ਚੰਡੀਗੜ੍ਹ: ਅੱਜ ਚੰਡੀਗੜ੍ਹ ਦੇ ਗੁਰਦੁਆਰਾ ਕਲਗੀਧਰ ਨਿਵਾਸ ਸਥਿਤ ਸ਼ਰੋਮਣੀ ਕਮੇਟੀ ਦੇ ਸਬ ਦਫਤਰ ਵਿਖੇ ਅੰਤ੍ਰਿਗ ਕਮੇਟੀ ਦੀ ਮੀਟਿੰਗ ਹੋਈ।ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਸ਼ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਕਿਹਾ ਕਿ ਅੱਜ ਦੀ ਮੀਟਿੰਗ ਵਿੱਚ ਅਹਿਮ ਪ੍ਰਸ਼ਾਸਨਿਕ ਫੈਂਸਲੇ ਲਏ ਗਏ ਜਿਸ ਤਹਿਤ ਸ਼ਰੋਮਣੀ ਕਮੇਟੀ ਮੁਲਾਜਮਾਂ ਦੇ ਮਹਿੰਗਾਈ ਭੱਤੇ ਵਿੱਚ 8 ਪ੍ਰਤੀਸ਼ਤ ਵਾਧਾ ਕੀਤਾ ਗਿਆ ਹੈ ਜੋ ਕਿ 1 ਦਸੰਬਰ ਤੋਂ ਲਾਗੂ ਹੋਵੇਗਾ।
ਸ਼ਰੋਮਣੀ ਕਮੇਟੀ ਪ੍ਰਧਾਨ ਮੋਜੂਦਾ ਸਮੇਂ ਬਣੇ ਰਾਜਨੀਤਿਕ ਅਤੇ ਧਾਰਮਿਕ ਹਾਲਾਤਾਂ ਤੇ ਬੋਲਣ ਤੋਂ ਗੁਰੇਜ ਕਰਦੇ ਨਜ਼ਰ ਆਏ।ਪੱਤਰਕਾਰਾਂ ਵੱਲੋਂ ਜਦੋਂ ਦਰਬਾਰ ਸਾਹਿਬ ਦੀ ਸਰਾਂ ਵਿੱਚ ਬੰਦੀ ਛੋੜ ਦਿਹਾੜੇ ਮੌਕੇ ਸ਼ਰਾਬੀ ਹਾਲਾਤ ਵਿੱਚ ਫੜੇ ਗਏ ਅਕਾਲੀ ਸਮਰਥਕਾਂ ਬਾਰੇ ਸਵਾਲ ਕੀਤਾ ਗਿਆ ਤਾਂ ਮੱਕੜ ਵੱਲੋਂ ਇਹ ਕਹਿ ਕੇ ਗੱਲ ਟਾਲ ਦਿੱਤੀ ਗਈ ਕਿ ਉਨ੍ਹਾਂ ਨੂੰ ਇਸ ਬਾਰੇ ਕੁਝ ਨਹੀਂ ਪਤਾ।
ਸ਼੍ਰੋਮਣੀ ਕਮੇਟੀ ਵੱਲੋਂ ਸੌਦਾ ਸਾਧ ਨੂੰ ਦਿੱਤੀ ਗਈ ਮੁਆਫੀ ਨੂੰ ਜਾਇਜ਼ ਸਾਬਿਤ ਕਰਨ ਲਈ ਅਖਬਾਰਾਂ ਵਿੱਚ ਦਿੱਤੇ ਗਏ ਇਸ਼ਤਿਹਾਰਾਂ ਬਾਰੇ ਪੁੱਛੇ ਜਾਣ ਤੇ ਪ੍ਰਧਾਨ ਨੇ ਕਿਹਾ ਕਿ ਅੰਤ੍ਰਿਗ ਕਮੇਟੀ ਵੱਲੋਂ ਉਨ੍ਹਾਂ ਇਸ਼ਤਿਹਾਰਾਂ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ, ਕਿਉਂਕਿ ਉਹ ਇਸ਼ਤਿਹਾਰ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਨੂੰ ਮੱਦੇਨਜ਼ਰ ਰੱਖ ਕੇ ਦਿੱਤੇ ਗਏ ਸਨ।
