Site icon Sikh Siyasat News

ਪਿੰਡ ਜੌਲੀਆਂ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਵਿੱਚ ਵੱਖ-ਵੱਖ ਧਿਰਾਂ ਦੀ ਭੂਮਿਕਾ – ਭਾਗ 2

ਗੱਲ ਸਹੇ ਦੀ ਨਹੀਂ, ਪਹੇ ਦੀ ਹੈ

(ਪਿੰਡ ਜੌਲੀਆਂ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਵਿੱਚ ਵੱਖ-ਵੱਖ ਧਿਰਾਂ ਦੀ ਭੂਮਿਕਾ – ਭਾਗ 2)

ਹੁਣ ਤੱਕ ਕੀ ਵਾਪਰਿਆ?

ਲੰਘੀ 25 ਜੂਨ 2021 ਨੂੰ ਸੰਗਰੂਰ ਜਿਲ੍ਹੇ ਦੇ ਪਿੰਡ ਜੌਲੀਆਂ ਵਿਖੇ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਸਬੰਧ ਵਿੱਚ 27 ਜੂਨ 2021 ਨੂੰ ‘ਮਾਲਵਾ ਸਿੱਖ ਜਥਾ – ਸੰਗਰੂਰ’ ਵੱਲੋਂ ਇਕ ਲੇਖਾ ਜਾਰੀ ਕੀਤਾ ਗਿਆ ਸੀ, ਜਿਸ ਵਿੱਚ 25 ਅਤੇ 26 ਜੂਨ ਨੂੰ ਜੋ ਵਾਪਰਿਆ ਉਸ ਵਿੱਚ ਵੱਖ-ਵੱਖ ਧਿਰਾਂ ਦੀ ਭੂਮਿਕਾ ਬਿਆਨ ਕੀਤੀ ਗਈ ਸੀ। 26 ਜੂਨ ਦੀ ਇਕੱਤਰਤਾ ਵਿੱਚ ਸਿੱਖ-ਜਥੇਬੰਦੀਆਂ ਵੱਲੋਂ ਗੁਰਦੁਆਰਾ ਸਾਹਿਬ ਦੀ ਲੋਕਲ ਕਮੇਟੀ ਨੂੰ ਪਸ਼ਚਾਤਾਪ ਦਾ ਪਾਠ ਕਰਵਾਉਣ ਲਈ ਕਿਹਾ ਗਿਆ ਸੀ ਤਾਂ ਕਿ ਭੋਗ ਵਾਲੇ ਦਿਨ ਸਿੱਖ ਸੰਗਤ ਅਤੇ ਜਥੇਬੰਦੀਆਂ ਦੇ ਵਿਚਾਰ ਲੈ ਕੇ ਕੋਈ ਫੈਸਲੇ ਕੀਤੇ ਜਾ ਸਕਣ ਅਤੇ ਉਦੋਂ ਤੱਕ ਪ੍ਰਸ਼ਾਸ਼ਨ ਨੂੰ ਵੀ ਸਖ਼ਤ ਕਾਰਵਾਈ ਕਰਨ ਲਈ ਕਿਹਾ ਗਿਆ ਸੀ। ਜਿਸ ਤੋਂ ਬਾਅਦ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਅਤੇ ਅਗਲੀ ਇਕੱਤਰਤਾ ਲਈ 4 ਜੁਲਾਈ 2021 ਦਿਨ ਐਤਵਾਰ ਤੈਅ ਹੋਇਆ।

26 ਜੂਨ ਤੋਂ 4 ਜੁਲਾਈ ਤੱਕ ਬਹੁਤ ਸਖਸ਼ੀਅਤਾਂ ਪਿੰਡ ਜੌਲੀਆਂ ਵਿਖੇ ਆਈਆਂ ਜਿਨ੍ਹਾਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਬੀਬੀ ਜਗੀਰ ਕੌਰ ਵੀ ਹਨ। ਇਸ ਤੋਂ ਇਲਾਵਾ ਇਨ੍ਹਾਂ ਦਿਨਾਂ ਵਿੱਚ ਪ੍ਰਸ਼ਾਸ਼ਨ ਨੂੰ ਸਹਿਯੋਗ ਦੇਣ ਅਤੇ ਪ੍ਰਸ਼ਾਸ਼ਨ ਨਾਲ ਤਾਲਮੇਲ ਕਰਨ ਲਈ ਜੋ 6 ਮੈਂਬਰੀ ਕਮੇਟੀ ਬਣਾਈ ਗਈ ਸੀ, ਉਹ ਲਗਾਤਾਰ ਪ੍ਰਸ਼ਾਸ਼ਨ ਨਾਲ ਸੰਪਰਕ ਵਿੱਚ ਰਹੀ ਅਤੇ ਉਸ ਨੇ ਪ੍ਰਸ਼ਾਸ਼ਨ ਦੀ ਸਾਰੀ ਕਾਰਵਾਈ ਨੂੰ ਬੜੀ ਨੇੜਿਉਂ ਵੇਖਿਆ। 27 ਜੂਨ ਤੋਂ 4 ਜੁਲਾਈ ਤੱਕ ‘ਮਾਲਵਾ ਸਿੱਖ ਜਥਾ-ਸੰਗਰੂਰ’ ਵੱਲੋਂ ਸਿੱਖ ਰਵਾਇਤ ਅਨੁਸਾਰ ਅੱਗੇ ਦੀ ਕਾਰਵਾਈ ਮਤਿਆਂ ਦੇ ਰੂਪ ਵਿਚ ਸਿੱਖ ਜਥੇਬੰਦੀਆਂ ਨਾਲ ਲਗਾਤਾਰ ਲੰਮੀਆਂ ਵਿਚਾਰਾਂ ਅਤੇ ਸਹਿਮਤੀ ਨਾਲ ਵਿਉੰਤੀ ਗਈ ਸੀ।

4 ਜੁਲਾਈ 2021 ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਭੋਗ ਉਪਰੰਤ ਭਾਈ ਸੰਦੀਪ ਸਿੰਘ, ਹਜ਼ੂਰੀ ਰਾਗੀ ਦਰਬਾਰ ਸਾਹਿਬ, ਸ੍ਰੀ ਅਮ੍ਰਿਤਸਰ ਦੇ ਜਥੇ ਵੱਲੋਂ ਕੀਰਤਨ ਕੀਤਾ ਗਿਆ ਅਤੇ ਗਿਆਨੀ ਬਲਵਿੰਦਰ ਸਿੰਘ ਵੱਲੋਂ ਅਰਦਾਸ ਕੀਤੀ ਗਈ। ਹੁਕਮਨਾਮਾ ਸਾਹਿਬ ਲੈਣ ਉਪਰੰਤ ਗਿਆਨੀ ਬਲਵਿੰਦਰ ਸਿੰਘ ਨੇ ਕਰੀਬ 10 ਕੁ ਮਿੰਟ ਸੰਗਤਾਂ ਨਾਲ ਇਸ ਮਸਲੇ ਉੱਤੇ ਆਪਣੇ ਵਿਚਾਰਾਂ ਦੀ ਸਾਂਝ ਪਾਈ।

ਜਦੋਂ ਗਿਆਨੀ ਬਲਵਿੰਦਰ ਸਿੰਘ ਆਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕਰ ਰਹੇ ਸਨ ਤਾਂ ਗੁਰਦੁਆਰਾ ਸਾਹਿਬ ਅੰਦਰ ਜੋ ਬਾਕੀ ਮਾਇਕ ਸਨ ਉਹਨਾਂ ਨੂੰ ਬੰਦ ਕਰ ਕੇ ਇਕ ਪਾਸੇ ਰੱਖਿਆ ਜਾ ਰਿਹਾ ਸੀ। ਗਿਆਨੀ ਜੀ ਨੇ ਜਦੋਂ ਸਮਾਪਤੀ ਕੀਤੀ ਤਾਂ ਪ੍ਰਸ਼ਾਸ਼ਨ ਦੇ ਸਹਿਯੋਗ ਲਈ ਬਣਾਈ ਗਈ ਕਮੇਟੀ ਵਿੱਚੋਂ ਭਾਈ ਰਜਿੰਦਰ ਸਿੰਘ ਛੰਨਾ ਨੇ ਖੜੇ ਹੋ ਕੇ ਬਿਨਾਂ ਮਾਈਕ ਦੇ ਸੰਗਤ ਨੂੰ ਫਤਿਹ ਬੁਲਾਈ। ਉਹਨਾਂ ਦੇ ਫਤਿਹ ਬੁਲਾਉਂਦਿਆਂ ਹੀ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਮੁਲਾਜ਼ਮ ਅਤੇ ਪਿੰਡ ਦੇ ਕੁਝ ਵਿਅਕਤੀ ਉਹਨਾਂ ਦੇ ਆਲੇ ਦੁਆਲੇ ਹੋ ਗਏ। ਪਿੰਡ ਦੇ ਕੁਝ ਵਿਅਕਤੀ ਕਹਿਣ ਲੱਗੇ ਕਿ “ਅਸੀਂ ਪਹਿਲਾਂ ਹੀ ਬਹੁਤ ਦੁਖੀ ਹਾਂ, ਸਾਨੂੰ ਹੋਰ ਦੁੱਖ ਨਾ ਦੇਵੋ।” ਭਾਈ ਰਜਿੰਦਰ ਸਿੰਘ ਛੰਨਾ ਕਹਿ ਰਹੇ ਸਨ ਕਿ ਸੰਗਤ ਇੰਨੀ ਦੂਰੋਂ-ਦੂਰੋਂ ਆਈ ਹੈ ਅਤੇ ਸਾਡਾ ਬਤੌਰ ਕਮੇਟੀ ਮੈਂਬਰ ਇਹ ਫਰਜ਼ ਬਣਦਾ ਹੈ ਕਿ ਪ੍ਰਸ਼ਾਸ਼ਨ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਬਾਰੇ ਸੰਗਤ ਨੂੰ ਦੱਸਿਆ ਜਾਵੇ ਪਰ ਉਹਨਾ ਦੀ ਇਹ ਗੱਲ ਕਿਸੇ ਨੇ ਨਾ ਸੁਣੀ। ਇੰਨੇ ਵਿੱਚ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੁਝ ਮੁਲਾਜ਼ਮ ਦੇਗ ਵਰਤਾਉਣ ਲਈ ਕਹਿਣ ਲੱਗੇ ਅਤੇ ਮਾਈਕ ਵਿੱਚ ਸਤਿਨਾਮ ਵਾਹਿਗੁਰੂ ਦਾ ਜਾਪੁ ਸ਼ੁਰੂ ਕਰ ਦਿੱਤਾ ਗਿਆ। ਭਾਈ ਬਲਦੇਵ ਸਿੰਘ ਵਡਾਲਾ ਅਨੁਸਾਰ ਉਹਨਾਂ ਨੂੰ ਗੁਰਦੁਆਰਾ ਸਾਹਿਬ ਦੇ ਅੰਦਰ ਕੀਰਤਨ ਨਾ ਕਰਨ ਦਿੱਤਾ ਗਿਆ। ਸਿੱਖ ਜਥੇਬੰਦੀਆਂ ਦੇ ਆਗੂ ਜੋ ਅੰਦਰ ਮੌਜੂਦ ਸਨ ਉਹ ਬਿਨਾਂ ਕਿਸੇ ਤਕਰਾਰਬਾਜ਼ੀ ਦੇ ਗੁਰਦੁਆਰਾ ਸਾਹਿਬ ਤੋਂ ਬਾਹਰ ਆ ਗਏ।

ਗੁਰਦੁਆਰਾ ਸਾਹਿਬ ਦੇ ਬਾਹਰ ਭਾਈ ਬਲਦੇਵ ਸਿੰਘ ਵਡਾਲਾ ਨੇ ਕੀਰਤਨ ਕੀਤਾ ਅਤੇ ਉਸ ਤੋਂ ਬਾਅਦ ਵੱਖ-ਵੱਖ ਜਥੇਬੰਦੀਆਂ ਅਤੇ ਸੰਗਤ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਵਿੱਚ ਇਕੱਤਰ ਹੋ ਗਈ। ਕੁਝ ਜਥੇਬੰਦੀਆਂ ਦੇ ਆਗੂਆਂ ਨੇ ਪ੍ਰਸ਼ਾਸ਼ਨ ਨੂੰ ਕਿਹਾ ਕਿ ਗੁਰਦੁਆਰਾ ਸਾਹਿਬ ਦੀ ਲੋਕਲ ਕਮੇਟੀ ਉੱਤੇ ਪਰਚਾ ਕੀਤਾ ਜਾਵੇ ਨਹੀਂ ਤਾਂ ਭਵਾਨੀਗੜ੍ਹ ਵਿਖੇ ਬਠਿੰਡਾ-ਚੰਡੀਗੜ੍ਹ ਜਰਨੈਲੀ ਸੜਕ ‘ਤੇ ਆਵਾਜਾਈ ਰੋਕ ਦਿੱਤੀ ਜਾਵੇਗੀ। ਕੁਝ ਸਮੇਂ ਬਾਅਦ ਜਥੇਬੰਦੀਆਂ ਅਤੇ ਸੰਗਤ ਨੇ ਭਵਾਨੀਗੜ੍ਹ ਜਾ ਕੇ ਸੜਕ ਰੋਕ ਦਿੱਤੀ ਅਤੇ ਪ੍ਰਸ਼ਾਸ਼ਨ ਕੋਲ ਤਿੰਨ ਮੰਗਾਂ ਰੱਖੀਆਂ, ਜਿਸ ਵਿੱਚ ਗੁਰਦੁਆਰਾ ਸਾਹਿਬ ਦੀ ਲੋਕਲ ਕਮੇਟੀ ਉੱਤੇ ਪਰਚਾ, ਦੋਸ਼ੀ ਗੁਰਮੇਲ ਕੌਰ ਦੇ ਪਿੱਛੇ ਕੌਣ ਹੈ ਇਹ ਪਤਾ ਕਰਨਾ ਅਤੇ ਇਸ ਮਾਮਲੇ ਵਿੱਚ ਹੋਰ ਸਖਤ ਧਰਾਵਾਂ ਜੋੜਨੀਆਂ। ਦੇਰ ਰਾਤ ਤਕਰੀਬਨ 2 ਕੁ ਵਜੇ ਪ੍ਰਸ਼ਾਸ਼ਨ ਵੱਲੋਂ ਇਹ ਕਿਹਾ ਗਿਆ ਕਿ ਗੁਰਦੁਆਰਾ ਸਾਹਿਬ ਦੀ ਲੋਕਲ ਕਮੇਟੀ ਉੱਤੇ ਅਣਗਹਿਲੀ ਕਰਨ ਕਰਕੇ ‘ਡੀ.ਡੀ.ਆਰ’ ਦਰਜ ਕਰ ਦਿੱਤੀ ਜਾਵੇਗੀ ਜੋ ਤੁਸੀਂ ਸਵੇਰੇ 10 ਵਜੇ ਲੈ ਸਕਦੇ ਹੋ। ਇਸ ਤੋਂ ਇਲਾਵਾ ਇਹ ਕਿਹਾ ਗਿਆ ਕਿ ਇਸ ਮਾਮਲੇ ਪ੍ਰਤੀ ਸਾਨੂੰ 5 ਦਿਨ ਹੋਰ ਦੇਵੋ ਅਤੇ ਜੇਕਰ ਸਾਡੀ ਜਾਂਚ ਤੋਂ ਤੁਸੀਂ ਸੰਤੁਸ਼ਟ ਨਾ ਹੋਏ ਤਾਂ ਕਿਸੇ ਹੋਰ ਅਫ਼ਸਰ ਨੂੰ ਅਸੀਂ ਇਹ ਜਾਂਚ ਸੌਂਪ ਦੇਵਾਂਗੇ। ਇਸ ਗੱਲ ਉੱਤੇ ਸਹਿਮਤੀ ਹੋਣ ਤੋਂ ਬਾਅਦ ਧਰਨਾ ਸਮਾਪਤ ਕਰ ਦਿੱਤਾ ਗਿਆ।

