ਆਮ ਖਬਰਾਂ

ਲੁਧਿਆਣਾ ਗੋਲੀ ਕਾਂਡ: ਐੱਸਐੱਸਪੀ ਖੰਨਾ ਮੁਅੱਤਲ, ਐੱਸਐੱਚਓ ਮਨਜਿੰਦਰ ਸਿੰਘ ਸਮੇਤ ਚਾਰ ਮੁਲਾਜ਼ਮ ਬਰਖਾਸਤ

By ਸਿੱਖ ਸਿਆਸਤ ਬਿਊਰੋ

September 30, 2014

ਲੁਧਿਆਣਾ (29 ਸਤੰਬਰ,2014): ਪੁਲਿਸ ਜਿਲਾ ਖੰਨਾ ਦੀ ਮਾਛੀਵਾੜਾ ਥਾਣੇ ਦੇ ਐੱਸਐੱਚਓ ਦੀ ਅਗਵਾਈ ਵਿੱਵ ਬੀਤੇ ਦਿਨੀ ਲੁਧਿਆਣਾ ਵਿੱਚ ਕਤਲਾਨਾ ਹਮਲੇ ਵਿੱਵ ਲੋੜੀਦੇ ਦੋ ਸਕੇ ਭਰਾਵਾਂ ਨੂੰ ਗੋਲੀਆਂ ਮਾਰ ਕੇ ਮਾਰਨ ਦੀ ਘਟਨਾ ਵਿੱਚ ਪੰਜਾਬ ਸਰਕਾਰ ਵਲੋਂ ਹੁਕਮ ਜਾਰੀ ਕਰਕੇ ਖੰਨਾ ਪੁਲਿਸ ਜ਼ਿਲ੍ਹਾ ਦੇ ਸੀਨੀਅਰ ਪੁਲਿਸ ਕਪਤਾਨ ਹਰਸ਼ ਬਾਂਸਲ ਨੂੰ ਮੁਅੱਤਲ ਕਰ ਦਿੱਤਾ ਗਿਆ। ਇਸ ਮਾਮਲੇ ‘ਚ ਪੁਲਿਸ ਉਚ ਅਧਿਕਾਰੀਆਂ ਵਲੋਂ ਅੱਜ ਦੇਰ ਸ਼ਾਮ ਥਾਣਾ ਮਾਛੀਵਾੜਾ ਦੇ ਐਸ. ਐਚ. ਓ. ਸ: ਮਨਜਿੰਦਰ ਸਿੰਘ ਸਮੇਤ ਚਾਰ ਪੁਲਿਸ ਮੁਲਾਜ਼ਮਾਂ ਨੂੰ ਬਰਖਾਸਤ ਕਰ ਦਿੱਤਾ ਗਿਆ।

ਸ੍ਰੀ ਐਮ. ਕੇ. ਤਿਵਾੜੀ ਵਧੀਕ ਡੀ.ਜੀ.ਪੀ. ਪ੍ਰਸ਼ਾਸਨ ਪੰਜਾਬ ਨੇ ਦੱਸਿਆ ਕਿ ਇਸ ਮਾਮਲੇ ਵਿਚ ਜਾਂਚ ਟੀਮ ਦਾ ਵੀ ਗਠਨ ਕੀਤਾ ਗਿਆ ਹੈ, ਜਿਸ ਵਿਚ ਪੁਲਿਸ ਕਪਤਾਨ ਲੁਧਿਆਣਾ ਦਿਹਾਤੀ ਰਵਚਰਨ ਸਿੰਘ ਬਰਾੜ, ਏ. ਡੀ. ਸੀ. ਪੀ. ਲੁਧਿਆਣਾ-4 ਸਤਵੀਰ ਸਿੰਘ ਅਟਵਾਲ ਤੇ ਏ.ਸੀ.ਪੀ. ਸਾਹਨੇਵਾਲ ਲਖਵੀਰ ਸਿੰਘ ਟਿਵਾਣਾ ਨੂੰ ਦਰਜ ਕੀਤੀ ਗਈ ਮੁੱਢਲੀ ਰਿਪੋਰਟ ਦੀ ਜਾਂਚ ਪੜਤਾਲ ਕਰਨ ਲਈ ਕਿਹਾ ਗਿਆ ਹੈ।

ਲੁਧਿਆਣਾ ਰੇਂਜ ਦੇ ਡੀ. ਆਈ. ਜੀ. ਸ: ਗੁਰਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਐਸ. ਐਚ. ਓ. ਇੰਸਪੈਕਟਰ ਮਨਜਿੰਦਰ ਸਿੰਘ ਤੋਂ ਇਲਾਵਾ ਜਿਨ੍ਹਾਂ ਪੁਲਿਸ ਮੁਲਾਜ਼ਮਾਂ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਗਿਆ ਹੈ, ਉਨ੍ਹਾਂ ‘ਚ ਮਨਜਿੰਦਰ ਸਿੰਘ, ਰੀਡਰ ਯਾਦਵਿੰਦਰ ਸਿੰਘ, ਹੋਮਗਾਰਡ ਦਾ ਜਵਾਨ ਅਜੀਤ ਸਿੰਘ ਅਤੇ ਬਲਦੇਵ ਸਿੰਘ ਸ਼ਾਮਿਲ ਹਨ।

ਜਾਣਕਾਰੀ ਅਨੁਸਾਰ ਪੁਲਿਸ ਉਚ ਅਧਿਕਾਰੀਆਂ ਵਲੋਂ ਖੰਨਾ ਦੇ ਸੀਨੀਅਰ ਪੁਲਿਸ ਕਪਤਾਨ ਹਰਸ਼ ਬਾਂਸਲ ਨੂੰ ਮੁਅੱਤਲ ਕਰਨ ਦੀ ਕਾਰਵਾਈ ਆਈ.ਜੀ. ਨਿਰਮਲ ਸਿੰਘ ਢਿੱਲੋਂ ਦੀ ਰਿਪੋਰਟ ਤੋਂ ਬਾਅਦ ਅਮਲ ‘ਚ ਲਿਆਂਦੀ ਗਈ। ਸ. ਢਿੱਲੋਂ ਨੇ ਆਪਣੀ ਜਾਂਚ ਰਿਪੋਰਟ ‘ਚ ਸ੍ਰੀ ਬਾਂਸਲ ਵਲੋਂ ਇਸ ਮਾਮਲੇ ‘ਚ ਕੀਤੀ ਕਾਰਵਾਈ ‘ਤੇ ਅਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ ਸੀ ਤੇ ਸ. ਢਿੱਲੋਂ ਨੇ ਸ਼੍ਰੀ ਬਾਂਸਲ ਉਪਰ ਐਸ.ਐਚ.ਓ. ਮਾਛੀਵਾੜਾ ਨੂੰ ਬਚਾਉਣ ਦਾ ਵੀ ਦੋਸ਼ ਲਾਇਆ ਸੀ।

ਉਨ੍ਹਾਂ ਦੱਸਿਆ ਕਿ ਐਸ ਐਚ ਓ ਦਾ ਪੁਰਾਣਾ ਰਿਕਾਰਡ ਵੀ ਤਲਬ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅੱਜ ਉਨ੍ਹਾਂ ਨੇ ਮ੍ਰਿਤਕ ਲੜਕਿਆਂ ਜਤਿੰਦਰ ਸਿੰਘ ਤੇ ਹਰਿੰਦਰ ਸਿੰਘ ਦੇ ਮਾਪਿਆਂ ਨਾਲ ਵੀ ਮੁਲਾਕਾਤ ਕੀਤੀ ਤੇ ਉਨ੍ਹਾਂ ਤੋਂ ਵੀ ਸਾਰੇ ਘਟਨਾਕ੍ਰਮ ਬਾਰੇ ਜਾਣਕਾਰੀ ਲਈ ਗਈ ਹੈ। ਕਮਿਸ਼ਨ ਵਲੋਂ ਵੱਖ ਵੱਖ ਪਹਿਲੂਆਂ ਦੇ ਆਧਾਰ ‘ਤੇ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਕਿਹਾ ਕਿ ਉਹ ਇਸ ਸਾਰੇ ਮਾਮਲੇ ਦੀ ਜਾਂਚ ਦਾ ਕੰਮ ਏ. ਡੀ. ਜੀ. ਪੀ. ਅਧਿਕਾਰੀ ਨੂੰ ਸੌਂਪੇ।

ਮ੍ਰਿਤਕ ਲੜਕਿਆਂ ਦੇ ਮਾਪਿਆਂ ਨੇ ਪ੍ਰਗਟਾਇਆ ਜਾਨ ਦਾ ਖ਼ਦਸ਼ਾ: ਸਥਾਨਕ ਸਰਕਟ ਹਾਊਸ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮ੍ਰਿਤਕ ਨੌਜਵਾਨਾਂ ਦੇ ਪਿਤਾ ਸ: ਸਤਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਦਾ ਕਸੂਰ ਸਿਰਫ਼ ਇੰਨਾ ਸੀ ਕਿ ਉਨ੍ਹਾਂ ਨੇ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਅਕਾਲੀ ਦਲ ਦੀ ਹਮਾਇਤ ਨਹੀਂ ਕੀਤੀ, ਜਿਸ ਕਾਰਨ ਪਿੰਡ ਦੀ ਮਹਿਲਾ ਸਰਪੰਚ ਦਾ ਪਤੀ ਗੁਰਜੀਤ ਸਿੰਘ ਉਨ੍ਹਾਂ ਨਾਲ ਰੰਜਿਸ਼ ਰੱਖਦਾ ਸੀ।

ਉਨ੍ਹਾਂ ਦੱਸਿਆ ਕਿ ਪਹਿਲਾਂ ਸਰਪੰਚ ਦੇ ਪਤੀ ਨੇ ਉਸਦੇ ਲੜਕਿਆਂ ਨੂੰ ਝੂਠੇ ਕੇਸ ਵਿਚ ਫਸਾ ਦਿੱਤਾ ਤੇ ਫਿਰ ਉਨ੍ਹਾਂ ਨੂੰ ਕਤਲ ਕਰ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਸਰਪੰਚ ਦਾ ਭਰਾ ਤੇ ਉਸਦੇ ਕੁਝ ਹਮਾਇਤੀ ਉਨ੍ਹਾਂ ਨੂੰ ਧਮਕੀਆਂ ਦੇ ਰਹੇ ਹਨ। ਉਨ੍ਹਾਂ ਦੱਸਿਆ ਕਿ ਗੁਰਜੀਤ ਸਿੰਘ ਵੱਲੋਂ ਜਿਸ ਪਿਸਤੌਲ ਤੋਂ ਗੋਲੀਆਂ ਚਲਾਈਆਂ ਗਈਆਂ ਹਨ, ਉਹ ਮਹਿਲਾ ਸਰਪੰਚ ਦਾ ਸੀ। ਇਸ ਲਈ ਉਸ ਨੂੰ ਵੀ ਇਸ ਕੇਸ ‘ਚ ਨਾਮਜ਼ਦ ਕੀਤਾ ਜਾਵੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: