ਆਮ ਖਬਰਾਂ

ਮੰਡੀਆਂ ਦੇ ਦੌਰੇ ਕਰਨ ਦੀ ਥਾਂ ਅਕਾਲੀ ਆਗੂ ਚੰਡੀਗੜ੍ਹ ਧਰਨਾ ਲਗਾਉਣ: ਸਲਾਣਾ

By ਸਿੱਖ ਸਿਆਸਤ ਬਿਊਰੋ

April 18, 2011

ਫ਼ਤਹਿਗੜ੍ਹ ਸਾਹਿਬ, (18 ਅਪ੍ਰੈਲ, 2011): ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਜਥੇਬੰਦਕ ਸਕੱਤਰ ਸੰਤੋਖ ਸਿੰਘ ਸਲਾਣਾ, ਜਿਲ੍ਹਾ ਯੂਥ ਪ੍ਰਧਾਨ ਗੁਰਮੁਖ ਸਿੰਘ ਡਡਹੇੜੀ ਤੇ ਅਮਲੋਹ ਸਰਕਲ ਦੇ ਪ੍ਰਧਾਨ ਦਰਸ਼ਨ ਸਿੰਘ ਬੈਣੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂ ਅਨਾਜ ਮੰਡੀਆਂ ਵਿੱਚ ਦੌਰੇ ਕਰਕੇ ਮੀਡੀਏ ਵਿੱਚ ਖ਼ਬਰਾਂ ਲਗਵਾ ਰਹੇ ਹਨ। ਪਰ ਮੰਡੀਆਂ ਦੇ ਇਨਾਂ ਦੌਰਿਆ ਨਾਲ ਕਿਸਾਨਾਂ ਦੀ ਫਸਲ ਨਹੀਂ ਚੁੱਕੀ ਜਾਣੀ ਇਸ ਲਈ ਉਨ੍ਹਾਂ ਨੂੰ ਚੰਡੀਗੜ੍ਹ ਵਿੱਚ ਖਰੀਦ ਏਜੰਸੀਆ ਦੇ ਦਫ਼ਤਰਾਂ ਬੈਠ ਜਾਣ ਤੇ ਖੇਤੀ ਮੰਤਰੀ ਦਾ ਘਿਰਾਓ ਕਰਨ। ਇਸ ਨਾਲ ਚੰਡੀਗੜ੍ਹ ਤੋਂ ਆਰਡਰ ਜਾਰੀ ਹੋਣ ਨਾਲ ਹੀ ਕਿਸਾਨਾਂ ਦੀਆ ਫਸਲਾਂ ਮੰਡੀਆਂ ਵਿੱਚੋਂ ਚੁੱਕੀਆ ਜਾ ਸਕਦੀਆਂ ਹਨ।

ਉਕਤ ਆਗੂਆਂ ਨੇ ਕਿਹਾ ਕਿ ਮੌਸਮ ਦੀ ਖਰਾਬੀ ਕਾਰਨ ਮੰਡੀਆਂ ਵਿਚ ਪਈ ਕਿਸਾਨਾਂ ਦੀ ਫਸਲ ਖਰਾਬ ਹੋ ਰਹੀ ਹੈ ਇਸ ਲਈ ਇਨ੍ਹਾਂ ਆਗੂਆਂ ਨੂੰ ਕਿਸਾਨਾਂ ਦੀ ਫਸਲ ਮੰਡੀਆਂ ਵਿੱਚੋਂ ਜਲਦੀ ਚੁਕਵਾਉਣ ਲਈ ਸੰਜੀਦਾ ਹੋ ਕੇ ਯਤਨ ਕਰਨਾ ਚਾਹੀਦਾ ਹੈ ਇਸਦੇ ਨਾਲ ਹੀ ਮੀਂਹ ਤੇ ਗੜ੍ਹੇਮਾਰੀ ਨਾਲ ਖਰਾਬ ਹੋ ਚੁੱਕੀ ਕਿਸਾਨਾਂ ਦੀ ਫਸਲ ਲਈ ਉਹ ਅਪਣੇ ਆਗੂ ਤੇ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਤੋਂ ਵੀ ਮੰਗ ਕਰਨ ਕਿ ਮੰਡੀਆਂ ਵਿਚ ਖਰਾਬ ਹੋਈ ਕਣਕ ਲਈ ਸਰਕਾਰ ਦੀ ਮਾੜੀ ਕਾਰਗੁਜਾਰੀ ਜਿੰਮੇਵਾਰ ਹੈ ਇਸ ਲਈ ਕਿਸਾਨਾਂ ਦੇ ਇਸ ਨੁਕਸਾਨ ਦੀ ਪੂਰਤੀ ਪੰਜਾਬ ਸਰਕਾਰ ਵਲੋਂ ਕੀਤੀ ਜਾਵੇ।ਉਨ੍ਹਾਂ ਨੂੰ ਮੁੱਖ ਮੰਤਰੀ ਤੋਂ ਖੇਤਾਂ ਵਿੱਚ ਖੜ੍ਹੀਆਂ ਕਿਸਾਨਾਂ ਦੀਆਂ ਫਸਲਾਂ ਦੇ ਖਰਾਬੇ ਲਈ ਵੀ ਮੁਆਵਜ਼ਾ ਮੰਗਣਾ ਚਾਹੀਦਾ ਹੈ। ਉਕਤ ਆਗੂਆਂ ਨੇ ਕਿਹਾ ਕਿ ਮੰਡੀਆਂ ਦੇ ਦੌਰੇ ਕਰ ਰਹੇ ਅਕਾਲੀ ਆਗੂ ਇਸ ਤਰੀਕੇ ਨਾਲ ਹੀ ਕਿਸਾਨਾਂ ਨੂੰ ਅਪਣੇ ਸੱਚੇ ਹਮਦਰਦ ਹੋਣ ਦਾ ਵਿਸਵਾਸ਼ ਦਿਵਾ ਸਕਦੇ ਹਨ। ਇਸ ਸਮੇਂ ਪੰਚ ਪ੍ਰਧਾਨੀ ਦੇ ਉਕਤ ਆਗੂਆਂ ਨਾਲ ਪ੍ਰਮਿੰਦਰ ਸਿੰਘ ਕਾਲਾ, ਭਗਵੰਤ ਸਿੰਘ ਮਹੱਦੀਆਂ, ਹਰਪਾਲ ਸਿੰਘ ਸ਼ਹੀਦਗੜ੍ਹ, ਹਰਪ੍ਰੀਤ ਸਿੰਘ ਹੈਪੀ, ਕਿਹਰ ਸਿੰਘ ਮਾਰਵਾ ਤੇ ਮਿਹਰ ਸਿੰਘ ਬਸੀ ਆਦਿ ਵੀ ਹਾਜ਼ਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: