ਨਵਾਂਸ਼ਹਿਰ: 1980-90 ਦਹਾਕੇ ਦੌਰਾਨ ਸਿੱਖ ਕੌਮ ਦੀ ਅਜ਼ਾਦੀ ਲਈ ਚੱਲੇ ਹਥਿਆਰਬੰਦ ਸੰਘਰਸ਼ ‘ਚ ਸ਼ਹਾਦਤ ਦਾ ਜਾਮ ਪੀਣ ਵਾਲੇ ਭਿੰਡਰਾਂਵਾਲਾ ਟਾਈਗਰਜ਼ ਫ਼ੋਰਸ ਆਫ਼ ਖ਼ਾਲਿਸਤਾਨ ਦੇ ਚੋਟੀ ਦੇ ਦੁਆਬੇ ਇਲਾਕੇ ਦੇ ਜੁਝਾਰੂ ਸ਼ਹੀਦ ਭਾਈ ਚਰਨਜੀਤ ਸਿੰਘ ਜੀਤਾ ਹੇੜੀਆਂ ਅਤੇ ਉਨ੍ਹਾਂ ਦੇ ਸਾਥੀਆਂ ਸ਼ਹੀਦ ਭਾਈ ਮਹਿੰਦਰਪਾਲ ਸਿੰਘ ਪਾਲੀ, ਸ਼ਹੀਦ ਭਾਈ ਸਤਬਚਨ ਸਿੰਘ ਸਕਰੂਲੀ, ਸ਼ਹੀਦ ਭਾਈ ਪਰਮਜੀਤ ਸਿੰਘ ਪੰਮਾ ਦਾ 30ਵਾਂ ਸ਼ਹੀਦੀ ਦਿਹਾੜਾ ਉਨ੍ਹਾਂ ਦੇ ਗ੍ਰਹਿ ਵਿਖੇ ਪਿੰਡ ਹੇੜੀਆਂ, ਨੇੜੇ ਚੱਬੇਵਾਲ, ਜ਼ਿਲ੍ਹਾ ਹੁਸ਼ਿਆਰਪੁਰ ‘ਚ ਪੂਰੇ ਖ਼ਾਲਸਾਈ ਸ਼ਾਨੋ ਸ਼ੌਕਤ ਨਾਲ ਮਨਾਇਆ ਗਿਆ। ਅਖੰਡ ਪਾਠ ਸਾਹਿਬ ਜੀ ਦੇ ਭੋਗ ਤੋਂ ਉਪਰੰਤ ਸਜੇ ਦੀਵਾਨ ‘ਚ ਗੁਰਬਾਣੀ ਕੀਰਤਨ, ਢਾਡੀਆਂ ਵਾਰਾਂ ‘ਚ ਨਿਹੰਗ ਸਿੰਘਾਂ, ਸ਼ਹੀਦ ਸਿੰਘਾਂ ਦੇ ਪਰਿਵਾਰਾਂ ਅਤੇ ਪੰਥਕ ਜਥੇਬੰਦੀਆਂ ਦੇ ਆਗੂਆਂ ਨੇ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਭਰੀ।
ਸਮਾਗਮ ਚ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਸੰਗਤਾਂ ਨੂੰ ਸੰਬੋਧਨ ਹੁੰਦੇ ਹੋਏ ਕਿਹਾ ਕਿ ਭਾਰਤੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਜੂਨ 1984 ‘ਚ ਦਰਬਾਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ ਸਮੇਤ ਚਾਲੀ ਦੇ ਕਰੀਬ ਇਤਿਹਾਸਕ ਗੁਰਧਾਮਾਂ ਤੇ ਕਹਿਰੀ ਹਮਲਾ ਕੀਤਾ ਸੀ ਅਤੇ ਇਸ ਤੀਜੇ ਘੱਲੂਘਾਰੇ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ, ਕਾਂਗਰਸ, ਭਾਜਪਾ, ਆਰ.ਐਸ.ਐਸ, ਕਾਮਰੇਡ ਤੇ ਅਖੌਤੀ ਅਕਾਲੀ ਵੀ ਇਸ ਹਮਲੇ ‘ਚ ਬਰਾਬਰ ਦੇ ਦੋਸ਼ੀ ਹਨ। ਉਨ੍ਹਾਂ ਕਿਹਾ ਕਿ ਸੰਤ ਭਿੰਡਰਾਂਵਾਲਿਆਂ ਅਤੇ ਹੋਰ ਜੁਝਾਰੂ ਸਿੰਘਾਂ ਦਾ ਬਹਾਨਾ ਬਣਾ ਕੇ ਹਿੰਦੁਸਤਾਨ ਦੀ ਸਰਕਾਰ ਨੇ ਇਹ ਹਮਲਾ ਸਿੱਖ ਕੌਮ ਦੀ ਹੋਂਦ ਹਸਤੀ ਤੇ ਅੱਡਰੀ ਪਛਾਣ ਨੂੰ ਖ਼ਤਮ ਕਰਨ, ਸਿੱਖ ਕੌਮ ਦਾ ਇਤਿਹਾਸ ਤੇ ਸਭਿਆਚਾਰ ਮੇਟਣ, ਕੌਮ ਨੂੰ ਦਬਾਉਣ ਤੇ ਸਿੱਖ ਮਾਨਸਿਕਤਾ ਉਤੇ ਕੀਤਾ ਹੈ, ਜੋ ਸਦੀਆਂ ਤਕ ਯਾਦ ਰਹੇਗਾ ਤੇ ਹਿੰਦੂਤਵੀਆਂ ਨੇ ਨਵੰਬਰ 1984 ‘ਚ ਦਿੱਲੀ ਤੇ ਹੋਰ ਸੂਬਿਆਂ ਚ ਨਿਰਦੋਸ਼ ਸਿੱਖਾਂ ਦਾ ਭਾਰੀ ਕਤਲੇਆਮ ਕਰਕੇ ਸਿੱਖਾਂ ਨੂੰ ਹਥਿਆਰਬੰਦ ਸੰਘਰਸ਼ ਦੇ ਰਾਹ ਤੋਰਿਆ ਹੈ ਤੇ ਇਸ ਸੰਘਰਸ਼ ਦੇ ਨਿਸ਼ਾਨੇ ਦੀ ਪੂਰਤੀ ਲਈ ਹੀ ਹਜ਼ਾਰਾਂ ਸਿੱਖ ਨੌਜਵਾਨ ਮੈਦਾਨ ‘ਚ ਨਿਤਰੇ ਸਨ।
ਉਨ੍ਹਾਂ ਕਿਹਾ ਕਿ ਭਾਈ ਚਰਨਜੀਤ ਸਿੰਘ ਹੇੜੀਆਂ ਨੇ ਜ਼ੁਲਮਾਂ ਨਾਲ ਟੱਕਰ ਲੈਂਦਿਆਂ 3 ਨਵੰਬਰ 1987 ਨੂੰ ਪਿੰਡ ਨੈਣੋਵਾਲ ਵਿਖੇ ਸ਼ਹਾਦਤ ਪਾਈ ਸੀ, ਜਿਸ ‘ਤੇ ਕੌਮ ਫ਼ਖਰ ਮਹਿਸੂਸ ਕਰਦੀ ਹੈ ਤੇ ਅਸੀਂ ਇਨ੍ਹਾਂ ਕੌਮੀ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਹਾਂ। ਉਨ੍ਹਾਂ ਕਿਹਾ ਕਿ ਸੂਬੇ ਦੀ ਕਾਂਗਰਸ ਸਰਕਾਰ ਹੁਣ ਫਿਰ ਸਿੱਖਾਂ ਦੀ ਦੁਸ਼ਮਣ ਇੰਦਰਾ ਗਾਂਧੀ ਦਾ ਬੁੱਤ ਪੰਜਾਬ ‘ਚ ਲਗਾ ਕੇ ਸਿੱਖਾਂ ਨੂੰ ਚੈਲੰਜ ਕਰ ਰਹੀ ਹੈ, ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਯੂਨਾਈਟਿਡ ਅਕਾਲੀ ਦਲ ਦੇ ਜਨਰਲ ਸਕੱਤਰ ਜਥੇਦਾਰ ਬਹਾਦਰ ਸਿੰਘ ਭਾਰਟਾ ਨੇ ਕਿਹਾ ਕਿ ਸਾਡਾ ਫ਼ਰਜ ਬਣਦਾ ਹੈ ਕਿ ਅਸੀਂ ਸਿੱਖ ਨੌਜਵਾਨੀ ਨੂੰ ਬੀਤੇ ਸਮੇਂ ‘ਚ ਹੋਈਆਂ ਸ਼ਹਾਦਤਾਂ ਤੋਂ ਜਾਣੂੰ ਕਰਵਾਈਏ ਤੇ ਕੌਮ ਦੀ ਚੜ੍ਹਦੀ ਕਲਾ ਲਈ ਇਕਜੁੱਟ ਹੋ ਕੇ ਅੱਗੇ ਵਧੀਏ। ਸਮਾਪਤੀ ਤੇ ਜਥੇਦਾਰ ਬਹਾਦਰ ਸਿੰਘ ਭਾਰਟਾ ਅਤੇ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਤੇ ਭਾਈ ਰਾਜਿੰਦਰ ਸਿੰਘ ਰਾਮਪੁਰ ਨੇ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਵੱਲੋਂ ਸ਼ਹੀਦਾਂ ਦੇ ਪਰਿਵਾਰਾ ਨੂੰ ਸਿਰੋਪਿਆਂ, ਦੁਸ਼ਾਲਿਆਂ ਤੇ ਸ਼ਹੀਦਾਂ ਦੀਆਂ ਤਸਵੀਰਾਂ ਭੇਟਾ ਕਰਕੇ ਸਨਮਾਨਿਤ ਕੀਤਾ।
ਇਸ ਮੌਕੇ ਸ਼ਹੀਦ ਚਰਨਜੀਤ ਸਿੰਘ ਦੇ ਪਿਤਾ ਜਥੇਦਾਰ ਗੁਰਮੁਖ ਸਿੰਘ ਹੇੜੀਆਂ, ਭਰਾਤਾ ਬਲਵੀਰ ਸਿੰਘ ਤੇ ਪ੍ਰਗਟ ਸਿੰਘ, ਜਥੇਦਾਰ ਜਤਿੰਦਰ ਸਿੰਘ ਬੈਂਸ, ਸਾਬਕਾ ਕੈਬਨਿਟ ਮੰਤਰੀ ਜਥੇਦਾਰ ਸੋਹਣ ਸਿੰਘ ਠੰਡਲ, ਦਰਸ਼ਨ ਸਿੰਘ ਨਵਾਂਸ਼ਹਿਰ, ਹਰਭਜਨ ਸਿੰਘ ਵਰਾਣਾ ਆਦਿ ਹਾਜ਼ਰ ਸਨ।