ਫਰੈਂਕਫੋਰਟ (13 ਅਕਤੂਬਰ, 2014): ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਹੁਕਮਾਂ ਨਾਲ ਜੂਨ 1984 ਵਿੱਚ ਭਾਰਤੀ ਫੌਜਾਂ ਨੇ ਸ੍ਰੀ ਦਰਬਾਰ ਸਹਿਬ ਅੰਮ੍ਰਿਤਸਰ ‘ਤੇ ਹਮਲਾ ਕਰਕੇ ਸਿੱਖਾਂ ਦੇ ਮੁਕੱਦਸ ਅਸਥਾਨ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢੀਹ ਢੇਰੀ ਕਰਕੇ ਹਜ਼ਾਰਾਂ ਬੇਦੋਸ਼ੇ ਸਿੱਖਾਂ ਨੂੰ ਕਤਲ ਕਰ ਦਿੱਤਾ ਸੀ।ਉਸ ਸਮੇਂ ਭਾਰਤੀ ਫੋਜ ਦੀ ਕਮਾਂਡ ਜਨਰਲ ਅਰੁਣ ਕੁਮਾਰ ਵੈਦਿਆ ਕਰ ਰਿਹਾ ਸੀ।
ਸਿੱਖਾਂ ਦੇ ਧਰਮ ਅਸਥਾਨ ‘ਤੇ ਇਸ ਅਣਮਨੁੱਖੀ ਕਾਰੇ ਨੂੰ ਅੰਜ਼ਾਮ ਦੇਣ ਵਾਲੇ ਜਨਰਲ ਵੈਦਿਆ ਨੂੰ ਮਹਾਂਰਾਸ਼ਟਰ ਦੇ ਪੂਨੇ ਸ਼ਹਿਰ ਵਿੱਚ ਪਾਰ ਬੁਲਾਉਣ ਵਾਲੇ ਸਿੱਖ ਸੂਰਬੀਰ, ਮਹਾਨ ਯੋਧਿਆਂ ਅਮਰ ਸ਼ਹੀਦ ਸੁਖਦੇਵ ਸਿੰਘ ਸੁੱਖਾ ਅਤੇ ਸ਼ਹੀਦ ਹਰਜਿੰਦਰ ਸਿੰਘ ਜਿੰਦਾ ਦਾ ਸ਼ਹੀਦੀ ਦਿਹਾੜਾ ਜਰਮਨ ਦੀਆਂ ਪੰਥਕ ਜਥੇਬੰਦੀਆਂ ਅਤੇ ਸਿੱਖ ਫੈਡਰੇਸ਼ਨ ਜਰਮਨੀ ਵਲੋ ਗੁਰੂਘਰ ਸਿੱਖ ਸੈਂਟਰ ਫਰੈਂਕਫੋਰਟ ਵਿਖੇ 12 ਅਕਤੂਬਰ 2014 ਦਿਨ ਐਤਵਾਰ ਨੂੰ ਮਨਾਇਆ ਗਿਆ।
ਇਸ ਸਮੇਂ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਇਸ ਸਮੇਂ ਪੰਜਾਬ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਮਸ਼ਹੂਰ ਢਾਡੀ ਭਾਈ ਹਰਪਾਲ ਸਿੰਘ ਢੱਡ ਦੇ ਜੱਥੇ ਨੇ ਢਾਡੀ ਵਾਰਾਂ ਨਾਲ ਸੰਗਤਾਂ ਦੀ ਸੇਵਾ ਕੀਤੀ।ਉਨਾਂ ਨੇ ਸ਼ਹੀਦੀ ਪ੍ਰੰਪਰਾ ਦੇ ਇਤਿਹਾਸ ਤੋਂ ਜਾਣੂ ਕਰਵਾਉਦਿਆਂ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਲਈ ਜੰਗ-ਏ-ਮੈਦਾਨ ਵਿੱਚ ਸ਼ਹਾਦਤ ਦਾ ਜ਼ਾਮ ਪੀਣ ਵਾਲੇ ਬਾਬਾ ਦੀਪ ਸਿੰਘ ਜੀ ਦੀ ਸ਼ਹੀਦੀ ਤੋਂ ਲੈਕੇ ਮੌਜੂਦਾ ਸਮੇਂ ਅੰਦਰ ਸ੍ਰੀ ਦਰਬਾਰ ਸਾਹਿਬ ਦੀ ਪਵਿੱਤਰਤਾ ਭੰਗ ਕਰਨ ਵਾਲਿਆਂ ਨੂੰ ਉਨ੍ਹਾਂ ਦੀ ਕੀਤੀ ਦਾ ਫਲ ਭੁਗਤਾਉਣ ਵਾਲੇ ਸਿੱਖੀ ਜਗਤ ਦੇ ਧਰੂ ਤਾਰੇ ਸ਼ਹੀਦ ਭਾਈ ਹਰਜਿੰਦਰ ੋਿਸੰਘ ਜਿੰਦਾ ਅਤੇ ਸ਼ਹੀਦ ਭਾਈ ਸੁੱਖਦੇਵ ਸਿੰਘ ਸੁੱਖਾ ਦੀ ਸ਼ਹੀਦੀ ਬਾਰੇ ਵਿਸਥਾਰ ਨਾਲ ਦੱਸਦਿਆਂ ਢਾਡੀ ਕਲਾ ਵਿੱਚ ਪੇਸ਼ ਕੀਤਾ।
ਇਸ ਉਪਰੰਤ ਪੰਥਕ ਜਥੇਬੰਦੀਆਂ ਦੇ ਮੁੱਖੀ ਜਥੇਦਾਰ ਸਤਨਾਮ ਸਿੰਘ ਬੱਬਰ, ਭਾਈ ਅਮਰਜੀਤ ਸਿੰਘ ਮੰਗੂਪੁਰ, ਭਾਈ ਗੁਰਦੀਪ ਸਿੰਘ ਪ੍ਰਦੇਸੀ, ਭਾਈ ਜਤਿੰਦਰਬੀਰ ਸਿੰਘ, ਭਾਈ ਸੁੱਖਵਿੰਦਰ ਸਿੰਘ ਕੋਲਨ, ਭਾਈ ਜਗਤਾਰ ਸਿੰਘ ਮਾਹਲ, ਭਾਈ ਰੇਸ਼ਮ ਸਿੰਘ ਬੱਬਰ, ਭਾਈ ਗੁਰਮੀਤ ਸਿੰਘ ਖਨਿਆਣ, ਹੋਰਾਂ ਨੇ ਵੀ ਆਪਣੇ ਵਿਚਾਰ ਸਾਂਝੇ ਕਰਦਿਆਂ ਹੋਇਆਂ ਜਿਥੇ ਇਹਨਾਂ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਫੁੱਲ ਭੇਂਟ ਕੀਤੇ ਅਤੇ ਮੌਜੂਦਾ ਸਮੇਂ ਦੌਰਾਨ ਸਿੱਖ ਕੌਮ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਚਾਨਣਾ ਪਾਉਦਿਆਂ ਸ਼ਹੀਦਾਂ ਦੇ ਰਸਤੇ ‘ਤੇ ਚੱਲਣ ਦੀ ਅਪੀਲ ਕੀਤੀ ।