ਪੰਜਾਬ ਦੀ ਰਾਜਨੀਤੀ

ਬੇਭਰੋਸਗੀ ਵਾਲੇ ਸਾਧਨਾਂ ਰਾਹੀਂ ਆਏ ਭਾਈ ਹਵਾਰਾ ਦੇ ਬਿਆਨ ਨਾਲ ਪੰਥ ‘ਚ ਭੰਬਲਭੂਸਾ ਪਿਆ: ਮਾਨ

By ਸਿੱਖ ਸਿਆਸਤ ਬਿਊਰੋ

October 03, 2016

ਫ਼ਤਹਿਗੜ੍ਹ ਸਾਹਿਬ: ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਬਿਆਨ ਜਾਰੀ ਕਰਕੇ ਕਿਹਾ, “ਅਖ਼ਬਾਰਾਂ ਅਤੇ ਮੀਡੀਏ ਵਿਚ ਭਾਈ ਜਗਤਾਰ ਸਿੰਘ ਹਵਾਰਾ ਵਲੋਂ ਜੋ ਵਿਚਾਰ ਪੜ੍ਹਨ ਸੁਣਨ ਨੂੰ ਮਿਲ ਰਹੇ ਹਨ ਉਨ੍ਹਾਂ ਬਾਰੇ ਸੰਗਤਾਂ ‘ਚ ਭੰਬਲਭੂਸਾ ਹੈ ਕਿ ਉਹਨਾਂ ਦੇ ਹਨ ਜਾਂ ਉਨ੍ਹਾਂ ਦੇ ਨਾਮ ਦੀ ਦੁਰਵਰਤੋਂ ਹੋ ਰਹੀ ਹੈ ਕਿਉਂਕਿ ਭਾਈ ਸਾਹਿਬ ਖੁਦ ਹਿੰਦੂ ਹੁਕਮਰਾਨਾਂ ਦੀ ਜੇਲ੍ਹ ਵਿਚ ਬੰਦ ਹਨ।” ਜਾਰੀ ਬਿਆਨ ਵਿਚ ਸ. ਮਾਨ ਨੇ ਕਿਹਾ, “ਹੋ ਸਕਦਾ ਹੈ ਕਿ ਭਾਈ ਹਵਾਰਾ ਨੂੰ ਖ਼ਾਲਸਾ ਪੰਥ ਅਤੇ ਪੰਜਾਬ ਪ੍ਰਤੀ ਸਹੀ ਜਾਣਕਾਰੀ ਨਾ ਮਿਲਦੀ ਹੋਵੇ। ਜਿਨ੍ਹਾਂ ਸਾਧਨਾਂ ਰਾਹੀਂ ਉਹਨਾਂ ਨੂੰ ਜਾਣਕਾਰੀ ਮਿਲ ਰਹੀ ਹੈ, ਉਹਨਾਂ ਸਾਧਨਾਂ ਦੇ ਆਪਣੇ ਨਿੱਜੀ ਜਾਂ ਹਕੂਮਤ ਪੱਖੀ ਸੋਚ ਹੋਣ ਤੋਂ ਇੰਨਕਾਰ ਨਹੀਂ ਕੀਤਾ ਜਾ ਸਕਦਾ। ਫਿਰ ਸਮੁੱਚੇ ਖ਼ਾਲਸਾ ਪੰਥ ਨੂੰ ਇਹ ਵੀ ਜਾਣਕਾਰੀ ਹੈ ਕਿ ਭਾਈ ਜਗਤਾਰ ਸਿੰਘ ਹਵਾਰਾ ਆਪ ਉੱਚੀ-ਸੁੱਚੀ ਪੰਥਕ ਅਤੇ ਇਨਕਲਾਬੀ ਸੋਚ ਦੇ ਮਾਲਕ ਹਨ।