5 ਜੁਲਾਈ ਸਵੇਰੇ 12:23 ਦੇ ਸਮੇਂ ਅਨੁਸਾਰ ਰੋਜ਼ਨਾਮਚਾ – 022 ਦਰਜ ਕੀਤਾ ਗਿਆ ਜਿਸ ਵਿੱਚ ਲਿਖਿਆ ਗਿਆ ਹੈ ਕਿ ਜੌਲੀਆਂ ਪਿੰਡ ਦੀ ਘਟਨਾ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਗ੍ਰੰਥੀ ਸਿੰਘ ਦੀ ਲਾਪਰਵਾਹੀ ਕਰਕੇ ਵਾਪਰੀ ਹੈ ਅਤੇ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੁਕਮਨਾਮੇ ਅਨੁਸਾਰ ਪਿੰਡ ਦੀ ਗੁਰਦੁਆਰਾ ਕਮੇਟੀ ਅਤੇ ਗ੍ਰੰਥੀ ਸਿੰਘ ਵੀ ਦੋਸ਼ੀ ਹਨ, ਇਸ ਲਈ ਇਹਨਾਂ ਉੱਤੇ ਪਰਚਾ ਦਰਜ ਕੀਤਾ ਜਾਵੇ। ਅੱਗੇ ਲਿਖਿਆ ਹੈ ਕਿ ਗੁਰਦੁਆਰਾ ਸਾਹਿਬ ਪਿੰਡ ਜੌਲੀਆਂ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਅੱਗ ਲਗਾਉਣ ਸਬੰਧੀ ਪਹਿਲਾਂ ਹੀ ਮੁਕੱਦਮਾ ਨੰਬਰ 125 ਮਿਤੀ 25.6.21 ਅ/ਧ 295, 295A, 436 IPC ਥਾਣਾ ਭਵਾਨੀਗੜ੍ਹ ਦਰਜ ਰਜਿਸਟਰ ਹੋ ਚੁੱਕਾ ਹੈ ਜੋ ਮੁਕੱਦਮਾ ਉਕਤ ਜੇਰੇ ਤਫਤੀਸ਼ ਹੈ। ਇਹ ਦਰਖ਼ਾਸਤ ਦੀ ਪੜ੍ਹਤਾਲ ਵੀ ਇਸੇ ਮੁਕੱਦਮੇ ਵਿੱਚ ਅਗਲੀ ਕਾਰਵਾਈ ਲਈ ਵਿਚਾਰੀ ਜਾਵੇਗੀ, ਬਾਅਦ ਪੜਤਾਲ ਦਰਖ਼ਾਸਤ ਜੈਸੀ ਸੂਰਤ ਹੋਵੇਗੀ ਵੈਸੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਜਾਂਚ ਕਿੱਥੇ ਖੜੀ ਹੈ?

25 ਜੂਨ ਸ਼ਾਮ ਨੂੰ ਇਸ ਮਾਮਲੇ ਸਬੰਧੀ ਥਾਣਾ ਭਵਾਨੀਗੜ੍ਹ ਵਿਖੇ ਜੌਲੀਆਂ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਬੱਬੀ ਸਿੰਘ ਵੱਲੋਂ ਦੋਸ਼ੀ ਗੁਰਮੇਲ ਕੌਰ ‘ਤੇ ਐਫ.ਆਈ.ਆਰ ਦਰਜ ਕਰਵਾਈ ਗਈ। ਐਫ.ਆਈ.ਆਰ ਨੰਬਰ 0125 ਵਿੱਚ ਧਾਰਾ 295,295-A ਅਤੇ 436 ਲਗਾਈ ਗਈ ਹੈ। ਪ੍ਰਸ਼ਾਸ਼ਨ ਦੇ ਸਹਿਯੋਗ ਅਤੇ ਤਾਲਮੇਲ ਲਈ ਜੋ 6 ਮੈਂਬਰੀ ਕਮੇਟੀ ਬਣਾਈ ਗਈ ਸੀ, ਉਹ ਲਗਾਤਾਰ ਪ੍ਰਸ਼ਾਸ਼ਨ ਨਾਲ ਸੰਪਰਕ ਵਿੱਚ ਰਹੀ ਹੈ। ਇਸ ਕਮੇਟੀ ਦੇ 4 ਮੈਂਬਰ, ਭਾਈ ਅਮਰਜੀਤ ਸਿੰਘ ਕਣਕਵਾਲ, ਭਾਈ ਬਚਿੱਤਰ ਸਿੰਘ ਸੰਗਰੂਰ, ਭਾਈ ਰਜਿੰਦਰ ਸਿੰਘ ਛੰਨਾ ਅਤੇ ਭਾਈ ਰਾਮਪਾਲ ਸਿੰਘ ਬਹਿਣੀਵਾਲ ਪ੍ਰਸ਼ਾਸ਼ਨ ਦੀ ਹੁਣ ਦੀ ਜਾਂਚ ਤੋਂ ਸੰਤੁਸ਼ਟ ਨਹੀ ਹਨ। ਬਾਕੀ ਦੋ ਮੈਂਬਰ ਜੋ ਜੌਲੀਆਂ ਪਿੰਡ ਦੇ ਹੀ ਹਨ, ਜਿੰਨ੍ਹਾਂ ਵਿੱਚ ਇਕ ਮੌਜੂਦਾ ਸਰਪੰਚ ਚਮਕ ਸਿੰਘ ਹੈ ਅਤੇ ਇਕ ਸਾਬਕਾ ਸਰਪੰਚ ਕੁਲਵੰਤ ਸਿੰਘ ਹੈ, ਇਹ ਦੋਵੇਂ ਹੁਣ ਤੱਕ ਦੀ ਜਾਂਚ ਨਾਲ ਆਪਣੇ ਆਪ ਨੂੰ ਸੰਤੁਸ਼ਟ ਦੱਸ ਰਹੇ ਹਨ।

