ਚੰਡੀਗੜ: ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਦੇ ਮੀਤ ਪ੍ਰਧਾਨ ਵਿਰਸਾ ਸਿੰਘ ਬਹਿਲਾ, ਕਾਨੂੰਨੀ ਸਲਾਹਕਾਰ ਐਡਵੋਕੇਟ ਜਗਦੀਪ ਸਿੰਘ ਰੰਧਾਵਾ, ਸਪੋਕਸਮੈਨ ਸਤਵਿੰਦਰ ਸਿੰਘ ਪਲਾਸੋਰ ਅਤੇ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਡਿਪਟੀ ਚੇਅਰਮੈਨ ਕ੍ਰਿਪਾਲ ਸਿੰਘ ਰੰਧਾਵਾ, ਲਾਇਰਜ ਫਾਰ ਹਿਊਮਨ ਐਂਡ ਡੈਮੋਕਰੇਟਿਕ ਰਾਈਟਜ ਦੇ ਪ੍ਰਧਾਨ ਬਲਵੰਤ ਸਿੰਘ ਐਡਵੋਕੇਟ ਨੇ ਕਿਹਾ ਹੈ ਕਿ ਮੀਆਂ ਮਾਰ ਅੰਦਰ ਰੋਹਿੰਗੀਆਂ ਮੁਸਲਮਾਨਾਂ ਦੀ ਕੀਤੀ ਜਾ ਰਹੀ ਕੁੱਲ ਨਾਸ਼ ਨੇ ਇੱਕ ਵਾਰ ਫਿਰ 1947, 1984, 2002 ਚੇਤੇ ਕਰਾ ਦਿੱਤੇ ਹਨ। ਲੱਗਭੱਗ 4 ਲੱਖ 21 ਹਜਾਰ ਲੋਕ ਹਿਜਰਤ ਕਰਕੇ ਬੰਗਲਾਦੇਸ਼ ਪਹੁੰਚ ਚੁੱਕੇ ਹਨ। ਮਹਾਤਮਾ ਬੁੱਧ ਦੇ ਪੈਰੋਕਾਰਾਂ ਵੱਲੋਂ ਮਨੁੱਖਤਾ ਉੱਪਰ ਢਾਏ ਜਾ ਰਹੇ ਜੁਲਮ ਸ਼ਰਮਨਾਕ ਹਨ।
ਭਾਰਤ ਸਰਕਾਰ ਦੀ ਮੁਤਸਵੀ ਪਹੁੰਚ ਨੇ ਦਰਬਾਰ ਸਾਹਿਬ ਤੇ ਹੋਇਆ ਫੌਜੀ ਹਮਲਾ ਨਵੰਬਰ 1984 ਕਤਲੇਆਮ, ਝੂਠੇ ਮੁਕਾਬਲੇ, 2002 ਗੁਜਰਾਤ ਕਤਲੇਆਮ ਚੇਤੇ ਕਰਾ ਦਿੱਤੇ ਹਨ। ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾਂ ਅੰਦਰ ਇੰਨ੍ਹਾਂ ਰਿਫਊਜੀਆ ਉੱਪਰ ਅੱਤਵਾਦ ਦਾ ਇੱਕ ਵੀ ਕੇਸ ਦਰਜ ਨਹੀ ਹੋਇਆ। ਪੰਜ ਹਜਾਰ ਤੋਂ ਉੱਪਰ ਰਿਫਊਜੀ ਲੰਮੇਂ ਸਮੇਂ ਦਾ ਵੀਜਾ ਪ੍ਰਾਪਤ ਕਰ ਚੁੱਕੇ ਹਨ। ਭਾਰਤੀ ਜਨਤਾ ਪਾਰਟੀ ਅਤੇ ਆਰ.ਐਸ.ਐਸ. ਰਾਜਨੀਤਿਕ ਮਨੋਰਥਾ ਖਾਤਿਰ ਇੰਨ੍ਹਾਂ ਰਿਫਊਜੀਆ ਨੂੰ ਅੱਤਵਾਦੀ ਸਾਬਿਤ ਕਰਨ ਲਈ ਸਾਰਾ ਜੋਰ ਲਗਾ ਰਹੇ ਹਨ।
ਉਨ੍ਹਾਂ ਕਿਹਾ ਕਿ ਸ਼੍ਰੀ ਗੁਰੂ ਨਾਨਕ ਸਾਹਿਬ ਨੇ ਬਾਬਰ ਦੇ ਜੁਲਮਾਂ ਨੂੰ ਵੰਗਾਰਿਆ ਅਤੇ ਗੁਰੂ ਅਰਜਨ ਦੇਵ ਜੀ ਨੇ ਮਨੁੱਖਤਾ ਖਾਤਿਰ ਆਪਣੀ ਸ਼ਹਾਦਤ ਦਿੱਤੀ। ਇਸੇ ਲੜੀ ਵਿੱਚ ਕਸ਼ਮੀਰੀ ਪੰਡਿਤ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਰਨ ਵਿੱਚ ਆਏ ਤਾਂ ਉਨ੍ਹਾਂ ਦੀ ਫਰਿਆਦ ਸੁਣਦਿਆਂ ਦਿੱਲੀ ਵਿੱਚ ਜਾ ਕੇ ਮਨੁੱਖਤਾ ਨੂੰ ਬਚਾਉਣ ਲਈ ਆਪਣੀ ਸ਼ਹਾਦਤ ਦਿੱਤੀ। ਉਨ੍ਹਾਂ ਆਖਿਆ ਕਿ ਹਿੰਦੂਤਵੀ ਸ਼ਕਤੀਆਂ ਨੂੰ ਪਿਛਲਾ ਇਤਿਹਾਸ ਨਹੀ ਭੁੱਲਣਾ ਚਾਹੀਦਾ।
ਉਨ੍ਹਾਂ ਕਿਹਾ ਕਿ ਖਾਲਸਾ ਏਡ ਜੱਥੇਬੰਦੀ ਰਿਫਊਜੀਆਂ ਦੀ ਮਦਦ ਕਰਕੇ ਮਨੁੱਖਤਾ ਦੋਖੀਆ ਨੂੰ ਨੰਗਿਆ ਕਰ ਰਹੀ ਹੈ।