ਚੰਡੀਗੜ੍ਹ: ਪਿਛਲੇ ਦਿਨੀਂ ਪੰਜਾਬੀ ਭਾਸ਼ਾ ਨੂੰ ਪੰਜਾਬ ਯੂਨੀਵਰਸਿਟੀ ‘ਚ ਪਹਿਲੇ ਦਰਜੇ ਦੀ ਭਾਸ਼ਾ ਬਣਾਉਣ ਲਈ ਵੱਖ- ਵੱਖ ਜੱਥੇਬੰਦੀਆਂ ਵੱਲੋਂ ਇਕੱਠੇ ਹੋ ਕੇ ਮੰਗ ਪੱਤਰ ਦਿੱਤਾ ਗਿਆ ਸੀ। ਇਸ ਮੁੱਦੇ ਨੂੰ ਅੱਗੇ ਵਧਾਉਂਦੇ ਹੋਏ ਅੱਜ ਵਿਦਿਆਰਥੀ ਜੱਥੇਬੰਦੀਆਂ ਵੱਲੋਂ ਬੈਠਕ ਕੀਤੀ ਗਈ। ਇਸ ਵਿੱਚ ਸੰਘਰਸ਼ ਨੂੰ ਅੱਗੇ ਵਧਾਉਣ ਲਈ ‘ਮਾਂ ਬੋਲੀ ਚੇਤਨਾ ਮੰਚ’ ਬਣਾਇਆ ਗਿਆ।
ਇਸ ਮੰਚ ਵਿੱਚ ਸੱਥ, ਐੱਸ.ਐੱਫ.ਆਈ., ਪੀ.ਐੱਸ.ਯੂ.(ਲਲਕਾਰ), ਏ.ਆਈ.ਐੱਸ.ਏ., ਐੱਸ.ਐੱਫ.ਐੱਸ., ਪੁਸੂ, ਐੱਨ. ਐੱਸ.ਯੂ. ਆਈ., ਪੀ. ਪੀ.ਐੱਸ.ਓ., ਆਈ.ਐੱਸ.ਏ ਅਤੇ ਸੋਈ ਨਾਮ ਦੀਆਂ ਵਿਦਿਆਰਥੀ ਜਥੇਬੰਦੀਆਂ ਸ਼ਾਮਿਲ ਹਨ।
ਇਸ ਮੰਚ ਤਹਿਤ ਲੋਕਾਂ ਲਈ ਉਹਨਾਂ ਦੀਆਂ ਮਾਂ ਬੋਲੀਆਂ ਦੀ ਅਹਿਮੀਅਤ ਤੇ ਮੌਜੂਦਾ ਸਰਕਾਰੀ ਢਾਂਚੇ ਅੰਦਰ ਹੋ ਰਹੇ ਦਮਨ ਬਾਰੇ ਵਿਦਿਆਰਥੀਆਂ ਨੂੰ ਚੇਤਨ ਕਰਵਾਇਆ ਜਾਵੇਗਾ।
ਇਸ ਮੰਚ ਦੀ ਅਗਵਾਈ ਵਿਚ ਹੀ ਪੰਜਾਬ ਯੂਨੀਵਰਸਿਟੀ ‘ਚ ਪੰਜਾਬੀ ਨੂੰ ਬਣਦਾ ਹੱਕ ਦਿਵਾਉਣ ਲਈ ਸੰਘਰਸ਼ ਤਿੱਖਾ ਕੀਤਾ ਜਾਵੇਗਾ। ਮੰਚ ਵੱਲੋਂ 30 ਅਕਤੂਬਰ ਨੂੰ ਭਾਸ਼ਾ ਦੇ ਮੁੱਦੇ ‘ਤੇ ਸੈਮੀਨਾਰ ਕਰਵਾਉਣ ਦਾ ਫੈਸਲਾ ਵੀ ਲਿਆ ਗਿਆ।