ਨਵੀਂ ਦਿੱਲੀ: ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਦਿੱਲੀ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਦੇ ਕਾਰਜਭਾਰ ਸੀਨੀਅਰ ਮੀਤ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੂੰ ਸੌਂਪਦਿਆਂ ਆਪਣੇ ਆਪ ਨੂੰ ਪ੍ਰਧਾਨਗੀ ਦੇ ਕੰਮ ਤੋਂ ਵੱਖ ਕਰ ਲਿਆ ਹੈ। ਦਿ.ਸਿ.ਗੁ.ਪ੍ਰ.ਕ. ਦੇ ਮੀਡੀਆ ਸਲਾਹਕਾਰ ਪਰਮਿੰਦਰਪਾਲ ਸਿੰਘ ਨੇ ਸਿੱਖ ਸਿਆਸਤ ਨਾਲ ਦੂਰੋਂ ਗੱਲਬਾਤ ਕਰਦਿਆਂ ਇਸ ਗੱਲ ਦੀ ਤਸਦੀਕ ਕੀਤੀ ਤੇ ਕਿਹਾ ਕਿ ਮਨਜੀਤ ਸਿੰਘ ਜੀ.ਕੇ. ਨੇ ਸ਼੍ਰੋ.ਅ.ਦ. (ਬਾਦਲ) ਦੀਆਂ ਨੀਤੀਆਂ ਨਾਲ ਸਹਿਮਤ ਨਾ ਹੋਣ ਕਾਰਨ ਆਪਣੇ ਆਪ ਨੂੰ ਦਿ.ਸਿ.ਗੁ.ਪ੍ਰ.ਕ. ਦੇ ਕੰਮ ਕਾਜ ਤੋਂ ਵੱਖ ਕਰ ਲਿਆ ਹੈ। ਇਹ ਪੁੱਛੇ ਜਾਣ ਉੱਤੇ ਕਿ ਕੀ ਮਨਜੀਤ ਸਿੰਘ ਜੀ.ਕੇ. ਨੇ ਇਸ ਅਹੁਦੋਂ ਤੋਂ ਅਸਤੀਫਾ ਦੇ ਦਿੱਤਾ ਹੈ, ਪਰਮਿੰਦਰਪਾਲ ਸਿੰਘ ਨੇ ਕਿਹਾ ਕਿ ਨਹੀਂ ਉਹਨਾਂ ਅਸਤੀਫਾ ਨਹੀਂ ਦਿੱਤਾ ਬਲਕਿ 5 ਅਕਤੂਬਰ ਨੂੰ ਮਹਿਜ਼ ਕੰਮਕਾਜ ਦੀ ਜਿੰਮੇਵਾਰੀ ਹਰਮੀਤ ਸਿੰਘ ਕਾਲਕਾ ਨੂੰ ਸੌਂਪੀ ਦਿੱਤੀ ਸੀ।
ਇਹ ਪੁੱਛੇ ਜਾਣ ਤੇ ਕਿ ਕੀ ਮਨਜੀਤ ਸਿੰਘ ਜੀ.ਕੇ. ਨੇ ਸ਼੍ਰੋ.ਅ.ਦ. (ਬਾਦਲ) ਦੀ ਦਿੱਲੀ ਇਕਾਈ ਦੇ ਪ੍ਰਧਾਨ ਦੇ ਅਹੁਦੇ ਦੀ ਜ਼ਿੰਮੇਵਾਰ ਵੀ ਕਿਸੇ ਹੋਰ ਨੂੰ ਸੌਂਪੀ ਹੈ ਤਾਂ ਪਰਮਿੰਦਰਪਾਲ ਸਿੰਘ ਨੇ ਕਿਹਾ ਨਹੀਂ, ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਜੀ.ਕੇ. ਹੀ ਸਨ।
ਖਬਰਾਂ ਹਨ ਕਿ 5 ਅਕਤੂਬਰ ਤੋਂ ਹੀ ਜੀ.ਕੇ. ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫਤਰ ਵਿੱਚ ਨਹੀਂ ਆ ਰਿਹਾ ਅਤੇ ਉਹ ਇਸ ਵੇਲੇ ਅਗਿਆਤ ਵਾਸ ਵਿੱਚ ਹੈ।