ਪ੍ਰਸ਼ਾਸ਼ਨ ਦੀ ਹੁਣ ਤੱਕ ਦੀ ਕਾਰਵਾਈ ਵਿੱਚ ਇਹੀ ਸਿੱਧ ਹੋਇਆ ਹੈ ਕਿ ਗੁਰਮੇਲ ਕੌਰ ਨੇ ਹੀ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਉਸ ਨੇ ਇਹ ਕਿਸ ਦੇ ਕਹਿਣ ਉੱਤੇ ਕੀਤਾ ਅਤੇ ਹੋਰ ਕੌਣ ਇਸ ਵਿੱਚ ਸ਼ਾਮਿਲ ਹਨ, ਇਹ ਸਵਾਲ ਅਜੇ ਉੱਥੇ ਹੀ ਖੜ੍ਹੇ ਹਨ। ਕਮੇਟੀ ਦੇ 4 ਮੈਂਬਰ ਜਿਹੜੇ ਇਸ ਜਾਂਚ ਨਾਲ ਸੰਤੁਸ਼ਟ ਨਹੀਂ ਹਨ ਉਹਨਾਂ ਮੁਤਾਬਿਕ ਹਰ ਵਾਰ ਸਾਨੂੰ ਘੰਟਿਆਂ ਬੱਧੀ ਬਿਠਾ ਕੇ ਗੁਰਮੇਲ ਕੌਰ ਅਤੇ ਉਸ ਦੇ ਲੜਕੇ ਵੱਲੋਂ ਘੜੀਆਂ ਮਨਘੜਤ ਕਹਾਣੀਆਂ ਹੀ ਸੁਣਾਈਆਂ ਜਾਂਦੀਆਂ ਰਹੀਆਂ ਹਨ।

ਬੇਸ਼ੱਕ ਇਸ ਵਾਰ ਪ੍ਰਸ਼ਾਸ਼ਨ ਆਪਣੀ ਪੁੱਛ-ਗਿੱਛ 6 ਮੈਂਬਰੀ ਕਮੇਟੀ ਦੇ ਸਾਹਮਣੇ ਵੀ ਕਰਦਾ ਰਿਹਾ ਹੈ ਪਰ ਬੀਤੇ ਅਰਸੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਨਾਲ ਸੰਬੰਧਤ ਕਿਸੇ ਵੀ ਮਾਮਲੇ ਵਿੱਚ ਪ੍ਰਸ਼ਾਸ਼ਨ ਦੀ ਕਾਰਗੁਜ਼ਾਰੀ ਨਾਨਕ ਨਾਮ ਲੇਵਾ ਸੰਗਤ ਦੀ ਸੰਤੁਸ਼ਟੀ ਅਨੁਸਾਰ ਨਿਆਂ ਕਰਨ ਵਿੱਚ ਕਾਮਯਾਬ ਨਹੀਂ ਰਹੀ ਹੈ, ਇਹ ਵੀ ਇਕ ਕਾਰਨ ਹੈ ਕਿ ਪ੍ਰਸ਼ਾਸ਼ਨ ਆਪਣੀ ਭਰੋਸੇਯੋਗਤਾ ਗਵਾ ਚੁੱਕਾ ਹੈ। ਇਸ ਤੋਂ ਇਲਾਵਾ 6 ਮੈਂਬਰੀ ਕਮੇਟੀ ਵਿੱਚੋਂ 4 ਮੈਂਬਰ ਇਸ ਗੱਲ ਉੱਤੇ ਸਹਿਮਤ ਹਨ ਕਿ ਇਸ ਮਸਲੇ ਵਿੱਚ ਵੀ ਪੁਲਿਸ ਜਿਸ ਤਰੀਕੇ ਪੁੱਛ-ਗਿੱਛ ਕਰ ਰਹੀ ਹੈ ਉਹ ਤਸੱਲੀ ਬਖ਼ਸ਼ ਨਹੀਂ ਹੈ। ਇਸ ਲਈ ਇੰਡੀਆ ਦੀ ਕਨੂੰਨ ਪ੍ਰਣਾਲੀ ਰਾਹੀਂ ਪ੍ਰਸ਼ਾਸ਼ਨੀ ਕਾਰਵਾਈ ਦੇ ਅਮਲ ਅਤੇ ਦਾਅਵਿਆਂ ਉੱਤੇ ਅੱਖ ਬੰਦ ਕਰਕੇ ਭਰੋਸਾ ਨਹੀਂ ਕੀਤਾ ਜਾਣਾ ਚਾਹੀਦਾ। ਸੋ, ਬੀਤੇ ਤੋਂ ਸਬਕ ਲੈਂਦੇ ਹੋਏ ਸਾਨੂੰ ਇਸ ਮਸਲੇ ‘ਚ ਨਾਨਕ ਨਾਮ ਲੇਵਾ ਸੰਗਤ ਦੀ ਸੰਤੁਸ਼ਟੀ ਅਨੁਸਾਰ ਪੂਰਨ ਨਿਆਂ ਮਿਲਣ ਤੱਕ ਇਸ ਮਾਮਲੇ ਦੀ ਨਿਗਰਾਨੀ ਕਰਨ ਦੀ ਲੋੜ ਹੈ। ਜੇਕਰ ਇੰਡੀਅਨ ਪੁਲਿਸ ਅਤੇ ਅਦਾਲਤਾਂ ਨਾਨਕ ਨਾਮ ਲੇਵਾ ਸੰਗਤ ਦੀ ਸੰਤੁਸ਼ਟੀ ਅਨੁਸਾਰ ਨਿਆਂ ਕਰਨ ਵਿੱਚ ਅਸਫਲ ਹੁੰਦੀਆਂ ਹਨ ਤਾਂ ਗੁਰੂ ਸਾਹਿਬ ਦੇ ਅਦਬ ਸਬੰਧੀ ‘ਗੁਰੂ ਖਾਲਸਾ ਪੰਥ’ ਨੂੰ ਆਪਣੀ ਰਵਾਇਤ ਅਨੁਸਾਰ ਫੈਸਲੇ ਕਰ ਕੇ ਖੁਦ ਇਨਸਾਫ ਕਰਨਾ ਚਾਹੀਦਾ ਹੈ।

