ਜੀ ਮਸਤੂਆਣੇ ਵਾਲਿਆਂ ਦੀ ਬਰਸੀ ਮੌਕੇ ਮਸਤੂਆਣਾ ਸਾਹਿਬ ਵਿਖੇ 30 ਜਨਵਰੀ ਤੋਂ ਲੈ ਕੇ ਇਕ ਫਰਵਰੀ ਤੱਕ ਸਲਾਨਾ ਜੋੜ ਮੇਲਾ ਭਰਦਾ ਹੈ ਜਿਸ ਵਿੱਚ ਇਲਾਕੇ ਦੀਆਂ ਸਿੱਖ ਸੰਗਤਾਂ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਦੀਆਂ ਹਨ। ਸੰਤਾਂ ਵੱਲੋਂ ਇਸ ਇਲਾਕੇ ਵਿਚ ਵੱਡੀ ਪੱਧਰ ਉੱਤੇ ਸਿੱਖਾਂ ਦਾ ਪ੍ਰਚਾਰ ਕੀਤਾ ਗਿਆ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: