ਜਲੰਧਰ: ਸ਼ਾਹਕੋਟ ਜ਼ਿਮਨੀ ਚੋਣ ਲਈ ਅਕਾਲੀ ਦਲ (ਅੰਮ੍ਰਿਤਸਰ) ਨੇ ਬਹੁਜਨ ਮੁਕਤੀ ਪਾਰਟੀ ਨਾਲ ਗਠਜੋੜ ਕਰਨ ਦਾ ਐਲਾਨ ਕੀਤਾ ਹੈ। ਪਾਰਟੀ ਨੇ ਸੁਲੱਖਣ ਸਿੰਘ ਨੂੰ ਸ਼ਾਹਕੋਟ ਹਲਕੇ ਲਈ ਆਪਣਾ ਉਮੀਦਵਾਰ ਐਲਾਨਿਆ ਹੈ। ਇਸ ਮੌਕੇ ਬਹੁਜਨ ਮੁਕਤੀ ਪਾਰਟੀ ਦੇ ਉਪ-ਪ੍ਰਧਾਨ ਭਗਵਾਨ ਸਿੰਘ ਚੌਹਾਨ ਮੌਜੂਦ ਸਨ।
ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਨੇ ਕਿਹਾ ਕਿ ਸਿੱਖ ਸਿਧਾਤਾਂ ਦੇ ਮੱਦੇਨਜ਼ਰ ਇਹ ਗਠਜੋੜ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦਲਿਤਾਂ ਅਤੇ ਘੱਟਗਿਣਤੀਆਂ ’ਤੇ ਜ਼ੁਲਮ ਢਾਹ ਰਹੀ ਹੈ, ਇਸ ਕਰਕੇ ਸਾਰਿਆਂ ਦਾ ਇਕਜੁੱਟ ਹੋਣਾ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸ਼ਾਹਕੋਟ ਲਈ ਉਨ੍ਹਾਂ ਨੇ ਸਾਫ-ਸੁਥਰੇ ਕਿਰਦਾਰ ਵਾਲਾ ਉਮੀਦਵਾਰ ਦਿੱਤਾ ਹੈ ਜਦਕਿ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨਾਜਾਇਜ਼ ਮਾਈਨਿੰਗ ਅਤੇ ਹੋਰ ਮਾਮਲਿਆਂ ’ਚ ਫਸੇ ਹੋਏ ਹਨ। ਉਨ੍ਹਾਂ ਦਾਅਵਾ ਕੀਤਾ ਕਿ ਸ਼ਾਹਕੋਟ ਜ਼ਿਮਨੀ ਚੋਣ ’ਚ ਹਾਲਾਤ ਉਨ੍ਹਾਂ ਲਈ ਅਨੁਕੂਲ ਹਨ।
ਮਾਨ ਨੇ ਕਿਹਾ ਕਿ ਦੋਸ਼ ਲਾਇਆ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀਆਂ ਨੀਤੀਆ ’ਚ ਕੋਈ ਫਰਕ ਨਹੀਂ ਹੈ। ਉਨ੍ਹਾਂ ਕਿਹਾ ਕਿ 2010 ’ਚ ਇਸ ਤਰ੍ਹਾਂ ਦੀ ਕਿਤਾਬ ਛਾਪੀ ਗਈ, ਜਿਸ ’ਚ ਸਿੱਖ ਇਤਿਹਾਸ ਬਾਰੇ ਇਤਰਾਜ਼ਯੋਗ ਗੱਲਾਂ ਲਿਖੀਆਂ ਗਈਆਂ ਸਨ। ਸ੍ਰੀ ਮਾਨ ਨੇ ਕਿਹਾ ਕਿ ਕੈਪਟਨ ਸਰਕਾਰ ਵੀ ਸਿੱਖ ਇਤਿਹਾਸ ਨਾਲ ਛੇੜ-ਛਾੜ ਕਰ ਰਹੀ ਹੈ। ਮਾਨ ਨੇ ਐਲਾਨ ਕੀਤਾ ਕਿ 1 ਜੂਨ ਨੂੰ ਉਨ੍ਹਾਂ ਵੱਲੋਂ ਬਰਗਾੜੀ ’ਚ ਵੱਡੀ ਕਾਨਫਰੰਸ ਕੀਤੀ ਜਾਵੇਗੀ।