ਲੁਧਿਆਣਾ ਪੁਲਿਸ ਵਲੋਂ ਆਰਐਸਐਸ ਆਗੂ ਰਵਿੰਦਰ ਗੋਸਾਈਂ ਦੇ ਕਤਲ 'ਚ ਇਸਤੇਮਾਲ ਮੋਟਰਸਾਈਕਲ ਬਰਾਮਦ ਕਰਨ ਦਾ ਦਾਅਵਾ, ਰਵਿੰਦਰ ਗੋਸਾਈਂ ਦੀ ਫਾਈਲ ਫੋਟੋ

ਸਿਆਸੀ ਖਬਰਾਂ

ਪੁਲਿਸ ਵਲੋਂ ਆਰਐਸਐਸ ਆਗੂ ਰਵਿੰਦਰ ਗੋਸਾਈਂ ਦੇ ਕਤਲ ‘ਚ ਇਸਤੇਮਾਲ ਮੋਟਰਸਾਈਕਲ ਬਰਾਮਦ ਕਰਨ ਦਾ ਦਾਅਵਾ

By ਸਿੱਖ ਸਿਆਸਤ ਬਿਊਰੋ

October 19, 2017

ਲੁਧਿਆਣਾ: ਬਸਤੀ ਜੋਧੇਵਾਲ (ਲੁਧਿਆਣਾ) ਦੇ ਇਲਾਕੇ ਗਗਨਦੀਪ ਕਾਲੋਨੀ ਵਿਚ 17 ਅਕਤੂਬਰ, 2017 ਨੂੰ ਆਰ.ਐਸ.ਐਸ. ਆਗੂ ਰਵਿੰਦਰ ਗੁਸਾਈਂ ਦੇ ਕਤਲ ਲਈ ਵਰਤਿਆ ਮੋਟਰਸਾਈਕਲ ਪੁਲਿਸ ਨੇ ਬਰਾਮਦ ਕਰ ਲਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਪੁਲਿਸ ਵਲੋਂ ਕੱਲ੍ਹ (18 ਅਕਤੂਬਰ, 2017) ਬਾਅਦ ਦੁਪਹਿਰ ਅਣਪਛਾਤੇ ਹਮਲਾਵਰਾਂ ਵੱਲੋਂ ਵਰਤਿਆ ਮੋਟਰਸਾਈਕਲ ਲੁਧਿਆਣਾ-ਜਲੰਧਰ ਮੁੱਖ ਸੜਕ ‘ਤੇ ਪੈਂਦੇ ਪਿੰਡ ਮਝ ਫੱਗੂਵਾਲ ਤੋਂ ਬਰਾਮਦ ਕਰ ਲਿਆ ਹੈ। ਪੁਲਿਸ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਕੁਝ ਪੁਲਿਸ ਮੁਲਾਜ਼ਮ ਇਕ ਸੜਕ ਹਾਦਸੇ ਦੀ ਜਾਂਚ ਪੜਤਾਲ ਕਰਨ ਲਈ ਉਥੇ ਗਏ ਸਨ ਤਾਂ ਉਨ੍ਹਾਂ ਨੂੰ ਮੋਟਰਸਾਈਕਲ ਝਾੜੀਆਂ ਵਿਚ ਪਿਆ ਮਿਲਿਆ।

ਉਨ੍ਹਾਂ ਮੁਲਾਜ਼ਮਾਂ ਨੇ ਇਸ ਸਬੰਧੀ ਉਚ ਪੁਲਿਸ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ। ਸੂਚਨਾ ਮਿਲਦੇ ਜ਼ਿਲ੍ਹੇ ਦੇ ਉੱਚ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚੇ। ਪੁਲਿਸ ਵਲੋਂ ਮੋਟਰਸਾਈਕਲ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਕਤ ਮੋਟਰਸਾਈਕਲ ਦੀ ਰਜਿਸਟ੍ਰੇਸ਼ਨ ਲੁਧਿਆਣਾ ਦੇ ਡੀ.ਟੀ.ਓ. ਦਫ਼ਤਰ ਵਿਚ ਫੁੱਲਾਂਵਾਲ ਦੇ ਰਹਿਣ ਵਾਲੇ ਇਕ ਨੌਜਵਾਨ ਦੇ ਨਾਂਅ ‘ਤੇ ਹੋਈ ਹੈ। ਮੀਡੀਆ ਦੀਆਂ ਖ਼ਬਰਾਂ ਮੁਤਾਬਕ ਪੁਲਿਸ ਵਲੋਂ ਉਸ ਪਤੇ ‘ਤੇ ਛਾਪੇਮਾਰੀ ਕੀਤੀ ਗਈ ਸੀ, ਪਰ ਘਰ ਵਿਚ ਤਾਲਾ ਲੱਗਾ ਹੋਇਆ ਸੀ, ਜਿਸ ਥਾਂ ‘ਤੇ ਪੁਲਿਸ ਵਲੋਂ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ, ਉਹ ਥਾਂ ਘਟਨਾ ਵਾਲੀ ਥਾਂ ਤੋਂ ਕਰੀਬ 10 ਕਿਲੋਮੀਟਰ ਦੀ ਦੂਰੀ ‘ਤੇ ਹੈ ਅਤੇ ਹਮਲਾਵਰਾਂ ਨੂੰ ਉਥੇ ਪਹੁੰਚਣ ਸਮੇਂ ਘੱਟੋ-ਘੱਟ ਅੱਧੇ ਘੰਟੇ ਦਾ ਸਮਾਂ ਲੱਗਿਆ ਹੋਵੇਗਾ।

ਸਬੰਧਤ ਖ਼ਬਰ: ਰਵਨੀਤ ਬਿੱਟੂ ਅਤੇ ਸੁਖਪਾਲ ਖਹਿਰਾ ਅਫਸੋਸ ਕਰਨ ਲਈ ਪਹੁੰਚੇ ਆਰ.ਐਸ.ਐਸ. ਆਗੂ ਗੋਸਾਈਂ ਦੇ ਘਰ …

ਹਾਲ ਦੀ ਘੜੀ ਪੁਲਿਸ ਅਧਿਕਾਰੀ ਇਸ ਮਾਮਲੇ ਵਿਚ ਕੁਝ ਵੀ ਦੱਸਣ ਤੋਂ ਇਨਕਾਰ ਕਰ ਰਹੇ ਹਨ। ਪੁਲਿਸ ਤੋਂ ਇਲਾਵਾ ਕੁਝ ਖੁਫ਼ੀਆ ਏਜੰਸੀਆਂ ਵਲੋਂ ਆਪਣੇ ਪੱਧਰ ‘ਤੇ ਇਸ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਖ਼ਬਰਾਂ ਮੁਤਾਬਕ ਇਹ ਮੋਟਰਸਾਈਕਲ ਕ੍ਰਿਸ਼ਨਾ ਵਾਸੀ ਫੁੱਲਾਂਵਾਲ ਦਾ ਹੈ ਜੋ ਕਿ ਹਮਲਾਵਰਾਂ ਨੇ 10 ਅਕਤੂਬਰ ਨੂੰ ਢੋਲੇਵਾਲ ਚੌਕ (ਲੁਧਿਆਣਾ) ਤੋਂ ਚੁੱਕਿਆ ਸੀ। ਕ੍ਰਿਸ਼ਨਾ ਨੇ ਇਸ ਸਬੰਧੀ ਚੌਕੀ ਮਿਲਰਗੰਜ ‘ਚ ਸ਼ਿਕਾਇਤ ਵੀ ਦਿੱਤੀ ਸੀ।

ਸਬੰਧਤ ਖ਼ਬਰ: ਮੋਟਰਸਾਈਕਲ ਸਵਾਰਾਂ ਵਲੋਂ ਲੁਧਿਆਣਾ ‘ਚ ਆਰਐਸਐਸ ਆਗੂ ਰਵਿੰਦਰ (58) ਦਾ ਅੱਜ ਸਵੇਰੇ ਗੋਲੀਆਂ ਮਾਰ ਕੇ ਕਤਲ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: