June 1, 2016 | By ਸਿੱਖ ਸਿਆਸਤ ਬਿਊਰੋ
ਫਤਿਹਗੜ੍ਹ ਸਾਹਿਬ: ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਸਿੱਖ ਕੌਮ ਨੂੰ ਅਮਨਮਈ ਢੰਗਾਂ ਰਾਹੀਂ ਦਰਬਾਰ ਸਾਹਿਬ ਵਿਖੇ 5 ਜੂਨ ਦੀ ਰਾਤ ਨੂੰ ਪਹੁੰਚਣ ਦੀ ਅਪੀਲ ਕੀਤੀ ਹੈ। ਪਾਰਟੀ ਵਲੋਂ ਜਾਰੀ ਬਿਆਨ ਵਿਚ ਉਨ੍ਹਾਂ ਕਿਹਾ ਕਿ ਸਿੱਖ ਕੌਮ 6 ਜੂਨ ਵਾਲੇ ਦਿਨ ਹਰ ਸਾਲ ਅਮਨਮਈ ਢੰਗ ਨਾਲ ਆਪਣੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੀ ਆ ਰਹੀ ਹੈ।
ਇਹ ਫਿਰਕਾਪ੍ਰਸਤ ਤਾਕਤਾਂ ਦੀ ਸਾਜਿਸ਼ਾਂ ਹੀ ਹਨ ਜੋ ਟਾਸਕ ਫੋਰਸ, ਸਾਦੇ ਕੱਪੜਿਆਂ ਵਿਚ ਪੁਲਿਸ ਵਾਲੇ, ਖੁਫੀਆ ਏਜੰਸੀਆਂ ਨੂੰ ਦਰਬਾਰ ਸਾਹਿਬ ਵਿਚ ਅਜਿਹੇ ਮੌਕਿਆਂ ’ਤੇ ਘੁਸਪੈਠ ਕਰਵਾ ਕੇ ਉਥੋਂ ਦੇ ਧਾਰਮਿਕ ਤੇ ਸਮਾਜਿਕ ਮਾਹੌਕ ਨੂੰ ਜਾਣਬੁੱਝ ਕੇ ਗੰਧਲਾ ਕਰਦੇ ਹੋਏ ਸਿੱਖ ਕੌਮ ਨੂੰ ਬਦਨਾਮ ਕਰਨ ਦੀਆ ਸਾਜਿਸ਼ਾਂ ਰਚਦੀਆਂ ਆ ਰਹੀਆਂ ਹਨ।
ਪੰਜਾਬ ਸਰਕਾਰ ਨੇ ਉਥੇ ਵੱਡੀ ਗਿਣਤੀ ਵਿਚ ਨੀਮ ਫੌਜੀ ਦਸਤੇ ਤਾਇਨਾਤ ਕਰਨ ਦਾ ਪ੍ਰਬੰਧ ਕਰਕੇ ਸਿੱਖ ਕੌਮ ਵਿਚ ਉਸੇ ਤਰ੍ਹਾਂ ਦਹਿਸ਼ਤ ਪਾਈ ਹੈ ਜਿਵੇਂ 10 ਨਵੰਬਰ 2015 ਨੁੰ ਚੱਬਾ (ਅੰਮ੍ਰਿਤਸਰ) ਵਿਖੇ ਸਰਬੱਤ ਖ਼ਾਲਸਾ ਸਮੇਂ ਸਮੁੱਚੇ ਪੰਜਾਬ ਖਾਸ ਕਰਕੇ ਅੰਮ੍ਰਿਤਸਰ ਜ਼ਿਲ੍ਹੇ ਵਿਚ ਵੱਡੀ ਗਿਣਤੀ ਵਿਚ ਫੋਰਸਾਂ ਲਗਾਕੇ “ਦਹਿਸ਼ਤ” ਫੈਲਾਈ ਸੀ। ਪਰ ਜਿਵੇਂ ਸਿੱਖ ਸੰਗਤਾਂ ਨੇ ਇਹਨਾਂ ਵਲੋਂ ਸਾਜਸ਼ੀ ਢੰਗ ਨਾਲ ਫੈਲਾਈ ਗਈ ਦਹਿਸ਼ਤ, ਪੁਲਿਸ, ਫੌਜ, ਨੀਮ ਫੌਜੀ ਬਲਾਂ ਦੀ ਵੱਡੀ ਗਿਣਤੀ ਦੀ ਪ੍ਰਵਾਹ ਨਾ ਕਰਦੇ ਹੋਏ ਲੱਖਾਂ ਦੀ ਗਿਣਤੀ ਵਿਚ ਸਰਬੱਤ ਖ਼ਾਲਸਾ ਵਿਚ ਸ਼ਮੂਲੀਅਤ ਕੀਤੀ ਸੀ, ਉਸੇ ਤਰ੍ਹਾਂ 6 ਜੂਨ 2016 ਨੂੰ ਵੀ ਸਿੱਖ ਕੌਮ ਲੱਖਾਂ ਦੀ ਗਿਣਤੀ ਵਿਚ ਪਹੁੰਚੇਗੀ।
ਉਨ੍ਹਾਂ ਕਿਹਾ ਜੇਕਰ ਉਥੇ ਕੋਈ ਅਣਸੁਖਾਵੀਂ ਘਟਨਾ ਵਾਪਰੀ ਤਾਂ ਇਸ ਲਈ ਟਾਸਕ ਫੋਰਸ, ਪੰਜਾਬ ਪੁਲਿਸ ਅਤੇ ਨੀਮ ਫੌਜੀ ਬਲ ਹੀ ਜ਼ਿੰਮੇਵਾਰ ਹੋਣਗੇ। ਮਾਨ ਨੇ ਹਿੰਦੂਤਵੀ ਮੁਤਸਬੀ ਜਮਾਤਾਂ ਅਤੇ ਉਨ੍ਹਾਂ ਦੀ ਸਿੱਖ ਵਿਰੋਧੀ ਸਾਜਸ਼ਾਂ ਵਿਚ ਮਲੀਨ ਹੋ ਚੁਕੀ ਪੰਜਾਬ ਦੀ ਬਾਦਲ ਸਰਕਾਰ ਨੂੰ ਖ਼ਬਰਦਾਰ ਕਰਦੇ ਹੋਏ ਕਿਹਾ ਕਿ ਜੇਕਰ ਦਹਿਸ਼ਤ ਦਾ ਮਾਹੌਲ ਬਣਾ ਕੇ ਸਿੱਖ ਕੌਮ ਨੂੰ 6 ਜੂਨ ਨੂੰ ਸ੍ਰੀ ਦਰਬਾਰ ਸਾਹਿਬ ਸਮੂਹ ਅੰਦਰ ਮੱਥਾ ਟੇਕਣ ਅਤੇ ਅਰਦਾਸ ਵਿਚ ਸ਼ਾਮਲ ਹੋਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸਤੋਂ ਪੈਦਾ ਹੋਏ ਮਾਰੂ ਨਤੀਜਿਆਂ ਲਈ ਸੈਂਟਰ ਦੀ ਮੋਦੀ ਹਕੂਮਤ, ਪੰਜਾਬ ਦੀ ਬਾਦਲ ਹਕੂਮਤ ਅਤੇ ਇਥੋਂ ਦੀਆਂ ਖੁਫੀਆ ਏਜੰਸੀਆਂ, ਪੰਜਾਬ ਪੁਲਿਸ ਜ਼ਿੰਮੇਵਾਰ ਹੋਵੇਗੀ।
Related Topics: June 84 protests, Shiromani Akali Dal Amritsar (Mann), Simranjeet Singh Mann