ਗੁਰੂ ਖਾਲਸਾ ਪੰਥ ਵਿੱਚ ਫੈਸਲੇ ਸੰਗਤੀ ਰੂਪ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਚ-ਪ੍ਰਧਾਨੀ ਅਗਵਾਈ ਪ੍ਰਣਾਲੀ ਤਹਿਤ ਕੀਤੇ ਜਾਂਦੇ ਹਨ। ਗੁਰੂ ਖਾਲਸਾ ਪੰਥ ਦੀ ਪਰੰਪਰਾ ਵਿੱਚ ਪੰਜ ਸਿੰਘ ਸਾਹਿਬ ਗੁਰ-ਸੰਗਤਿ ਦੇ ਵਿਚਾਰ ਸੁਣਦੇ ਹਨ। ਗੁਰਬਾਣੀ ਅਤੇ ਤਵਾਰੀਖ ਦੀ ਅੰਤਰ-ਦ੍ਰਿਸ਼ਟੀ ਨਾਲ ਨਤੀਜੇ ਉਪਰ ਪਹੁੰਚਦੇ ਹਨ। ਪੰਜ ਸਿੰਘ ਸਾਹਿਬਾਨ ਦਾ ਹੁਕਮ ਅੰਤਿਮ ਹੁੰਦਾ ਹੈ। ਫੈਸਲਾ ਲੈਣ ਵਾਲੇ ਪੰਜ ਸਿੰਘ ਸਾਹਿਬ ਮੌਕੇ ‘ਤੇ ਹੀ ਸੰਗਤ ਵਿੱਚੋਂ ਚੁਣੇ ਜਾਂਦੇ ਹਨ ਅਤੇ ਅੰਤਮ ਫੈਸਲਾ ਲੈਣ ਤੋਂ ਬਾਅਦ ਮੁੜ ਸੰਗਤ ਦਾ ਹੀ ਹਿੱਸਾ ਬਣ ਜਾਂਦੇ ਹਨ।

ਵੱਖ-ਵੱਖ ਧਿਰਾਂ ਦੀ ਭੂਮਿਕਾ:

1. ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ: 25 ਜੂਨ 2021 ਨੂੰ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਵੱਲੋਂ ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਕਾਹਲ ਨਾਲ ਮਾਮਲਾ ਰਫ਼ਾ-ਦਫ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਬੇਅਦਬੀ ਤੋਂ ਬਾਅਦ ਕਾਹਲ ਨਾਲ ਗੁਰੂ ਸਾਹਿਬ ਦਾ ਸਰੂਪ ਸ੍ਰੀ ਗੋਇੰਦਵਾਲ ਰਵਾਨਾ ਕਰ ਦਿੱਤਾ ਗਿਆ ਜੋ ਸੰਗਤਾਂ ਅਤੇ ਜਥੇਬੰਦੀਆਂ ਦੇ ਉੱਦਮ ਨਾਲ ਵਾਪਸ ਮੰਗਵਾਇਆ ਗਿਆ। ਫਿਰ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਗੁਰਦੁਆਰਾ ਸਾਹਿਬ ਲਈ 10 ਲੱਖ ਦੀ ਵਿੱਤੀ ਸਹਾਇਤਾ ਦਿੱਤੀ ਗਈ, ਜਿੰਨਾ ਨੇ ਸੱਚਖੰਡ ਵਿਚੋਂ ਗੁਰੂ ਸਾਹਿਬ ਦੇ ਸਰੂਪ ਕੱਢੇ ਸਨ ਓਹਨਾ ਨੂੰ 13-13 ਹਜ਼ਾਰ ਰੁਪਏ ਦਿੱਤੇ ਗਏ ਅਤੇ ਪਿੰਡ ਦੇ ਦੋ ਸਿੰਘਾਂ ਨੂੰ ਸ਼੍ਰੋਮਣੀ ਕਮੇਟੀ ਵਿੱਚ ਨੌਕਰੀ ਦੇ ਕੇ ਉਹਨਾਂ ਨੂੰ ਪਿੰਡ ਦੇ ਗੁਰਦੁਆਰਾ ਸਾਹਿਬ ਦੀ ਜਿੰਮੇਵਾਰੀ ਦੇਣ ਦਾ ਐਲਾਨ ਕੀਤਾ ਗਿਆ। 4 ਜੁਲਾਈ 2021 ਦੀ ਇਕੱਤਰਤਾ ਵਾਲੇ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮਾਂ ਨੇ ਪਿੰਡ ਦੇ ਕੁਝ ਵਿਅਕਤੀਆਂ ਅਤੇ ਪਿੰਡ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਮਿਲ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਵਿਚਾਰਾਂ ਕਰ ਕੇ ਸਾਂਝੇ ਫੈਸਲੇ ਲੈਣ ਦੀ ਖਾਲਸਾ ਪੰਥ ਦੀ ਰਵਾਇਤ ਦੇ ਉਲਟ ਜਾ ਕੇ ਮਾਈਕ ਬੰਦ ਕੀਤੇ ਅਤੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਰੌਲਾ ਪਾ/ਪਵਾ ਕੇ ਮਰਿਯਾਦਾ ਭੰਗ ਕੀਤੀ ਗਈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣੇ ਅਮਲ ਉੱਤੇ ਇਮਾਨਦਾਰੀ ਨਾਲ ਝਾਤ ਮਾਰਨੀ ਚਾਹੀਦੀ ਹੈ। ਇਹ ਮਸਲਾ ਨਾ ਸਿਰਫ ਪਿੰਡ ਦਾ ਹੈ ਅਤੇ ਨਾ ਹੀ ਸਿਰਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਿੰਡਾਂ ਦੇ ਗੁਰਦੁਆਰਾ ਪ੍ਰਬੰਧ ਵਿੱਚ ਲੋੜੀਂਦੇ ਸੁਧਾਰ ਲਈ ਸਹਿਯੋਗ ਕਰਨ ਜਾਂ ਗੁਰੂ ਦੇ ਦੋਸ਼ੀਆਂ ਨੂੰ ਖਾਲਸਾਈ ਰਵਾਇਤਾਂ ਅਨੁਸਾਰ ਸਜਾ ਦੇਣ ਦੀ ਥਾਂ ਸਿੱਖ ਸੰਗਤ ਨਾਲ ਓਪਰਿਆਂ ਵਾਲਾ ਵਰਤਾਓ ਕਰਨਾ ਬਹੁਤ ਸ਼ਰਮਨਾਕ ਵਰਤਾਰਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪਿੰਡਾਂ-ਸ਼ਹਿਰਾਂ ਦੇ ਗੁਰਦੁਆਰਿਆਂ ਵਿੱਚ ਜਾ ਕੇ ਮਰਿਯਾਦਾ ਵੇਖਣੀ ਚਾਹੀਦੀ ਹੈ। ਜਿੱਥੇ ਪਹਿਰਾ ਢਿੱਲਾ ਹੈ ਉੱਥੇ ਮਰਿਯਾਦਾ ਲਾਗੂ ਕਰਵਾਈ ਜਾਵੇ ਅਤੇ ਨਾ ਲਾਗੂ ਹੋਣ ਦੀ ਸੂਰਤ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਉੱਥੋਂ ਵਾਪਿਸ ਲੈ ਲੈਣੇ ਚਾਹੀਦੇ ਹਨ। ਜਿਸ ਤਰੀਕੇ ਟਾਸਕ ਫੋਰਸ ਦੀ ਹੋਰਨਾਂ ਮਸਲਿਆਂ ਵਿੱਚ ਜਿੰਮੇਵਾਰੀ ਲਾਈ ਜਾਂਦੀ ਹੈ ਉਸੇ ਤਰ੍ਹਾਂ ਗੁਰੂ ਪਾਤਿਸਾਹ ਦੇ ਅਦਬ ਸਬੰਧੀ ਵੀ ਜਿੱਥੇ ਸਖਤੀ ਦੀ ਲੋੜ ਪਵੇ ਉੱਥੇ ਪ੍ਰਸ਼ਾਸ਼ਨ ਨੂੰ ਮਿੰਨਤਾਂ ਕਰਨ ਦੀ ਥਾਂ ਟਾਸਕ ਫੋਰਸ ਰਾਹੀਂ ਮਰਿਯਾਦਾ ਬਹਾਲ ਕਰਵਾਉਣੀ ਚਾਹੀਦੀ ਹੈ। ਬੀਬੀ ਜਗੀਰ ਕੌਰ ਵੱਲੋਂ ਜੌਲੀਆਂ ਪਿੰਡ ਦੇ ਗੁਰਦੁਆਰਾ ਸਾਹਿਬ ਲਈ ਵਧੀਆ ਉੱਦਮ ਕੀਤਾ ਹੈ ਪਰ ਇਹ ਘਟਨਾ ਕਿਉਂ ਵਾਪਰੀ ਇਸ ਗੱਲ ਨੂੰ ਅੱਖੋਂ ਪਰੋਖੇ ਕਰਨਾ ਅਤੇ ਕਸੂਰਵਾਰ ਵਿਅਕਤੀ ਲੱਭ ਕੇ ਕੋਈ ਵੀ ਅਨੁਸ਼ਾਸ਼ਨੀ ਕਾਰਵਾਈ ਨਾ ਕਰਨਾ ਬਹੁਤ ਗਲਤ ਗੱਲ ਹੈ। ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਚਲਾਕੀ ਅਤੇ ਜਬਰ ਨਾਲ ਵਿਚਾਰਾਂ ਕਰਨ ਤੋਂ ਰੋਕਣ ਦਾ ਅਮਲ ਭਵਿੱਖ ਵਿੱਚ ਬਹੁਤ ਨੁਕਸਾਨਦੇਹ ਸਿੱਧ ਹੋਵੇਗਾ, ਜਿੱਥੇ ਵੀ ਅਜਿਹੀ ਘਟਨਾ ਵਾਪਰੇਗੀ ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪਿੰਡ ਰਲ ਕੇ ਸਾਰੇ ਮਾਮਲੇ ਨੂੰ ਰਫ਼ਾ-ਦਫ਼ਾ ਕਰ ਦਿਆ ਕਰਨਗੇ। ਇਸ ਪੁੱਠੀ ਪਿਰਤ ਨੂੰ ਵਕਤ ਸਿਰ ਰੋਕਣਾ ਬਹੁਤ ਜਰੂਰੀ ਹੈ।

(ਪਿੰਡ ਜੌਲੀਆਂ ਵਿਖੇ ਗੁਰੂ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿੱਚ ਵੱਖ-ਵੱਖ ਧਿਰਾਂ ਦੀ ਭੂਮਿਕਾ ਸਬੰਧੀ ਮਾਲਵਾ ਸਿੱਖ ਜੱਥਾ(ਸੰਗਰੂਰ) ਵੱਲੋਂ ਰਿਪੋਰਟ ਜਾਰੀ : ਭਾਗ 1)

2. ਪਿੰਡ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪਿੰਡ ਵਾਸੀ: ਇਸ ਮਸਲੇ ਵਿੱਚ ਪਿੰਡ ਦੀ ਗੁਰਦੁਆਰਾ ਕਮੇਟੀ ਨੇ ਹੁਣ ਤੱਕ ਕੋਈ ਵੀ ਵਿਭਾਗੀ ਕਾਰਵਾਈ ਨਹੀਂ ਕੀਤੀ, ਨਾ ਹੀ ਆਪਣੀ ਅਣਗਹਿਲੀ ਕਾਰਨ ਇਹ ਘਟਨਾ ਵਾਪਰਨ ਦੀ ਗੱਲ ਸਮੂਹਿਕ ਰੂਪ ਵਿੱਚ ਸਵੀਕਾਰ ਕਰ ਕੇ ਆਪਣੇ ਆਹੁਦੇ ਤਿਆਗ ਕੇ ਗੁਰੂ ਮਹਾਰਾਜ ਅਤੇ ਸਿੱਖ-ਸੰਗਤ ਦੇ ਸਾਹਮਣੇ ਸਿਰ ਝੁਕਾਇਆ ਹੈ ਅਤੇ ਨਾ ਹੀ ਅਕਾਲ ਤਖ਼ਤ ਸਾਹਿਬ, ਸ੍ਰੀ ਅੰਮ੍ਰਿਤਸਰ ਜਾ ਕੇ ਪੰਜ ਸਿੰਘਾਂ ਕੋਲ ਪੇਸ਼ ਹੋ ਕੇ ਆਪਣੀ ਭੁੱਲ ਬਖਸ਼ਾਈ ਹੈ। ਸਗੋਂ ਉਲਟਾ 4 ਜੁਲਾਈ ਦੇ ਸਮਾਗਮ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਰਿਯਾਦਾ ਭੰਗ ਕਰਨ ਦੇ ਅਮਲ ਵਿੱਚ ਪੂਰਾ-ਪੂਰਾ ਸਹਿਯੋਗ ਦਿੱਤਾ। ਪਿੰਡ ਦੀ ਸਮੂਹਿਕ ਰੂਪ ਵਿੱਚ ਚੁੱਪ ਵੀ ਇਸ ਘਟੀਆ ਹਰਕਤ ਦੇ ਹੱਕ ਵਿੱਚ ਭੁਗਤੀ ਹੈ। 1956 ਵਿੱਚ ਰੇਲ ਹਾਦਸਾ ਹੋ ਜਾਣ ਕਰਕੇ ਰੇਲ ਮੰਤਰੀ ਲਾਲ ਬਹਾਦਰ ਸ਼ਾਸ਼ਤਰੀ ਵੀ ਨੈਤਿਕ ਤੌਰ ਉੱਤੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੰਦਾ ਹੈ ਪਰ ਅਸੀਂ ਗੁਰੂ ਸਾਹਿਬ ਦੇ ਅਦਬ ਸਬੰਧੀ ਆਪਣੀ ਲਾਪਰਵਾਹੀ ਨੂੰ ਲੁਕਾਉਣ ਦੇ ਲਗਾਤਾਰ ਯਤਨ ਕਰਦੇ ਹਾਂ। ਤਵਾਰੀਖ ਗਵਾਹ ਹੈ ਕਿ ਗੁਰੂ ਪਾਤਿਸਾਹ ਲਈ ਗੁਰੂ ਦੇ ਸਿੱਖ ਆਪਣਾ ਸੀਸ ਭੇਂਟ ਕਰਦੇ ਰਹੇ ਹਨ ਪਰ ਜੌਲੀਆਂ ਪਿੰਡ ਦੀ ਗੁਰਦੁਆਰਾ ਕਮੇਟੀ ਵੱਲੋਂ ਗੁਰੂ ਦੇ ਅਦਬ ਸਤਿਕਾਰ ਸਬੰਧੀ ਆਪਣੀ ਅਣਗਹਿਲੀ ਕਾਰਨ ਗੁਰੂ ਮਹਾਰਾਜ ਅਤੇ ਸਿੱਖ-ਸੰਗਤ ਅੱਗੇ ਸਿਰ ਨਾ ਝੁਕਾਉਣਾ, ਬਹੁਤ ਹੀ ਸ਼ਰਮਨਾਕ ਗੱਲ ਹੈ।
ਪਿੰਡ ਦੇ ਕੁਝ ਵਿਅਕਤੀ ਬਿਆਨ ਦੇ ਰਹੇ ਹਨ ਕਿ ਸਿੱਖ-ਜਥੇਬੰਦੀਆਂ ਨੇ ਸਾਡੇ ਨਾਲ ਰਾਬਤਾ ਬਣਾ ਕੇ ਇਹ ਗੱਲ ਨਹੀਂ ਦੱਸੀ ਕਿ 4 ਜੁਲਾਈ ਨੂੰ ਉਹਨਾਂ ਨੇ ਆਪਣੇ ਵਿਚਾਰ ਰੱਖਣੇ ਹਨ। ਇਸ ਗੱਲ ਵਿੱਚ ਸਿਰਫ ਝੂਠ ਹੀ ਨਹੀਂ ਹੈ ਬਲਕਿ ਫਰੇਬ ਵੀ ਹੈ। 2 ਜੁਲਾਈ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਪ੍ਰਕਾਸ਼ ਵਾਲੇ ਦਿਨ ਕੁਝ ਜਥੇਬੰਦੀਆਂ ਨੇ ਪਿੰਡ ਦੇ ਸਾਬਕਾ ਸਰਪੰਚ ਨੂੰ ਗੁਰਦੁਆਰਾ ਕਮੇਟੀ, ਮੌਜੂਦਾ ਅਤੇ ਸਾਬਕਾ ਸਰਪੰਚ ਨਾਲ ਕੁਝ ਵਿਚਾਰਾਂ ਕਰਨ ਲਈ ਕਿਹਾ ਸੀ ਪਰ ਉਸ ਨੇ ਕਿਹਾ ਕਿ ਪਹਿਲਾਂ ਤੁਸੀਂ ਪ੍ਰਸ਼ਾਦਾ ਛਕੋ। ਉਸ ਤੋਂ ਬਾਅਦ ਸਰਪੰਚ ਅਤੇ ਕਮੇਟੀ ਪ੍ਰਧਾਨ ਗੁਰਦੁਆਰਾ ਸਾਹਿਬ ਤੋਂ ਚਲੇ ਗਏ ਅਤੇ ਮੁੜ ਰਾਬਤਾ ਬਣਾਉਣਾ ਉਹਨਾਂ ਨੇ ਮੁਨਾਸਿਫ਼ ਨਾ ਸਮਝਿਆ। ਦੂਸਰਾ, ਜੇਕਰ ਇਹ ਵਿਅਕਤੀ ਸੱਚੇ ਹਨ ਤਾਂ 4 ਜੁਲਾਈ ਨੂੰ ਜਦੋਂ ਭਾਈ ਰਜਿੰਦਰ ਸਿੰਘ ਛੰਨਾ ਨੇ ਫਤਹਿ ਬੁਲਾ ਕੇ ਆਪਣੀ ਗੱਲ ਰੱਖਣੀ ਚਾਹੀ ਤਾਂ ਜਿਸ ਤਰੀਕੇ ਇਹਨਾਂ ਨੇ ਉਸ ਉੱਤੇ ਧਾਵਾ ਬੋਲਿਆ, ਉਹ ਇਸ ਤਰ੍ਹਾਂ ਕਦੇ ਵੀ ਨਹੀਂ ਸੀ ਹੋਣਾ।

3. ਸਿੱਖ-ਜਥੇਬੰਦੀਆਂ: 4 ਜੁਲਾਈ ਨੂੰ ਜਦੋਂ ਇਹ ਗੱਲ ਸਪਸ਼ਟ ਹੋ ਗਈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਿੰਡ ਦੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਪਿੰਡ ਦੇ ਕੁਝ ਵਿਅਕਤੀਆਂ ਨਾਲ ਮਿਲ ਕੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਵਿਚਾਰਾਂ ਕਰਨ ਦੀ ਰਵਾਇਤ ਦੇ ਉਲਟ ਜਾਣ ਦੀ ਜਿੱਦ ਫੜ੍ਹ ਲਈ ਹੈ ਤਾਂ ਗੁਰੂ ਪਾਤਿਸਾਹ ਦੀ ਹਜ਼ੂਰੀ ਵਿੱਚ ਗੁਰੂ ਦੇ ਅਦਬ ਸਤਿਕਾਰ ਨੂੰ ਮੁੱਖ ਰੱਖਦਿਆਂ ਸਿੱਖ-ਜਥੇਬੰਦੀਆਂ ਚੁੱਪ-ਚਾਪ ਬਾਹਰ ਆ ਗਈਆਂ ਜੋ ਬਹੁਤ ਹੀ ਸ਼ਲਾਗਾਯੋਗ ਹੈ। ਪਰ ਉਸ ਤੋਂ ਬਾਅਦ ਪੰਥਕ ਰਵਾਇਤ ਅਨੁਸਾਰ ਫੈਸਲੇ ਲੈਣ ਦੀ ਘਾਟ ਕਾਰਨ ਅਤੇ ਕੁਝ ਸਖਸ਼ੀਅਤਾਂ ਦਾ ਨਿੱਜੀ ਵਿਚਾਰ ਭਾਰੂ ਪੈ ਜਾਣ ਕਰਕੇ ਮੁੜ ਕੁਝ ਫੈਸਲੇ ਸਹੀ ਨਾ ਲਏ ਜਾ ਸਕੇ।

ਇਸ ਵਿੱਚ ਕੋਈ ਦੋ-ਰਾਇ ਨਹੀਂ ਕਿ ਪਿੰਡ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਮਾਮਲੇ ਵਿੱਚ ਲਾਪਰਵਾਹੀ ਵਰਤਣ ਕਰਕੇ ਕਸੂਰਵਾਰ ਹੈ ਪਰ ਉਸ ਨੂੰ ਸਜ਼ਾ ਪੰਥਕ ਰਵਾਇਤਾਂ ਅਨੁਸਾਰ ਦੇਣੀ ਚਾਹੀਦੀ ਹੈ। ਗੁਰਦੁਆਰਾ ਸਾਹਿਬਾਨ ਦੇ ਅੰਦਰੂਨੀ ਮਸਲਿਆਂ ਵਿੱਚ ਪੁਲਸ ਦੀ ਦਖਲਅੰਦਾਜ਼ੀ ਜਾਇਜ਼ ਨਹੀਂ ਹੈ ਕਿਉਂਕਿ ਇਹ ਸਾਡੀ ਰਵਾਇਤ ਦੇ ਉਲਟ ਹੈ। ਸਿੱਖ-ਜਥੇਬੰਦੀਆਂ ਨੂੰ ਪੰਥਕ ਰਵਾਇਤ ਮੁੜ ਬਹਾਲ ਕਰਨ ਦੇ ਰਾਹ ਪੈਣਾ ਚਾਹੀਦਾ ਹੈ।

