ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਵੱਲੋਂ ਸਰਬੱਤ ਖਾਲਸਾ ਦੇ ਫੈਂਸਲਿਆਂ ਸੰਬੰਧੀ ਤਿਹਾੜ ਜੇਲ ਵਿੱਚ ਨਜਰਬੰਦ ਭਾਈ ਪਰਮਜੀਤ ਸਿੰਘ ਭਿਓਰਾ ਵੱਲੋਂ ਚਿੱਠੀ ਲਿੱਖ ਕੇ ਜਾਰੀ ਕੀਤੇ ਗਏ ਬਿਆਨ ਸੰਬੰਧੀ ਆਪਣਾ ਪ੍ਰਤੀਕਰਮ ਦਿੰਦਿਆਂ ਸਿੱਖ ਸਿਆਸਤ ਨਾਲ; ਫੋਨ ਤੇ ਗੱਲ ਕਰਦਿਆਂ ਕਿਹਾ ਕਿ ਭਾਈ ਭਿਓਰਾ ਨੂੰ ਇਸ ਤਰ੍ਹਾਂ ਸਰਬੱਤ ਖਾਲਸਾ ਦੇ ਫੈਂਸਲਿਆਂ ਖਿਲ਼ਾਫ ਨਹੀਂ ਬੋਲਣਾ ਚਾਹੀਦਾ।
ਜਿਕਰਯੌਗ ਹੈ ਕਿ ਭਾਈ ਪਰਮਜੀਤ ਸਿੰਘ ਭਿਓਰਾ ਵੱਲੋਂ ਬੀਤੇ ਦਿਨੀਂ ਜੇਲ ਵਿੱਚੋਂ ਖਾਲਸਾ ਪੰਥ ਦੇ ਨਾਮ ਇੱਕ ਚਿੱਠੀ ਲਿਖੀ ਗਈ ਸੀ ਜੋ ਕਿ “ਰੋਜ਼ਾਨਾ ਸਪੋਕਸਮੈਨ” ਅਖਬਾਰ ਵੱਲੋਂ ਛਾਪੀ ਗਈ ਸੀ, ਉਸ ਚਿੱਠੀ ਵਿੱਚ ਭਾਈ ਭਿਓਰਾ ਨੇ ਕਿਹਾ ਸੀ ਕਿ ਉਹ ਪਿੰਡ ਚੱਬਾ ਵਿਖੇ ਹੋਏ 10 ਨਵੰਬਰ ਦੇ ਪੰਥਕ ਇਕੱਠ ਦੌਰਾਨ ਐਲਾਨੇ ਗਏ ਮਤਿਆਂ ਨੂੰ ਪ੍ਰਵਾਨ ਨਹੀਂ ਕਰਦੇ ਹਨ।
“ਪੰਜਾਬੀ ਟ੍ਰਿਬਿਊਨ” ਅਖਬਾਰ ਵਿੱਚ ਇਸ ਸੰਬੰਧੀ ਇੱਕ ਖਬਰ ਲੱਗੀ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਸ. ਮਾਨ ਨੇ ਕਿਹਾ ਹੈ ਕਿ ਸਿੱਖ ਕੌਮ ਭਾਈ ਰਾਜੋਆਣਾ ਅਤੇ ਭਾਈ ਭਿਓਰਾ ਤੇ ਯਕੀਨ ਨਹੀਂ ਕਰਦੀ।ਅੱਜ ਸਿੱਖ ਸਿਆਸਤ ਵੱਲੋਂ ਇਸ ਸੰਬੰਧੀ ਜਦੋਂ ਸ. ਮਾਨ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਇਸ ਗੱਲ ਤੋਂ ਅਣਜਾਣਤਾ ਪ੍ਰਗਟਾਈ ਤੇ ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਉਨ੍ਹਾਂ ਕੋਈ ਗੱਲ ਨਹੀਂ ਕੀਤੀ।
ਭਾਈ ਭਿਓਰਾ ਦੀ ਸਰਬੱਤ ਖਾਲਸਾ ਸਮਾਗਮ ਸੰਬੰਧੀ ਚਿੱਠੀ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਸਰਬੱਤ ਖਾਲਸਾ ਸਮਾਗਮ ਦੌਰਾਨ ਲਏ ਗਏ ਫੈਂਸਲਿਆਂ ਖਿਲਾਫ ਨਹੀਂ ਬੋਲਣਾ ਚਾਹੀਦਾ ਕਿਉਂਕਿ ਜਦੋਂ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਨੂੰ ਖੋਰਾ ਲੱਗ ਰਿਹਾ ਹੋਵੇ ਤਾਂ ਉਨ੍ਹਾਂ ਸੰਸਥਾਵਾਂ ਨੂੰ ਸੁਰਜੀਤ ਕਰਨ ਲਈ ਸਰਬੱਤ ਖਾਲਸਾ ਬੁਲਾ ਕੇ ਉਸ ਵਿੱਚ ਫੈਂਸਲੇ ਲਏ ਜਾਂਦੇ ਹਨ।ਉਨ੍ਹਾਂ ਕਿਹਾ ਕਿ ਜੇ ਭਾਈ ਪਰਮਜੀਤ ਸਿੰਘ ਭਿਓਰਾ ਸਰਬੱਤ ਖਾਲਸਾ ਦੇ ਫੈਂਸਲਿਆਂ ਨੂੰ ਨਹੀਂ ਮੰਨਦੇ ਤਾਂ ਉਹ ਬਾਦਲ ਅਤੇ ਬੀ.ਜੇ.ਪੀ ਨਾਲ ਖੜੇ ਹਨ।