ਫਤਿਹਗੜ੍ਹ ਸਾਹਿਬ: ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਦਸਤਖ਼ਤਾਂ ਹੇਠ ਪਾਰਟੀ ਦੇ ਮੁੱਖ ਦਫ਼ਤਰ ਤੋਂ ਜਾਰੀ ਕੀਤੇ ਗਏ ਇਕ ਬਿਆਨ ਵਿਚ ਕਿਹਾ ਗਿਆ ਕਿ ਮੋਦੀ ਦੀ ਹਕੂਮਤ ਵਲੋਂ ਜੀ.ਐਸ.ਟੀ. ਬਿੱਲ ਰਾਹੀਂ ਵਸਤਾਂ ਉਤੇ ਟੈਕਸ 6% ਦੀ ਬਜਾਏ 12% ਕਰਕੇ ਅਤੇ ਕੁਝ ਵਸਤਾਂ ਤੇ 12% ਦੀ ਬਜਾਏ 24% ਕਰਕੇ ਦੇਸ਼ਵਾਸੀਆਂ ਉਤੇ ਸਿਰਫ ਬੋਝ ਹੀ ਨਹੀਂ ਪਾਇਆ ਗਿਆ, ਬਲਕਿ ਵਪਾਰੀਆਂ, ਮਜ਼ਦੂਰ ਵਰਗ, ਕਿਸਾਨਾਂ, ਉਦਯੋਗਪਤੀਆਂ, ਛੋਟੇ ਦੁਕਾਨਦਾਰਾਂ ਆਦਿ ਦੇ ਵਪਾਰ ਨੂੰ ਵੀ ਡੂੰਘੀ ਸੱਟ ਮਾਰੀ ਗਈ ਹੈ। ਬਿਆਨ ‘ਚ ਸ. ਮਾਨ ਨੇ ਕਿਹਾ ਕਿ ਖੇਤੀਬਾੜੀ ਨਾਲ ਸਬੰਧਤ ਵਸਤਾਂ ਅਤੇ ਘਰੇਲੂ ਤੌਰ ‘ਤੇ ਵਰਤੋਂ ਵਿਚ ਆਉਣ ਵਾਲੀਆਂ ਵਸਤਾਂ ਵਿਚ ਜੀ.ਐਸ.ਟੀ. ਰਾਹੀਂ ਕੀਮਤਾਂ ਬਹੁਤ ਵੱਧ ਜਾਣਗੀਆਂ। ਇਸ ਲਈ ਅਸੀਂ ਪਾਰਟੀ ਵਲੋਂ 30 ਜੂਨ ਨੂੰ ਜ਼ਿਲ੍ਹਾ ਹੈਡ ਕੁਆਟਰਾਂ ‘ਤੇ ਦਿੱਤੇ ਜਾਣ ਵਾਲੇ ਧਰਨਿਆਂ ਵਿਚ ਜੀ.ਐਸ.ਟੀ. ਬਿਲ ਦੇ ਮੁੱਦੇ ਨੂੰ ਸ਼ਾਮਲ ਕੀਤਾ ਹੈ।
ਜੀ.ਐਸ.ਟੀ. ਦੇ ਮੁੱਦੇ ਤੋਂ ਅਲਾਵਾ ਸ. ਮਾਨ ਨੇ ਟਰੱਕ ਯੂਨੀਅਨਾਂ ਦੇ ਮੁੱਦੇ ‘ਤੇ ਉਮੀਦ ਪ੍ਰਗਟ ਕੀਤੀ ਕਿ ਪੰਜਾਬ ਦੇ ਰਾਜਪਾਲ ਸੂਬੇ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਪੰਜਾਬ ਸਰਕਾਰ ਵਲੋਂ ਟਰੱਕ ਯੂਨੀਅਨਾਂ ਨੂੰ ਭੰਗ ਕਰਨ ਦੇ ਫੈਸਲੇ ਨੂੰ ਪ੍ਰਵਾਨ ਨਹੀਂ ਕਰਨਗੇ।