ਭਾਈ ਧਿਆਨ ਸਿੰਘ ਮੰਡ ਦੀ ਭਤੀਜੀ ਜੋ ਕਿ ਸ਼ਰੋਮਣੀ ਕਮੇਟੀ ਮੁਲਾਜ਼ਮ ਹੈ, ਉਨ੍ਹਾਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਅਤੇ ਤਸ਼ੱਦਦ ਕੀਤੇ ਜਾਣ ਬਾਰੇ ਪੁਛੇ ਜਾਣ ਤੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਕਿਹਾ “ਇਸ ਬਾਰੇ ਗੱਲ ਹੋਈ ਹੈ, ਸਭ ਕੁਝ ਠੀਕ ਹੈ, ਇਟਸ ਔਕੇ।”
ਅੱਜ ਦੀ ਮੀਟਿੰਗ ਵਿੱਚ ਅਨੰਦਪੁਰ ਸਾਹਿਬ ਵਿਖੇ ਸੰਗਤਾਂ ਦੀ ਸਹੂਲਤ ਲਈ 250 ਕਮਰਿਆਂ ਦੀ ਇੱਕ ਸਰਾਂ ਬਣਾਉਣ ਦਾ ਵੀ ਫੈਂਸਲਾ ਕੀਤਾ ਗਿਆ ਹੈ।ਪ੍ਰਧਾਨ ਸ਼ਰੋਮਣੀ ਕਮੇਟੀ ਨੇ ਦੱਸਿਆ ਕਿ ਸੰਗਤਾਂ ਨੂੰ ਦਰਬਾਰ ਸਾਹਿਬ ਲੰਗਰ ਦੀ ਸੇਵਾ ਕਰਨ ਵਾਸਤੇ ਲਿਜਾਣ ਲਈ 8 ਬੱਸਾਂ ਖਰੀਦੀਆਂ ਜਾਣਗੀਆਂ।
ਕਾਰਜਕਾਰਨੀ ਦੀ ਮੀਟਿੰਗ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਹੋਈਆਂ ਘਟਨਾਵਾਂ ਦੀ ਨਿੰਦਾ ਕੀਤੀ ਗਈ ਤੇ ਪੰਜਾਬ ਸਰਕਾਰ ਵੱਲੋਂ ਬੇਅਦਬੀ ਦੇ ਦੋਸ਼ੀ ਨੂੰ ਉਮਰ ਕੈਦ ਦੀ ਸਜ਼ਾ ਦੇਣ ਦੇ ਫੈਂਸਲੇ ਦੀ ਸ਼ਲਾਘਾ ਕੀਤੀ ਗਈ।
ਮੀਟਿੰਗ ਵਿੱਚ ਬੀਤੇ ਦਿਨੀਂ ਐਲਬਰਟਾ ਸਟੇਟ ਦੇ ਐਮ.ਐਲ.ਏ ਮਨਮੀਤ ਸਿੰਘ ਅਤੇ ਲੇਖਕ ਡਾ.ਮਹੀਪ ਸਿੰਘ ਦੀ ਮੌਤ ਤੇ ਸ਼ੋਕ ਪ੍ਰਗਟ ਕੀਤਾ ਗਿਆ।
ਸ਼ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਗੁਰੂ ਘਰਾਂ ਵਿੱਚ ਸੀ.ਸੀ.ਟੀ.ਵੀ ਕੈਮਰੇ ਲਗਵਾਉਣ, ਜਿਸ ਲਈ ਸ਼ਰੋਮਣੀ ਕਮੇਟੀ ਵੱਲੋਂ ਪੂਰੀ ਮਦਦ ਕੀਤੀ ਜਾਵੇਗੀ।