ਬਠਿੰਡਾ (1 ਦਸੰਬਰ, 2015): ਪਿਛਲੇ ਦਿਨੀ ਪਿੰਡ ਹਮੀਰਗੜ੍ਹ ਵਿੱਚ ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ’ਤੇ ਹਮਲਾ ਕਰਨ ਦੇ ਦੋਸ਼ਾਂ ਅਧੀਨ ਗ੍ਰਿਫਤਾਰ ਬਜ਼ੁਰਗ ਜਰਨੈਲ ਸਿੰਘ ਅੱਜ ਬਠਿੰਡਾ ਜੇਲ੍ਹ ਵਿੱਚੋਂ ਜ਼ਮਾਨਤ ’ਤੇ ਰਿਹਾਅ ਹੋ ਗਿਆ ਹੈ। ਰਾਮਪੁਰਾ ਫੂਲ ਦੀ ਰੁਚੀ ਕੰਬੋਜ (ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ) ਦੀ ਅਦਾਲਤ ਨੇ 30 ਨਵੰਬਰ ਨੂੰ ਜਰਨੈਲ ਸਿੰਘ ਨੂੰ ਜ਼ਮਾਨਤ ’ਤੇ ਰਿਹਾਅ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਸਨ।
ਦੱਸਣਯੋਗ ਹੈ ਕਿ ਜਰਨੈਲ ਸਿੰਘ ਨੇ ਪਿੰਡ ਹਮੀਰਗੜ੍ਹ ਵਿੱਚ 20 ਨਵੰਬਰ ਨੂੰ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ’ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਸ ਮਗਰੋਂ ਮਲੂਕਾ ਦੇ ਹਮਾਇਤੀਆਂ ਨੇ ਉਸਦੀ ਬੂਰੀ ਤਰਾਂ ਕੁੱਟਮਾਰ ਕੀਤੀ ਸੀ।ਥਾਣਾ ਦਿਆਲਪੁਰਾ ਦੀ ਪੁਲੀਸ ਨੇ ਐਫ.ਆਈ.ਆਰ. ਨੰਬਰ 180 ਤਹਿਤ ਜਰਨੈਲ ਸਿੰਘ ਖ਼ਿਲਾਫ਼ ਧਾਰਾ 353, 186, 120 ਬੀ ਲਗਾ ਕੇ ਕੇਸ ਦਰਜ ਕਰ ਦਿੱਤਾ ਸੀ।
ਬਜ਼ੁਰਗ ਜਰਨੈਲ ਸਿੰਘ ਦੀ ਕੁੱਟਮਾਰ ਹੋਣ ਕਰਕੇ ਸੱਟਾਂ ਲੱਗੀਆਂ ਸਨ ਤੇ ੳੁਸ ਦਾ ਫ਼ਰੀਦਕੋਟ ਵਿੱਚ ਇਲਾਜ ਚੱਲ ਰਿਹਾ ਸੀ। ਦਿਆਲਪੁਰਾ ਪੁਲੀਸ ਨੇ ਬਜ਼ੁਰਗ ਜਰਨੈਲ ਸਿੰਘ ਨੂੰ 28 ਨਵੰਬਰ ਨੂੰ ਹਸਪਤਾਲ ਵਿੱਚੋਂ ਹੀ ਗ੍ਰਿਫ਼ਤਾਰ ਕਰ ਲਿਆ ਸੀ। ਫੂਲ ਅਦਾਲਤ ਨੇ ਪੁਲੀਸ ਨੂੰ ਰਿਮਾਂਡ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ 30 ਨਵੰਬਰ ਨੂੰ ਜ਼ਮਾਨਤ ’ਤੇ ਰਿਹਾਅ ਕਰਨ ਦੇ ਹੁਕਮ ਸੁਣਾ ਦਿੱਤੇ ਗਏ ਸਨ।