ਜ਼ਿਕਰਯੋਗ ਹੈ ਕਿ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਸ਼੍ਰੋ.ਅ.ਦ. (ਬਾਦਲ) ਵੱਲੋਂ ਸਿੱਖ ਸਰੋਕਾਰਾਂ ਦੇ ਖਿਲਾਫ ਚੱਲਣਾ ਸ਼ੁਰੂ ਕਰ ਦੇਣ ਕਰਕੇ ਦਲ ਦੇ ਕਈ ਆਗੂ ਆਪਣੇ ਉੱਚ ਆਗੂਆਂ, ਖਾਸ ਕਰ ਸੁਖਬੀਰ ਸਿੰਘ ਬਾਦਲ ਦੀਆਂ ਦੀਆਂ ਨੀਤੀਆਂ ਖਿਲਾਫ ਆਪਣਾ ਰੋਸ ਜਾਹਰ ਕਰ ਰਹੇ ਹਨ। ਦਲ ਦੇ ਪੁਰਾਣੇ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਆਪਣੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਦਲ ਦੇ ਮਾਝੇ ਨਾਲ ਸੰਬੰਧਤ ਤਿੰਨ ਆਗੂਆਂ ਰਣਜੀਤ ਸਿੰਘ ਬ੍ਰਹਮਪੁਰਾ, ਰਤਨ ਸਿੰਘ ਅਜਨਾਲਾ ਅਤੇ ਸੇਵਾ ਸਿੰਘ ਸੇਖਵਾਂ ਨੇ ਵੀ ਪੱਤਰਕਾਰ ਮਿਲਣੀ ਕਰਕੇ ਪਾਰਟੀ ਵਿੱਚ ‘ਸਭ ਅੱਸ਼ਾ ਨਹੀਂ’ ਦੀ ਗੱਲ ਕਹੀ ਹੈ। ਇਹ ਤਿੰਨੇ ਆਗੂ ਬਾਦਲ ਦਲ ਵੱਲੋਂ ਲੰਘੇ ਐਤਵਾਰ ਪਟਿਆਲਾ ਵਿਖੇ ਕੀਤੀ ਗਈ ਰੈਲੀ ਵਿੱਚ ਵੀ ਸ਼ਾਮਲ ਨਹੀਂ ਹੋਏ। ਜ਼ਿਕਰਯੋਗ ਹੈ ਕਿ ਸਾਬਕਾ ਮੁੱਖ ਮੰਤਰੀ ਨੇ ਆਪ ਵੱਖ-ਵੱਖ ਸਥਾਨਕ ਇਕੱਠ ਕਰਕੇ 7 ਅਕਤੂਬਰ ਦੀ ਪਟਿਆਲਾ ਰੈਲੀ ਲਈ ਲਾਮਬੰਦੀ ਕੀਤੀ ਸੀ। ਸ਼੍ਰੋ.ਅ.ਦ. (ਬਾਦਲ) ਦੀਆਂ ਰੈਲੀਆਂ ਵਿੱਚ ਰਹੇ ਇਕੱਠ ਇਸ ਦਲ ਦੇ ਸਿੱਖਾਂ ਵਿਚਲੇ ਅਧਾਰ ਨੂੰ ਲੱਗੇ ਖੋਰੇ ਦੀ ਗਵਾਹੀ ਬਣਦੇ ਜਾ ਰਹੇ ਹਨ ਕਿਉਂਕਿ ਇਹਨਾਂ ਇਕੱਠਾਂ ਵਿੱਚ ਪੱਗਾਂ ਵਾਲੇ ਸਿਰਾਂ ਦੀ ਗਿਣਤੀ ਨਿਗੂਣੀ ਹੁੰਦੀ ਜਾ ਰਹੀ ਹੈ। ਇਸੇ ਦੌਰਾਨ ਮਨਜੀਤ ਸਿੰਘ ਜੀ.ਕੇ. ਵੱਲੋਂ ਚੁੱਕਿਆ ਗਿਆ ਕਦਮ ਵੀ ਇਸੇ ਕੜੀ ਦਾ ਹੀ ਹਿੱਸਾ ਹੈ ਜਿਸ ਵਿੱਚ ਸ਼੍ਰੋ.ਅ.ਦ. (ਬਾਦਲ) ਦੇ ਪੁਰਾਣੇ ਆਗੂ ਸੁਖਬੀਰ ਸਿੰਘ ਬਾਦਲ ਨਾਲ ਆਪਣੇ ਰੋਸ ਦਾ ਪ੍ਰਗਟਾਵਾ ਕਰ ਰਹੇ ਹਨ।