ਅੰਮ੍ਰਿਤਸਰ: ਦਲ ਖ਼ਾਲਸਾ ਨੇ ਸ਼੍ਰੋਮਣੀ ਕਮੇਟੀ ਕੋਲੋਂ ਮੰਗ ਕੀਤੀ ਹੈ ਕਿ ਉਹ ਸਿੱਖ ਆਜਾਇਬ ਘਰ ਵਿੱਚ ਨਵੰਬਰ 1984 ਸਿੱਖ ਕਤਲੇਆਮ ਨੂੰ ਦਰਸਾਉਂਦੀਆਂ ਤਸਵੀਰਾਂ ਅਤੇ ਪੇਨਟਿੰਗਸ (ਚਿੱਤਰ) ਲਗਾਵੇ।
ਜਥੇਬੰਦੀ ਦਾ ਮੰਨਣਾ ਹੈ ਕਿ ਨਵੰਬਰ 1984 ਵਿੱਚ ਦਿੱਲੀ ਦੇ ਹੁਕਮਰਾਨਾਂ ਅਤੇ ਕਾਂਗਰਸੀ ਆਗੂਆਂ ਦੀ ਸਰਪ੍ਰਸਤੀ ਅਤੇ ਅਗਵਾਈ ਹੇਠ ਜੋ ਦਰਦਨਾਕ ਕਤਲੇਆਮ ਵਾਪਰਿਆ ਹੈ, ਉਹ ਸਿੱਖ ਇਤਿਹਾਸ ਅਤੇ ਵਿਰਸੇ ਦਾ ਹਿੱਸਾ ਬਨਣਾ ਚਾਹੀਦਾ ਹੈ ਇਸ ਤੋਂ ਪਹਿਲਾਂ ਕਿ ਕੌਮ ਦੀ ਮਾਨਸਿਕਤਾ ਵਿੱਚ ਇਹਨਾਂ ਘਟਨਵਾਵਾਂ ਦੀਆਂ ਯਾਦਾਂ ਧੁੰਦਲੀਆਂ ਪੈਣ।
ਇਸ ਸਬੰਧੀ ਜਥੇਬੰਦੀ ਵਲੋਂ ਸ਼੍ਰੋਮਣੀ ਕਮੇਟੀ ਪ੍ਰਧਾਨ, ਅਹੁਦੇਦਾਰ ਅਤੇ ਸਕੱਤਰ ਨੂੰ ਭਲਕੇ ਮਿਲਕੇ ਲਿਖਤੀ ਬੇਨਤੀ ਕੀਤੀ ਜਾਵੇਗੀ।
ਪਾਰਟੀ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ, ਬੁਲਾਰੇ ਕੰਵਰਪਾਲ ਸਿੰਘ ਅਤੇ ਜਨਰਲ ਸਕੱਤਰ ਪਰਮਜੀਤ ਸਿੰਘ ਟਾਂਡਾ ਨੇ ਕਿਹਾ ਕਿ ਸਿੱਖ ਅਜਇਬ ਘਰ ਵਿੱਚ ਬ੍ਰਿਟਿਸ਼ ਰਾਜ ਅਤੇ ਮੁਗਲ ਸ਼ਾਸਕਾਂ ਵਲੋਂ ਸਿੱਖ ਕੌਮ ‘ਤੇ ਜੋ ਜ਼ੁਲਮ ਕੀਤੇ ਗਏ ਸਨ, ਉਸ ਦੀਆਂ ਢੁਕਵੀਆਂ ਤਸਵੀਰਾਂ ਅਤੇ ਪੇਨਟਿੰਗਸ ਲੱਗੀਆਂ ਹਨ। ਉਹਨਾਂ ਕਿਹਾ ਕਿ ਇਸੇ ਤਰਜ਼ ਉਤੇ ਮੌਜੂਦਾ ਸਮੇਂ ਦੇ ਹੁੰਦੁਸਤਾਨ ਦੇ ਹਾਕਮਾਂ ਅਤੇ ਲੀਡਰਾਂ ਵਲੋਂ 1984 ਵਿੱਚ ਦਿੱਲੀ ਅਤੇ ਹੋਰਨਾਂ ਥਾਂਵਾਂ ‘ਤੇ ਵਹਿਸ਼ੀ ਢੰਗ ਨਾਲ ਜ਼ੁਲਮ ਢਾਹੇ ਗਏ ਸਨ, ਉਸ ਨੂੰ ਦਰਸਾਉਂਦੀਆਂ ਪੇਨਟਿੰਗਸ ਲਾਈਆਂ ਜਾਣ। ਉਹਨਾਂ ਕਿਹਾ ਕਿ ਸਿੱਖ ਦਰਦ ਨੂੰ ਦਰਸਾਉਂਦੇ ਚਿੱਤਰ ਅਤੇ ਅਸਲ ਤਸਵੀਰਾਂ ਸਿੱਖ ਅਜਾਇਬ ਘਰ ਦਾ ਹਿੱਸਾ ਬਨਣ। ਉਹਨਾਂ ਹੈਰਾਨਗੀ ਪ੍ਰਗਟਾਈ ਕਿ 33 ਵਰ੍ਹਿਆਂ ਤੋਂ ਕੌਮ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਤਾਂ ਸੰਘਰਸ਼ ਕਰ ਰਹੀ ਹੈ ਪਰ ਸ਼੍ਰੋਮਣੀ ਕਮੇਟੀ ਅਤੇ ਪੰਥਕ ਜਥੇਬੰਦੀਆਂ ਵਲੋਂ ਇਸ ਪਾਸੇ ਕਦੇ ਧਿਆਨ ਹੀ ਨਹੀਂ ਦਿੱਤਾ ਗਿਆ ਜਦਕਿ ਸਿੱਖਾਂ ਵਿਰੁੱਧ ਹੋਈ ਹਿੰਸਾ ਨੂੰ ਦਰਸਾਉਂਦੀਆਂ ਅਸਲ ਤਸਵੀਰਾਂ ਸੋਸ਼ਲ ਸਾਈਟਸ ਉਤੇ ਮੌਜੂਦ ਹਨ।
ਸਬੰਧਤ ਖ਼ਬਰ:
ਦਲ ਖਾਲਸਾ ਵਲੋਂ ਸੰਕੇਤਕ ਤੌਰ ‘ਤੇ ਇੱਕ ਪੇਨਟਿੰਗ ਤਿਆਰ ਕੀਤੀ ਗਈ ਹੈ ਜਿਸ ਵਿੱਚ ਇੱਕ ਪਾਸੇ ਸਮੇਂ ਦੇ ਹੁਕਮਰਾਨ ਰਾਜੀਵ ਗਾਂਧੀ ਅਤੇ ਪੀ ਵੀ ਨਰਸਿਮਾ ਰਾਉ ਅਤੇ ਕਾਂਗਰਸੀ ਆਗੂ ਸਾਜਿਸ਼ ਰੱਚ ਰਹੇ ਦਿਖਾਏ ਗਏ ਹਨ ਅਤੇ ਦੂਜੇ ਪਾਸੇ ਫਿਰਕਾਪ੍ਰਸਤ ਅਤੇ ਕੱਟੜਪੰਥੀ ਹਜ਼ੂਮ ਸਿੱਖਾਂ ਦੇ ਗਲਾਂ ਵਿੱਚ ਟਾਇਰ ਪਾ ਕੇ ਜ਼ਿੰਦਾ ਸਾੜ ਰਹੇ ਹਨ, ਇੱਕ ਗੁਰਦੁਆਰੇ ਵਿਚੋਂ ਅੱਗ ਦੀਆਂ ਲਪਟਾਂ ਵੱਗ ਰਹੀਆਂ ਹਨ ਅਤੇ ਕਕਾਰ ਖਿਲਰੇ ਹੋਏ ਹਨ।
ਸਬੰਧਤ ਖ਼ਬਰ:
’84 ਸਿੱਖ ਕਤਲੇਆਮ: ਅਸਲਾ ਡੀਲਰ ਵਰਮਾ ਨੂੰ ਕਾਂਗਰਸੀ ਆਗੂ ਟਾਈਟਲਰ ਖਿਲਾਫ ਗਵਾਹੀ ਨਾ ਦੇਣ ਲਈ ਧਮਕੀਆਂ …
ਆਗੂਆਂ ਦਾ ਕਹਿਣਾ ਹੈ ਕਿ ਇਸ ਪੇਨਟਿੰਗ ਵਿੱਚ ਉਹਨਾਂ ਉਹ ਕੁਝ ਦਰਸਾਇਆ ਹੈ ਜੋ ਪ੍ਰਚਲਿਤ ਤੱਥ ਹਨ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖ ਅਜਾਇਬ ਘਰ ਵਿੱਚ ਲਾਉਣ ਲਈ ਪੈਨਟਿੰਗਸ ਆਪਣੇ ਵਲੋਂ ਤਿਆਰ ਕਰਵਾਏ, ਉਹਨਾਂ ਨੇ ਤਾਂ ਸਿਰਫ ਇੱਕ ਖਿਆਲ ਹੀ ਉਹਨਾਂ ਸਾਹਮਣੇ ਰੱਖ ਰਹੇ ਹਨ।