ਸਿੱਖ ਖਬਰਾਂ

ਪਾਕਿ: ਦੇ ਗੁਰਧਾਮਾਂ ‘ਚ ਸੋਧਿਆ ਨਾਨਕਸ਼ਾਹੀ ਕੈਲੰਡਰ ਲਾਗੂ ਕਰਵਾਉਣ ਲਈ ਦਿੱਲੀ ਗੁ. ਕਮੇਟੀ ਨਾਕਾਮ ਰਹਿਣ ਪਿਛੋਂ ਮੱਕੜ ਪਕਿ. ਰਵਾਨਾ

By ਸਿੱਖ ਸਿਆਸਤ ਬਿਊਰੋ

May 18, 2014

ਅੰਮਿ੍ਤਸਰ, (18 ਮਈ 2014):- ਪਿਛਲੇ ਦਿਨੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਬਰਾਂ ਵੱਲੋਂ ਪਾਕਿਸਤਾਨ

ਵਿੱਚ ਸਥਿਤ ਗੁਰਧਾਮਾਂ ਵਿੱਚ ਮਨਾਏ ਜਾਦੇ ਗੁਰਪੂਰਬ ਅਤੇ ਪੰਥਕ ਦਿਹਾੜਿਆਂ ਨੂੰ ਸੋਧੇ ਨਾਨਕਸ਼ਾਹੀ ਕਲੈਡਰ ਅਨੁਸਾਰ ਮਨਾਉਣ ਲਈ ਅਤੇ ਸੋਧਿਆ ਕਲ਼ੈਂਡਰ ਲਾਗੂ ਕਰਨ ਤੋਂ ਨਾਕਾਮ ਰਹਿਣ ਪਿਛੋਂ ਇਸ ਮਸਲੇ ਦੇ ਹੱਲ ਲਈ (ਪਾਕਿ. ਗੁਰਦੁਆਰਾ ਕਮੇਟੀ ਨੂੰ ਨਵਾਂ ਨਾਨਕਸ਼ਾਹੀ ਕਲ਼ੰਡਰ ਬਾਰੇ ਮਨਾਉਣ ਲਈ) ਅੱਜ  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਪਾਕਿਸਤਾਨ ਰਵਾਨਾ ਹੋ ਗਏ।

ਸ਼ੋ੍ਰਮਣੀ ਕਮੇਟੀ ਦੇ ਵਧੀਕ ਸਕੱਤਰ ਸ: ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਇਸ ਦੌਰੇ ਦਾ ਮੰਤਵ ਪਾਕਿ ਵਿਚਲੇ ਸਿੱਖ ਗੁਰਦੁਆਰਾ ਸਾਹਿਬਾਨ ਦੀ ਸਾਂਭ ਸੰਭਾਲ ਅਤੇ ਗੁਰਮਤਿ ਮਰਿਯਾਦਾ ਨੂੰ ਸਥਾਈ ਬਨਾਉਣ ਦੇ ਯਤਨ ਹੋਵੇਗਾ | ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਸ਼ਹਿਬਾਜ਼ ਸ਼ਰੀਫ ਦੇ ਸੱਦੇ ‘ਤੇ ਜਾਣ ਵਾਲੇ ਇਸ ਵਫ਼ਦ ‘ਚ ਸ਼ੋ੍ਰਮਣੀ ਕਮੇਟੀ ਦੇ ਅੰਤਿ੍ੰਗ ਮੈਂਬਰ ਭਾਈ ਰਜਿੰਦਰ ਸਿੰਘ ਮਹਿਤਾ, ਸ: ਨਿਰਮਲ ਸਿੰਘ ਜੌਲ੍ਹਾ, ਸ: ਮੋਹਨ ਸਿੰਘ ਬੰਗੀ, ਸ: ਸੰਤਾ ਸਿੰਘ ਮੁਖਮੈਲਪੁਰੀ, ਸ: ਇੰਦਰ ਇਕਬਾਲ ਸਿੰਘ ਅਟਵਾਲ, ਸਕੱਤਰ ਧਰਮ ਪ੍ਰਚਾਰ ਸ: ਸਤਬੀਰ ਸਿੰਘ, ਮੈਨੇਜਰ ਰਜਿੰਦਰ ਸਿੰਘ ਸ਼ਾਮਿਲ ਹਨ |

