ਫ਼ਰੀਦਕੋਟ (28 ਨਵੰਬਰ, 2015): ਪਿੰਡ ਹਮੀਰਗੜ੍ਹ ਵਿੱਚ ਇਕ ਨੁੱਕੜ ਮੀਟਿੰਗ ਦੌਰਾਨ ਪੰਜਾਬ ਦੇ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਨੂੰ ਕਥਿਤ ਤੌਰ ’ਤੇ ਥੱਪੜ ਮਾਰਨ ਵਾਲੇ ਬਜ਼ੁਰਗ ਜਰਨੈਲ ਸਿੰਘ ਨੂੰ ਪੁਲੀਸ ਨੇ ਅੱਜ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਵਿੱਚੋਂ ਗ੍ਰਿਫ਼ਤਾਰ ਕਰ ਲਿਆ।
ਪੰਜਾਬੀ ਟ੍ਰਿਬਿਊਨ ਵਿੱਚ ਫਰੀਦਕੋਟ ਤੋਂ ਨਸ਼ਰ ਖ਼ਬਰ ਅਨੁਸਾਰ ਜਰਨੈਲ ਸਿੰਘ ਨੇ ਦੋਸ਼ ਲਾਇਆ ਕਿ ਉਸ ਨੂੰ ਅਜੇ ਵੀ ਚੰਗੇ ਇਲਾਜ ਦੀ ਜ਼ਰੂਰਤ ਹੈ ਅਤੇ ਉਸ ਦੇ ਸਰੀਰ ਵਿੱਚ ਦਰਦ ਹੈ ਪਰ ਇਸ ਦੇ ਬਾਵਜੂਦ ਡਾਕਟਰਾਂ ਨੇ ਇਲਾਜ ਦੀ ਲੋੜ ਨਾ ਸਮਝਦਿਆਂ ੳੁਸ ਨੂੰ ਛੁੱਟੀ ਦੇ ਦਿੱਤੀ। ਡਾਕਟਰਾਂ ਨੇ ਪੁਲੀਸ ਦੀ ਹਾਜ਼ਰੀ ਵਿੱਚ ਜਰਨੈਲ ਸਿੰਘ ਨੂੰ ਛੁੱਟੀ ਦਿੱਤੀ ਅਤੇ ਇਸ ਬਾਰੇ ੳੁਸ ਦੇ ਦਸਤਖ਼ਤ ਤੇ ਅੰਗੂਠੇ ਪੁਲੀਸ ਨੇ ਆਪ ਲਵਾਏ।
ਪਤਾ ਲੱਗਿਅਾ ਹੈ ਕਿ ਜਰਨੈਲ ਸਿੰਘ ਦੇ ਵਕੀਲ ਐੱਨ.ਕੇ. ਜੀਤ ਨੇ ਜਰਨੈਲ ਸਿੰਘ ਨੂੰ ਅਗਾੳੂ ਜ਼ਮਾਨਤ ਦਿਵਾਉਣ ਲਈ ਬਠਿੰਡਾ ਦੀ ਸੈਸ਼ਨ ਕੋਰਟ ਵਿੱਚ ਜ਼ਮਾਨਤ ਦੀ ਅਰਜ਼ੀ ਲਾਈ ਹੈ, ਜਿਸ ਉਪਰ ਸੋਮਵਾਰ ਨੂੰ ਕੋਈ ਕਾਰਵਾਈ ਹੋਣ ਦੀ ਸੰਭਾਵਨਾ ਹੈ। ਇਸ ਕਰ ਕੇ ਪੁਲੀਸ ਨੇ ਕਾਹਲੀ ਵਿੱਚ ਉਸ ਨੂੰ ਹਿਰਾਸਤ ਵਿੱਚ ਲੈ ਲਿਆ।
ਉਸ ਖ਼ਿਲਾਫ਼ ਦਿਆਲਪੁਰਾ ਥਾਣੇ ਵਿੱਚ ਆਈਪੀਸੀ ਦੀ ਧਾਰਾ 353, 186, 120ਬੀ ਤਹਿਤ ਕੇਸ ਦਰਜ ਕੀਤਾ ਗਿਆ ਹੈ। ਥਾਣਾ ਦਿਆਲਪੁਰਾ ਦੇ ਐਸਐਚਓ ਬੀਰਬਲ ਸਿੰਘ ਨੇ ਕਿਹਾ ਕਿ ਜਰਨੈਲ ਸਿੰਘ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਥਾਣੇ ਵਿੱਚ ਜਰਨੈਲ ਸਿੰਘ ਦੀ ਕੁੱਟਮਾਰ ਬਾਰੇ ਕੋਈ ਸ਼ਿਕਾਇਤ ਦਰਜ ਨਹੀਂ ਹੋਈ।
ਗ੍ਰਿਫ਼ਤਾਰੀ ਸਮੇਂ ਹਾਜ਼ਰ ਆਮ ਆਦਮੀ ਪਾਰਟੀ ਦੇ ਆਗੂ ਗੁਰਦਿੱਤ ਸਿੰਘ ਸੇਖੋਂ, ਅਮਨ ਵੜਿੰਗ, ਸਵਰਨ ਸਿੰਘ, ਸੰਦੀਪ ਧਾਲੀਵਾਲ ਅਤੇ ਖੇਤ ਮਜ਼ਦੂਰ ਆਗੂ ਬੂਟਾ ਸਿੰਘ ਨੇ ਸਖ਼ਤ ਵਿਰੋਧ ਕੀਤਾ ਅਤੇ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਜਰਨੈਲ ਸਿੰਘ 19 ਨਵੰਬਰ ਤੋਂ ਇੱਥੋਂ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਇਲਾਜ ਅਧੀਨ ਸੀ।
ਅੱਜ ਜਦੋਂ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਤਾਂ ਮੌਕੇ ’ਤੇ ਉਸ ਦਾ ਕੋਈ ਵੀ ਪਰਿਵਾਰਕ ਮੈਂਬਰ ਹਾਜ਼ਰ ਨਹੀਂ ਸੀ। ਜਰਨੈਲ ਸਿੰਘ ਨੇ ਕਿਹਾ ਕਿ ਪੁਲੀਸ ਨੇ ਉਸ ਦੇ ਪਰਿਵਾਰ ਨੂੰ ਧਮਕੀ ਦਿੱਤੀ ਹੈ ਕਿ ਜੇ ਕੋਈ ਹਸਪਤਾਲ ਆਇਆ ਤਾਂ ਉਸ ਨੂੰ ਵੀ ਇਸ ਕੇਸ ਵਿੱਚ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਦਿਆਲਪੁਰਾ ਪੁਲੀਸ ਨੇ ਸਿਕੰਦਰ ਸਿੰਘ ਮਲੂਕਾ ਦੇ ਪੀਏ ਕੁਲਦੀਪ ਚੰਦ ਦੀ ਸ਼ਿਕਾਇਤ ’ਤੇ ਪਰਚਾ ਦਰਜ ਕੀਤਾ ਹੈ। ਪਰਚੇ ਮੁਤਾਬਕ ਜਰਨੈਲ ਸਿੰਘ ਨੂੰ ਮਲੂਕਾ ਦੀ ਯੂਥ ਬ੍ਰਿਗੇਡ ਨੇ ਨਹੀਂ, ਸਗੋਂ ਆਮ ਲੋਕਾਂ ਨੇ ਕੁੱਟਿਆ।