Site icon Sikh Siyasat News

ਮਰਦਮਸ਼ਮੁਾਰੀ ਦੌਰਾਨ ਅਪਣਾ ਧਰਮ ਜਾਤ ਤੋਂ ਬਿਨਾਂ ਸਿਰਫ ਸਿੱਖ ਤੇ ਮਾਂ ਬੋਲੀ ‘ਪੰਜਾਬੀ’ ਲਿਖਵਾਈ ਜਾਵੇ: ਪੰਚ ਪ੍ਰਧਾਨੀ

ਫ਼ਤਿਹਗੜ੍ਹ ਸਾਹਿਬ, 10 ਫਰਵਰੀ : ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਨੇ ਸਮੁੱਚੀ ਸਿੱਖ ਕੌਮ ਨੂੰ ਸੱਦਾ ਦਿੰਦਿਆਂ ਕਿਹਾ ਹੈ ਕਿ 9 ਫਰਵਰੀ ਤੋਂ 28 ਫਰਵਰੀ ਤੱਕ ਚੱਲਣ ਵਾਲੇ ਮਰਦਮ ਸ਼ੁਮਾਰੀ ਦੇ ਦੂਜੇ ਦੌਰ ਦੌਰਾਨ ਅਪਣਾ ਧਰਮ ਜਾਤ-ਪਾਤ ਤੋਂ ਬਿਨਾਂ ਸਿਰਫ਼ ਸਿੱਖ ਲਖਵਾਇਆ ਜਾਵੇ ਨਹੀਂ ਤਾਂ ਤੁਹਾਡੀ ਗਿਣਤੀ ਸਿੱਖਾਂ ਦੀ ਥਾਂ ਹੋਰਾਂ ਵਿਚ ਹੋ ਜਾਵੇਗੀ। ਇਹ ਸੱਦਾ ਦਿੰਦਿਆਂ ਦਲ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਸਦੇ ਨਾਲ ਹੀ ਅਪਣੀ ਮਾਤ ਭਾਸ਼ਾ ਪੰਜਾਬੀ ਲਿਖਵਾਈ ਜਾਵੇ। ਉਨ੍ਹਾਂ ਕਿਹਾ ਕਿ  ਸੈਨਸਸ ਫਾਰਮ ਵਿਚ ਧਰਮ ਬਾਰੇ ਪੁੱਛੇ ਜਾਣ ’ਤੇ ਕਾਲਮ ਨੰਬਰ ‘ਕਿਊ-7’ ਵਿਚ ਸਿੱਖ ਧਰਮ ਦਾ ਕੋਡ ਨੰਬਰ 4 ਲਿਖਵਾਇਆ ਜਾਵੇ। ਉਨ੍ਹਾਂ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਅਫਸਰ ਤੁਹਾਡਾ ਫਾਰਮ ਪੈੱਨ ਨਾਲ ਹੀ ਭਰ ਰਿਹਾ ਹੈ ਅਤੇ ਪੈਨਸਿਲ ਨਾਲ ਭਰੇ ਫਾਰਮ ’ਤੇ ਦਸਤਖਤ ਨਾ ਕੀਤੇ ਜਾਣ ਕਿਉਂਕਿ ਇਸ ਢੰਗ ਨਾਲ  ਭਰੇ ਫਾਰਮ ’ਤੇ ਤੁਹਾਡੇ ਨਾਲ ਸਬੰਧਿਤ ਜਾਣਕਾਰੀ ਨੂੰ ਅਸਾਨੀ ਨਾਲ ਬਦਲਿਆ ਜਾ ਸਕਦਾ ਹੈ। ਭਾਈ ਚੀਮਾ ਨੇ ਕਿਹਾ ਧਰਮ ਵਾਲੇ ਖਾਨੇ ਕਿਊ-7 ਵਿਚ ਸਿਰਫ ਸਿੱਖ (ਕੋਡ ਨੰਬਰ 4) ਹੀ ਲਖਵਾਇਆ ਜਾਵੇ ਕਿਸੇ ਵੀ ਹਾਲਤ ਵਿਚ ਜਾਤ ਨਾਲ ਸਬੰਧਿਤ ਸ਼ਬਦਾਵਲੀ ਜਿਵੇਂ ਕਿ ਸਿਕਲੀਗਰ-ਸਿੱਖ, ਵਣਜਾਰਾ-ਸਿੱਖ, ਜੱਟ-ਸਿੱਖ ਜਾਂ ਖਾਲਸਾ ਆਦਿ ਲਿਖਵਾਉਣ ਨਾਲ ਤੁਹਾਡੀ ਗਿਣਤੀ ਸਿੱਖਾਂ ਦੀ ਥਾਂ ਹੋਰਾਂ ਵਿੱਚ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿਚ ਸਿੱਖਾਂ ਦੀ ਸਹੀ ਤੇ ਪੂਰੀ ਗਿਣਤੀ ਦਾ ਰਿਕਾਰਡ ਮੌਜ਼ੂਦ ਹੋਣਾ ਕੌਮ ਦੀਆਂ ਭੱਵਿਖੀ ਯੋਜਨਾਵਾਂ ਲਈ ਅਤਿ ਜ਼ਰੂਰੀ ਹੈ। ਇਸ ਤੋਂ ਬਿਨਾਂ ਅਨਸੂਚਿਤ ਜਾਤੀ ਜਾਂ ਅਨੁਸੂਚਿਤ ਕਬੀਲੇ ਬਾਰੇ ਜੇ ਲਾਗੂ ਹੁੰਦਾ ਹੈ ਤਾਂ ਇਹ ਜਾਣਕਾਰੀ ਵੱਖਰੇ ਤੌਰ ’ਤੇ ਕਾਲਮ ਨੰਬਰ ਕਿਊ-8 ਵਿਚ ਲਿਖਵਾਈ ਜਾਵੇ। ਬਾਕੀ ਜਾਤਾਂ ਅਤੇ ਕਬੀਲਿਆਂ ਦੀ ਮਰਦਮਸ਼ੁਮਾਰੀ ਜੂਨ-ਸਤੰਬਰ 2011 ਵਿਚ ਹੋਵੇਗੀ। ਇਸ ਲਈ ਅਜਿਹੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਨੂੰ ਧਰਮ ਨਾਲ ਜੋੜਣਾ ਜ਼ਰੂਰੀ ਨਹੀਂ। ਭਾਈ ਚੀਮਾ ਨੇ ਕਿਹਾ ਕਿ ਹਰ ਨਾਗਰਕਿ ਦਾ ਹੱਕ ਹੈ ਕਿ ਉਹ ਮਰਦਮਸ਼ੁਮਾਰੀ ਅਫਸਰ ਵਲੋਂ ਭਰੀ ਗਈ ਜਾਣਕਾਰੀ ਨੂੰ ਖੁਦ ਪੜ੍ਹ ਕੇ ਉਸਦਾ ਸਹੀ ਹੋਣਾ ਯਕੀਨੀ ਬਣਾਵੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version