ਅਖੀਰ ਵਿੱਚ:
ਇਸ ਮਸਲੇ ਵਿੱਚ ਹੁਣ ਤੱਕ ਦੀਆਂ ਘਟਨਾਵਾਂ ਵਿੱਚੋਂ ਇਹ ਗੱਲ ਸਾਫ ਹੁੰਦੀ ਹੈ ਕਿ ਦੋ ਧਿਰਾਂ ਅਜਿਹੀਆਂ ਹਨ ਜਿੰਨ੍ਹਾਂ ਉੱਤੇ ਬਾਕੀ ਸਭ ਨਾਲੋਂ ਵੱਧ ਜਿੰਮੇਵਾਰੀ ਹੈ, ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖ-ਜਥੇਬੰਦੀਆਂ ਹਨ। ਇਹਨਾਂ ਦੋਵਾਂ ਨੂੰ ਹੀ ਆਪਣੇ ਅਮਲ ਉੱਤੇ ਇਮਾਨਦਾਰੀ ਨਾਲ ਝਾਤ ਮਾਰਨ ਦੀ ਬਹੁਤ ਲੋੜ ਹੈ।

ਸਿੱਖ ਜਥੇਬੰਦੀਆਂ ਆਪਣੀ ਰਵਾਇਤ ਅਨੁਸਾਰ ਫੈਸਲੇ ਲੈਣ ਵਿੱਚ ਨਾਕਾਮਯਾਬ ਰਹੀਆਂ ਹਨ। ਅਜਿਹਾ ਭਵਿੱਖ ਵਿੱਚ ਵੀ ਵਾਪਰਦਾ ਰਹੇਗਾ ਕਿ ਜਿਸ ਤਰ੍ਹਾਂ ਦੇ ਹਾਲਾਤ ਸੋਚੇ ਹੋਣ, ਮੌਕੇ ਉੱਤੇ ਉਹ ਬਿਲਕੁਲ ਉਸ ਦੇ ਉਲਟ ਹੋ ਜਾਣ ਪਰ ਸਿੱਖ-ਜਥੇਬੰਦੀਆਂ ਅਤੇ ਉਹ ਸਖਸ਼ੀਅਤਾਂ ਜਿੰਨ੍ਹਾਂ ਨੇ ਫੈਸਲੇ ਲੈਣੇ ਜਾਂ ਪ੍ਰਭਾਵਿਤ ਕਰਨੇ ਹੁੰਦੇ ਹਨ ਉਹਨਾਂ ਨੇ ਹਰ ਹਾਲ ਪੰਥਕ ਰਵਾਇਤ ਤੋਂ ਸੇਧ ਲੈ ਕੇ ਹੀ ਫੈਸਲੇ ਕਰਨੇ ਹੁੰਦੇ ਹਨ। ਇਸ ਪੱਖ ਤੋਂ ਸਾਨੂੰ ਆਪਣੀਆਂ ਕਮਜ਼ੋਰੀਆਂ ਲੱਭ ਕੇ ਉਨ੍ਹਾਂ ਨੂੰ ਦੂਰ ਕਰਨ ਦੇ ਯਤਨ ਕਰਨੇ ਚਾਹੀਦੇ ਹਨ। ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ, ਜੋ ਕਿ ਕੁੱਲ ਆਲਮ ਨੂੰ ਨਿਆਂ ਕਰਨ ਦੇ ਸਮਰੱਥ ਹਨ, ਉਨ੍ਹਾਂ ਬਾਬਤ ਨਿਆਂ ਦੀ ਟੇਕ ਦੁਨਿਆਵੀ ਇਕਾਈਆਂ ‘ਤੇ ਰੱਖਣੀ ਬਹੁਤ ਛੋਟੀ ਗੱਲ ਹੈ। ਜਥੇਬੰਦੀਆਂ ਅਤੇ ਸਿੱਖ ਸ਼ਖ਼ਸੀਅਤਾਂ ਇਹੋ ਜਿਹੇ ਹਰ ਮਸਲੇ ਵਿੱਚ ਨਿਆਂ ਦੀ ਆਸ ਇਨ੍ਹਾਂ ਇਕਾਈਆਂ ਉੱਤੇ ਰੱਖਦੀਆਂ ਹਨ ਅਤੇ ਮੁਲਕ ਦਾ ਕਨੂੰਨ ਹਰ ਵਾਰ ਇਨ੍ਹਾਂ ਨਾਲ ਠਿੱਠ ਕਰਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਬੰਧੀ ਸਿੱਖ ਸ਼ਖ਼ਸੀਅਤਾਂ, ਜਥੇਬੰਦੀਆਂ ਅਤੇ ਕਮੇਟੀਆਂ ਨੂੰ ਮਿਲ ਕੇ ਪੰਚ ਪ੍ਰਧਾਨੀ ਪ੍ਰਣਾਲੀ ਤਹਿਤ ਆਪਣੇ ਫੈਸਲੇ ਲੈਣੇ ਚਾਹੀਦੇ ਹਨ ਅਤੇ ਨਿਆਂ ਕਰਨ ਦੀ ਪੰਥਕ ਰਵਾਇਤ ਮੁੜ ਬਹਾਲ ਕਰਨੀ ਚਾਹੀਦੀ ਹੈ।

ਇਸ ਵਾਰ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਮਲ ਰਿਹਾ ਉਹ ਬਹੁਤ ਹੀ ਜਿਆਦਾ ਨਿਘਾਰ ਵਾਲਾ ਅਤੇ ਸ਼ਰਮਨਾਕ ਹੈ। ਗੁਰੂ ਪਾਤਿਸਾਹ ਦੀ ਹਜ਼ੂਰੀ ਵਿੱਚ ਜਿਸ ਤਰ੍ਹਾਂ ਜਬਰ ਅਤੇ ਚਲਾਕੀ ਵਰਤੀ ਗਈ ਉਹ ਭਵਿੱਖ ਵਿੱਚ ਬੇਅਦਬੀਆਂ ਨੂੰ ਰੋਕਣ ਦੀ ਥਾਂ ਹੋਰ ਵਧਾਉਣ ਦਾ ਮੁੱਢ ਬੰਨ੍ਹੇਗੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਗਲਤੀ ਦੁਹਰਾਉਣੀ ਨਹੀਂ ਚਾਹੀਦੀ। ਪਰ ਜੇਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਅਮਲ ਭਵਿੱਖ ਵਿੱਚ ਵੀ ਜਾਰੀ ਰੱਖਦੀ ਹੈ ਤਾਂ ਸਿੱਖ ਜਥੇਬੰਦੀਆਂ ਅਤੇ ਸਿੱਖ ਸੰਗਤ ਨੂੰ ਇਸ ਉੱਤੇ ਸਖ਼ਤ ਫੈਸਲੇ ਲੈਣ ਦੀ ਲੋੜ ਹੈ।

ਇੱਥੇ ਗੱਲ ਸਹੇ ਦੀ ਨਹੀਂ, ਪਹੇ ਦੀ ਹੈ।

ਜਾਰੀ ਕਰਤਾ: ਮਾਲਵਾ ਸਿੱਖ ਜਥਾ – ਸੰਗਰੂਰ
6 ਜੁਲਾਈ 2021

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version