ਨਵੀਂ ਦਿੱਲੀ: ਪੰਜਾਬ ਵਿੱਚ ਇਹ ਸਮਾਂ ਸਿਆਸੀ ਅਦਲਾ ਬਦਲੀ ਦਾ ਚੱਲ ਰਿਹਾ ਹੈ। ਇਸ ਦੇ ਚਲਦਿਆਂ ਹੀ ਹੁਣ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਅੱਡ ਹੋ ਕੇ ਵੱਖਰੀ ਪਾਰਟੀ ਪੀ.ਪੀ.ਪੀ ਬਣਾਉਣ ਵਾਲੇ ਮਨਪ੍ਰੀਤ ਬਾਦਲ, ਜੋ ਕਿ ਪ੍ਰਕਾਸ਼ ਸਿੰਘ ਬਾਦਲ ਦੇ ਭਤੀਜੇ ਵੀ ਹਨ ਕਾਂਗਰਸ ਪਾਰਟੀ ਦਾ ਹੱਥ ਫੜਨ ਜਾ ਰਹੇ ਹਨ।
ਪਿਛਲੇ ਲੰਬੇ ਸਮੇਂ ਤੋਂ ਇਹ ਗੱਲ ਪੱਕੀ ਹੋ ਚੁੱਕੀ ਸੀ ਕਿ ਪੀ.ਪੀ.ਪੀ ਆਪਣੇ ਤੌਰ ਤੇ ਚੋਣ ਦੰਗਲ ਵਿੱਚ ਟੱਕਰ ਲੈ ਦਾ ਦੱਮ ਨਹੀਂ ਰੱਖਦੀ, ਪਰ ਇਸ ਗੱਲ ਤੇ ਵੱਡਾ ਸਵਾਲੀਆ ਚਿੰਨ ਸੀ ਕਿ ਇਹ ਪਾਰਟੀ ਕਿਸ ਪਾਰਟੀ ਦਾ ਹੱਥ ਫੜੇਗੀ।
ਮੀਡੀਆ ਵਿੱਚ ਆਈਆਂ ਰਿਪੋਰਟਾਂ ਅਨੁਸਾਰ ਮਨਪ੍ਰੀਤ ਬਾਦਲ ਨੇ ਆਪਣੇ ਨੇੜਲੇ ਸਾਥੀਆਂ ਨੂੰ ਦਿੱਲੀ ਬੁਲਾ ਲਿਆ ਹੈ ਤੇ ਉਹ 15 ਜਨਵਰੀ ਨੂੰ ਕਾਂਗਰਸ ਦੇ ਕੌਮੀ ਮੀਤ ਪ੍ਰਧਾਨ ਰਾਹੁਲ ਗਾਂਧੀ ਦੀ ਹਾਜਰੀ ਵਿੱਚ ਕਾਂਗਰਸ ਵਿੱਚ ਸ਼ਾਮਿਲ ਹੋਣਗੇ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਵਿਦੇਸ਼ ਤੋਂ ਪਰਤੇ ਰਾਹੁਲ ਗਾਂਧੀ ਨਾਲ ਮਨਪ੍ਰੀਤ ਬਾਦਲ ਦੀ ਮੁਲਾਕਾਤ ਹੋ ਚੁੱਕੀ ਹੈ ਤੇ ਮਾਘੀ ਕਾਨਫਰੰਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦਿੱਲੀ ਲਈ ਰਵਾਨਾ ਹੋ ਜਾਣਗੇ, ਜਿੱਥੇ ਉਨ੍ਹਾਂ ਦੇ ਘਰ ਵਿੱਚ ਹੀ ਮਨਪ੍ਰੀਤ ਬਾਦਲ ਦੀ ਕਾਂਗਰਸ ਵਿੱਚ ਸ਼ਮੂਲੀਅਤ ਦਾ ਐਲਾਨ ਕੀਤਾ ਜਾਵੇਗਾ।