ਚੰਡੀਗੜ੍ਹ: ਮਲੇਰਕੋਟਲਾ ਵਿੱਚ ਕੁਰਾਨ ਸ਼ਰੀਫ ਦੀ ਬੇਅਦਬੀ ਉੱਤੇ ਗਹਿਰਾ ਅਫਸੋਸ ਪ੍ਰਗਟ ਕਰਦੇ ਹੋਏ ਆਮ ਆਦਮੀ ਪਾਰਟੀ ਨੇ ਇਸਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ‘ਆਪ’ ਦੇ ਸੰਗਰੂਰ ਤੋਂ ਸੰਸਦ ਅਤੇ ਪਾਰਟੀ ਦੇ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਭਗਵੰਤ ਮਾਨ ਨੇ ਕਿਹਾ ਕਿ ਅਜਿਹੀ ਕਰਤੂਤ ਕਰਨ ਵਾਲਿਆਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਅਤੇ ਸਖਤ ਤੋਂ ਸਖਤ ਸਜਾ ਦਿੱਤੀ ਜਾਵੇ। ਭਗਵੰਤ ਮਾਨ ਨੇ ਕਿਹਾ ਰਮਜ਼ਾਨ ਦੇ ਦਿਨਾਂ ਵਿੱਚ ਪਵਿੱਤਰ ਕੁਰਾਨ ਸ਼ਰੀਫ ਦੀ ਬੇਅਦਬੀ ਵਾਲੀ ਇਸ ਬੇਹੱਦ ਦੁਖਦ ਘਟਨਾ ਦੀ ਉੱਚ ਪੱਧਰੀ ਜਾਂਚ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਮੌਜੂਦਾ ਜੱਜ ਦੀ ਨਿਗਰਾਨੀ ਵਿੱਚ ਜਾਂਚ ਹੋਵੇ।
ਭਗਵੰਤ ਮਾਨ ਨੇ ਮਲੇਕਰਕੋਟਲਾ ਸਮੇਤ ਸਮੁੱਚੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਸੀ ਭਾਈਚਾਰਾ ਬਣਾਏ ਰੱਖਣ, ਕਿਉਂਕਿ ਇਸ ਘਿਨੌਣੀ ਹਰਕਤ ਦੇ ਪਿੱਛੇ ਸਮਾਜ ਨੂੰ ਵੰਡਣ ਅਤੇ ਫਿਰਕੂ ਅੱਗ ਭੜਕਾਉਣ ਦੀ ਸਾਜਿਸ਼ ਸਾਫ਼ ਨਜ਼ਰ ਆ ਰਹੀ ਹੈ ਅਤੇ ਅਜਿਹੀ ਕੋਸ਼ਿਸ਼ ਵਾਰ-ਵਾਰ ਦੋਹਰਾਈ ਜਾ ਰਹੀ ਹੈ। ਮਲੇਰਕੋਟਲਾ ਵਿੱਚ ਕੁਰਾਨ-ਏ- ਪਾਕ ਦੀ ਬੇਦਅਬੀ ਤੋਂ ਪਹਿਲਾਂ ਸੂਬੇ ਵਿੱਚ ਗੁਰੂ ਗ੍ਰੰਥ ਸਾਹਿਬ ਅਤੇ ਗੀਤਾ ਦੀ ਬੇਅਦਬੀ ਕੀਤੀ ਜਾ ਚੁੱਕੀ ਹੈ। ਬਦਕਿਸਮਤੀ ਇਹ ਹੈ ਕਿ ਸਰਕਾਰ ਦੀ ਕਥਿਤ ਜਾਂਚ ਏਜੰਸੀਆਂ ਅਤੇ ਜਾਂਚ ਕਮਿਸ਼ਨ ਬੇਅਦਬੀ ਦੀ ਇਸ ਘਟਨਾਵਾਂ ਵਿੱਚ ਕਿਸੇ ਵੀ ਅਸਲੀ ਦੋਸ਼ੀ ਨੂੰ ਕਾਬੂ ਕਰਨ ਵਿਚ ਅਸਫਲ ਰਹੀ ਹੈ। ਇੱਥੋਂ ਤੱਕ ਕਿ ਬਰਗਾੜੀ ਗੋਲੀ ਕਾਂਡ ਦੇ ਜ਼ਿੰਮੇਦਾਰ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਵੀ ਪਹਿਚਾਣ ਨਹੀਂ ਕੀਤੀ ਗਈ, ਜਿਨ੍ਹਾਂ ਨੇ ਸ਼ਾਂਤੀ ਪੂਰਵਕ ਰੋਸ਼ ਪ੍ਰਦਰਸ਼ਨ ਕਰ ਰਹੀ ਸੰਗਤ ਉੱਤੇ ਗੋਲੀ ਚਲਾਕੇ ਦੋ ਜਵਾਨਾਂ ਦੀ ਜਾਨ ਲੈ ਲਈ ਸੀ।
ਭਗਵੰਤ ਮਾਨ ਨੇ ਕਿਹਾ ਕਿ ਇਸ ਤੋਂ ਹੈਰਾਨੀਜਨਕ ਹੋਰ ਕੀ ਹੋ ਸਕਦਾ ਹੈ ਕਿ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਰਾਜ ਵਿੱਚ ਗੁਰੂ ਗ੍ਰੰਥ ਸਾਹਿਬ, ਗੀਤਾ ਅਤੇ ਕੁਰਾਨ ਵਰਗੇ ਗ੍ਰੰਥਾਂ ਨੂੰ ਸੁਰੱਖਿਅਤ ਰੱਖਣ ਵਿੱਚ ਨਾਕਾਮ ਰਹੀ ਹੈ। ਧਰਮ ਪ੍ਰਚਾਰਕਾਂ ‘ਤੇ ਹਮਲੇ ਹੋ ਰਹੇ ਹਨ। ਮਾਨ ਨੇ ਕਿਹਾ, ‘ਹਰ ਰੋਜ ਸਾਬਤ ਹੋ ਰਿਹਾ ਹੈ ਕਿ ਪੰਜਾਬ ਵਿੱਚ ਕਾਨੂੰਨ-ਵਿਵਸਥਾ ਨਾਮ ਦੀ ਕੋਈ ਚੀਜ ਨਹੀਂ। ਮੁਲਜਮਾਂ ਦੇ ਹੌਂਸਲੇ ਬੁਲੰਦੀਆਂ ਉੱਤੇ ਹਨ, ਪਹਿਲਾਂ ਹੀ ਅਸੁਰੱਖਿਅਤ ਮਹਿਸੂਸ ਕਰ ਰਹੀ ਜਨਤਾ ਪ੍ਰਤੀ ਦਿਨ ਡਰ ਦੇ ਸਾਏ ਵਿਚ ਹੈ। ਅਕਾਲੀ-ਭਾਜਪਾ ਸਰਕਾਰ ਤੋਂ ਲੋਕਾਂ ਦਾ ਭਰੋਸਾ ਪੂਰੀ ਤਰ੍ਹਾਂ ਖਤਮ ਹੋ ਚੁੱਕਿਆ ਹੈ।
ਭਗਵੰਤ ਮਾਨ ਨੇ ਕਿਹਾ ਕਿ ਅਜਿਹਾ ਭਿਆਨਕ ਹਾਲਾਤ ਪੈਦਾ ਕਰਨ ਲਈ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਸਿੱਧੇ ਜ਼ਿੰਮੇਦਾਰ ਹਨ। ਮਾਨ ਨੇ ਕਿਹਾ ਕਿ ਸੁਖਬੀਰ ਬਾਦਲ ਪੰਜਾਬ ਦੇ ਇਤਹਾਸ ਦੇ ਸਭ ਤੋਂ ਨਿਕੰਮੇ ਗ੍ਰਹਿ ਮੰਤਰੀ ਸਾਬਤ ਹੋਏ ਹਨ, ਇਸ ਲਈ ਉਨ੍ਹਾਂ ਨੂੰ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ ਹੈ।
ਭਗਵੰਤ ਮਾਨ ਨੇ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ‘ਤੇ ਵਰਦਿਆਂ ਕਿਹਾ ਕਿ ਮੇਰੇ ਉਤੇ ਟਿੱਪਣੀ ਕਰਨ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਆਪਣੀ ਪੀੜੀ ਥੱਲੇ ਸੋਟਾ ਫੇਰਨ। ਮਾਨ ਨੇ ਕਿਹਾ ਕਿ ਅਧਿਆਪਕ ਵਰਗ ਨੂੰ ਉਹ ਦੇਸ਼ ਦਾ ਬੇਹਤਰੀਨ ਨਿਰਮਾਤਾ ਸਮਝਦੇ ਹਨ ਅਤੇ ਬੇਹੱਦ ਸਨਮਾਨ ਕਰਦੇ ਹਨ। ਦੂਜੇ ਪਾਸੇ ਮੁੱਖ ਮੰਤਰੀ ਹੁੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਸਾਲ 2002 ਤੋਂ 2007 ਦੌਰਾਨ ਸਰਕਾਰੀ ਸਿੱਖਿਆ ਦਾ ਕਿੰਨਾ ਨੁਕਸਾਨ ਅਤੇ ਅਧਿਆਪਕ ਵਰਗ ਦਾ ਕਿਸ ਹੱਦ ਤੱਕ ਅਪਮਾਨ ਕੀਤਾ ਹੈ ਇਹ ਗੱਲ ਅਜੇ ਕਿਸੇ ਨੂੰ ਭੁੱਲੀ ਨਹੀਂ ਹੈ। ਅਧਿਆਪਕਾਂ ਅਤੇ ਹੋਰ ਕਰਮਚਾਰੀਆਂ ਉਪਰ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ ‘ਤੇ ਪੁਲਿਸ ਵਲੋਂ ਕੀਤੀ ਜਾਂਦੀ ਰਹੀ ਕੁੱਟਮਾਰ ਦੀਆਂ ਤਸਵੀਰਾਂ ਅੱਜ ਵੀ ਲੋਕਾਂ ਦੇ ਮਨਾਂ ਵਿਚ ਤਾਜ਼ੀਆਂ ਹਨ। ਕੈਪਟਨ ਰਾਜ ਵਿਚ ਰੋਜ਼ਗਾਰ ਮੰਗਦੇ ਯੋਗ ਅਧਿਆਪਕਾਂ ਅਤੇ ਜਾਇਜ਼ ਮੰਗਾਂ ਰੱਖਦੇ ਅਧਿਆਪਕ ਵਰਗ ਨੂੰ ਜੇਲਾਂ ਵਿਚ ਵੀ ਭੇਜਿਆ ਜਾਂਦਾ ਰਿਹਾ। ਇਸੇ ਤਰ੍ਹਾਂ ਉਹਨਾਂ ਦਾ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਅੰਦਰ ਘਟ ਤਨਖਾਹਾਂ ‘ਤੇ ਰੱਖ ਕੇ ਸ਼ੋਸ਼ਣ ਕੀਤਾ ਜਾਂਦਾ ਰਿਹਾ ਹੈ। ਇਸ ਲਈ ਚੋਣਾਂ ਦੇ ਮੱਦੇਨਜਰ ਕੈਪਟਨ ਅਮਰਿੰਦਰ ਸਿੰਘ ਅਧਿਆਪਕਾਂ ਨਾਲ ਫੋਕੀ ਹਮਦਰਦੀ ਦਿਖਾ ਕੇ ਮਗਰਮੱਛ ਦੇ ਹੰਝੂ ਨ ਬਹਾਉਣ।