ਇਸ ਵਫ਼ਦ ਵੱਲੋਂ ਜਿਥੇ ਸਿੱਖ ਮਸਲੇ ਅਤੇ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ ਸਬੰਧੀ ਪਾਕਿ ਗੁਰਦੁਆਰਾ ਕਮੇਟੀ ਨਾਲ ਵੀ ਬੈਠਕ ਕੀਤੀ ਜਾਵੇਗੀ, ਉਥੇ ਨਾਨਕਸ਼ਾਹੀ ਕੈਲੰਡਰ ਮੁੱਦੇ ‘ਤੇ ਵੱਖ-ਵੱਖ ਮਤਭੇਦਾਂ ਨੂੰ ਨਵਿਰਤ ਕਰਨ ਹਿੱਤ ਪਾਕਿ ਪ੍ਰਬੰਧਕਾਂ ਨੂੰ ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਮੁਤਾਬਕ ਧਾਰਮਿਕ ਦਿਵਸ ਮਨਾਉਣ ਲਈ ਚਰਚਾ ਕੀਤੀ ਜਾਵੇਗੀ | ਵਫ਼ਦ ਵੱਲੋਂ ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ, ਪੰਜਾ ਸਾਹਿਬ, ਡੇਹਰਾ ਸਾਹਿਬ ਲਾਹੌਰ ਅਤੇ ਕਰਤਾਰਪੁਰ ਸਾਹਿਬ ਦੇ ਵੀ ਦਰਸ਼ਨ ਕੀਤੇ ਜਾਣਗੇ |

ਸ਼ੋ੍ਰਮਣੀ ਕਮੇਟੀ ਪ੍ਰਧਾਨ ਦੀ ਅਗਵਾਈ ‘ਚ ਜਾ ਰਹੇ ਇਸ ਵਫ਼ਦ ਦਾ ਪਾਕਿ ਦੌਰਾ ਸਿੱਖ ਸਫਾਂ ‘ਚ ਕਾਫ਼ੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ | ਨਾਨਕਸ਼ਾਹੀ ਕੈਲੰਡਰ ਮੁੱਦੇ ‘ਤੇ ਸਮੁੱਚੇ ਵਿਸ਼ਵ ‘ਚ ਸਿੱਖ ਸੰਸਥਾਵਾਂ ਅਤੇ ਜਥੇਬੰਦੀਆਂ ‘ਚ ਵੱਖ-ਵੱਖ ਧਾਰਨਾਵਾਂ ਹਨ ਅਤੇ ਕੈਲੰਡਰ ਨੂੰ ਲੈ ਕੇ ਚਲਦੇ ਮੱਤਭੇਦਾਂ ਕਾਰਨ ਗੁਰਪੁਰਬ ਅਤੇ ਹੋਰ ਪ੍ਰਮੁੱਖ ਧਾਰਮਿਕ ਦਿਵਸ ਮਨਾਉਣ ਸਮੇਂ ਸੰਗਤ ‘ਚ ਦੁਬਿਧਾ ਦੀ ਸਥਿਤੀ ਪੈਦਾ ਹੋ ਜਾਂਦੀ ਹੈ |

ਇਸ ਵਾਰ ਵੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਸ਼ੋ੍ਰਮਣੀ ਕਮੇਟੀ ਵੱਲੋਂ ਸੋਧੇ ਨਾਨਕਸ਼ਾਹੀ ਕੈਲੰਡਰ ਮੁਤਾਬਕ 1 ਜੂਨ ਨੂੰ ਮਨਾਏ ਜਾ ਰਹੇ ਹਨ ਜਦ ਕਿ ਪਾਕਿ ਗੁਰਦੁਆਰਾ ਕਮੇਟੀ ਸਮੇਤ ਵੱਖ-ਵੱਖ ਦੇਸ਼ਾਂ ਦੀਆਂ ਗੁਰਦੁਆਰਾ ਕਮੇਟੀਆਂ 16 ਜੂਨ ਨੂੰ ਸ਼ਹੀਦੀ ਪੁਰਬ ਮਨਾਏ ਜਾਣ ਦੀਆਂ ਤਿਆਰੀਆਂ ਕਰ ਰਹੀਆਂ ਹਨ |

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: