ਲੰਡਨ: ਭਾਰਤੀ ਉਪਮਹਾਂਦੀਪ ਦੇ ਉੱਤਰ-ਪੂਰਬ ਵਿਚ ਸਥਿਤ ‘ਮਨੀਪੁਰ’ ਦੇ ਖਿੱਤੇ ਦੀ ਅਜ਼ਾਦੀ ਦੇ ਹਾਮੀ ਕੁਝ ਆਗੂਆਂ ਨੇ ਭਾਰਤ ਤੋਂ ਅਜ਼ਾਦੀ ਦਾ ਇਕਪਾਸੜ ਐਲਾਨ ਕਰ ਦਿੱਤਾ ਹੈ।
ਲੰਘੇ ਦਿਨ (29 ਅਕਤੂਬਰ) ਬਰਤਾਨੀਆ ਵਿਚ ਮਨੀਪੁਰ ਦੀ ਭਾਰਤ ਤੋਂ ਅਜ਼ਾਦੀ ਦਾ ਐਲਾਨ ਕਰਦਿਆਂ ਇਨ੍ਹਾਂ ਆਗੂਆਂ ਨੇ ਅਜ਼ਾਦ ਮਨੀਪੁਰ ਦੀ ਜਲਾਵਤਨ ਸਰਕਾਰ ਕਾਇਮ ਕਰਨ ਦਾ ਦਾਅਵਾ ਕੀਤਾ ਹੈ।
ਮਨੀਪੁਰ, ਜੋ ਕਿ ਪਹਿਲਾਂ ਇਕ ਬਾਦਸ਼ਾਹੀ ਸਤਲਤਨ ਸੀ, ਨੂੰ 1947 ਵਿਚ ਭਾਰਤੀ ਮਹਾਂਦੀਪ ਵਿਚ ਹੋਏ ਸੱਤਾ ਦੇ ਤਾਬਦਲੇ ਤੋਂ ਦੋ ਸਾਲ ਬਾਅਦ 1949 ਵਿਚ ਭਾਰਤ ਨਾਲ ਜੋੜਿਆ ਗਿਆ ਸੀ ਤੇ ਉਦੋਂ ਤੋਂ ਹੀ ਮਨੀਪੁਰ ਦੀ ਅਜ਼ਾਦੀ ਲਈ ਹਥਿਆਰਬੰਦ ਸੰਘਰਸ਼ ਚੱਲਦਾ ਆ ਰਿਹਾ ਹੈ।
ਮਨੀਪੁਰ ਸੇਟਟ ਕੌਸਲ ਦੇ ਸਵੈ-ਐਲਾਨੇ ਵਿਦੇਸ਼ ਮੰਤਰੀ ਨਰੇਂਗਬਮ ਸਮਰਜੀਤ ਨੇ ਕਿਹਾ ਕਿ ਮਨੀਪੁਰ ਦੀ ਜਲਾਵਤਨ ਸਰਕਾਰ ਮਾਨਤਾ ਹਾਸਲ ਕਰਨ ਲਈ ਕੌਮਾਂਤਰੀ ਪੰਚਾਇਤ ‘ਯੁਨਾਇਟਡ ਨੇਸ਼ਨਜ਼’ (ਯੁ.ਨੇ.) ਤੱਕ ਪਹੁੰਚ ਕਰੇਗੀ।
ਸਮਰਜੀਤ ਨੇ ਲੰਡਨ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ‘ਅਸੀਂ ਉੱਥੇ (ਭਾਰਤੀ ਹਕੁਮਤ ਤਹਿਤ) ਅਜ਼ਾਦ ਨਹੀਂ ਹਾਂ ਅਤੇ ਸਾਡਾ ਇਤਿਹਾਸ ਤਬਾਹ ਕੀਤਾ ਜਾ ਰਿਹਾ ਹੈ ਤੇ ਸਾਡਾ ਸੱਭਿਆਚਾਰ ਖਤਮ ਕਰ ਦਿੱਤਾ ਜਾਵੇਗਾ”।
⊕ ਇਹ ਵੀ ਪੜ੍ਹੋ – ਭਾਰਤੀ ਜ਼ਬਰ ਨੇ ਕਸ਼ਮੀਰ ਵਿਚ ਸੱਨਾਟਾ ਪਸਾਰਿਆ ਹੋਇਆ ਹੈ
“ਇਸ ਲਈ ਯੁਨਾਇਟਡ ਨੇਸ਼ਨਜ਼ ਨੂੰ ਸੁਣਨਾ ਚਾਹੀਦਾ ਹੈ… ਅਸੀਂ ਪੂਰੀ ਦੁਨੀਆ ਮੁਹਰੇ ਇਹ ਗੱਲ ਰੱਖਦੇ ਹਾਂ ਕਿ ਮਨੀਪੁਰ ਵਿਚ ਰਹਿਣ ਵਾਲੇ ਲੋਕ ਵੀ ਮਨੁੱਖ ਹਨ”।
ਅਲਜਜ਼ੀਰਾ ਵੱਲੋਂ ਖਬਰ ਅਦਾਰਿਆਂ ਦੇ ਹਵਾਲੇ ਨਾਲ ਛਾਪੀ ਗਈ ਖਬਰ ਵਿਚ ਕਿਹਾ ਗਿਆ ਹੈ ਕਿ ਬਰਤਾਨੀਆ ਵਿਚ ਭਾਰਤੀ ਸ਼ਫਾਰਤਖਾਨੇ (ਹਾਈ ਕਮਿਸ਼ਨ) ਨੇ ਇਸ ਬਾਰੇ ਟਿੱਪਣੀ ਕਰਨ ਲਈ ਕਹੇ ਜਾਣ ਉੱਤੇ ਕੋਈ ਵੀ ਜਵਾਬ ਨਹੀਂ ਦਿੱਤਾ।