ਜੋ ਅਖ਼ਬਾਰਾਂ ਰਾਹੀਂ ਉਹਨਾਂ ਦੇ ਨਾਮ ‘ਤੇ 10 ਨਵੰਬਰ 2016 ਨੂੰ ਹੋਣ ਜਾ ਰਹੇ ਸਰਬੱਤ ਖ਼ਾਲਸਾ ਦੀ ਅਗਵਾਈ ਪੰਜ ਪਿਆਰਿਆਂ ਨੂੰ ਦੇਣ ਦੀ ਗੱਲ ਕਹੀ ਗਈ ਹੈ, ਇਹ ਗੱਲ ਪੰਥਕ ਹਲਕਿਆਂ ਵਿਚ ਹਜ਼ਮ ਨਹੀਂ ਹੋ ਰਹੀ। ਬੇਸ਼ੱਕ ਪੰਜ ਪਿਆਰਿਆਂ ਦੇ ਸਿਧਾਂਤ ਦੀ ਸਿੱਖ ਕੌਮ ਵਿਚ ਵੱਡੀ ਮਹਾਨਤਾ ਹੈ, ਪਰ ਲੰਮੇ ਸਮੇਂ ਤੋਂ ਪੰਜ ਪਿਆਰਿਆਂ ਵੱਲੋਂ ਅੰਮ੍ਰਿਤ ਪਾਨ ਕਰਵਾਉਣ ਜਾਂ ਕਿਸੇ ਸਿੱਖ ਦਿਹਾੜੇ ਉਤੇ ਕੱਢੇ ਜਾਣ ਵਾਲੇ ਨਗਰ ਕੀਰਤਨ ਸਮੇਂ ਅਗਵਾਈ ਕਰਨਾ ਹੀ ਰਿਹਾ ਹੈ। ਫਿਰ ਮੌਜੂਦਾ ਪੰਜ ਪਿਆਰੇ ਉਹ ਹਨ, ਜਿਨ੍ਹਾਂ ਨੇ 10 ਨਵੰਬਰ 2015 ਦੇ ਸਰਬੱਤ ਖ਼ਾਲਸੇ ਦੇ ਹੋਏ 13 ਫੈਸਲਿਆਂ, ਜਿਨ੍ਹਾਂ ਵਿਚ ਤਖ਼ਤਾਂ ਦੇ ਜਥੇਦਾਰ ਸਾਹਿਬਾਨਾਂ ਦੀ ਨਿਯੁਕਤੀ ਵੀ ਹੋਈ ਹੈ, ਉਹਨਾਂ ਫੈਸਲਿਆ ਨੂੰ ਇਹ ਪੰਜ ਪਿਆਰੇ ਪ੍ਰਵਾਨ ਹੀ ਨਹੀਂ ਕਰਦੇ। ਜਦੋਂ ਇਹ ਪੰਜ ਪਿਆਰੇ ਦੁਬਈ ਗਏ ਸਨ, ਤਾਂ ਉਹਨਾਂ ਨੂੰ ਜਦੋਂ ਪੁੱਛਿਆ ਗਿਆ ਕਿ 10 ਨਵੰਬਰ 2015 ਨੂੰ ਹੋਏ ਸਰਬੱਤ ਖ਼ਾਲਸਾ ਦੇ ਫੈਸਲਿਆਂ ਅਤੇ ਜਥੇਦਾਰਾਂ ਦੀ ਨਿਯੁਕਤੀ ਨੂੰ ਉਹ ਪ੍ਰਵਾਨ ਕਰਦੇ ਹਨ ਕਿ ਨਹੀਂ, ਤਾਂ ਉਹਨਾਂ ਦਾ ਜੁਆਬ ਸੀ “ਕਿ ਪਹਿਲੇ ਇਹ ਜਥੇਦਾਰ ਬਾਦਲ ਦੇ ਲਿਫਾਫੇ ਵਿਚੋਂ ਨਿਕਲਦੇ ਸਨ ਅਤੇ ਹੁਣ ਮਾਨ ਦੇ ਲਿਫਾਫੇ ਵਿਚੋਂ ਨਿਕਲੇ ਹਨ”। ਫਿਰ ਪਹਿਲੇ ਬਾਦਲ ਰਾਹੀਂ ਅਤੇ ਹੁਣ ਸਰਬੱਤ ਖ਼ਾਲਸੇ ਰਾਹੀਂ ਚੁਣੇ ਜਥੇਦਾਰਾਂ ਦੀ ਢੰਗ-ਵਿਧੀ ਵਿਚ ਕੀ ਫਰਕ ਰਹਿ ਗਿਆ ਹੈ? ਹੁਣ ਸਿੱਖ ਕੌਮ ਅਤੇ ਭਾਈ ਜਗਤਾਰ ਸਿੰਘ ਹਵਾਰਾ ਸੋਚ ਵਿਚਾਰ ਕਰ ਲੈਣ ਕਿ ਸਰਬੱਤ ਖ਼ਾਲਸਾ ਦੇ ਫੈਸਲਿਆਂ ਨੂੰ ਪ੍ਰਵਾਨ ਨਾ ਕਰਨ ਵਾਲੇ ‘ਪੰਜ ਪਿਆਰੇ’ 10 ਨਵੰਬਰ 2016 ਨੂੰ ਹੋਣ ਜਾ ਰਹੇ ਸਰਬੱਤ ਖ਼ਾਲਸੇ ਦੀ ਅਗਵਾਈ ਕਰਨ ਦੇ ਸਮਰੱਥ ਹਨ ਜਾਂ ਨਹੀਂ?”

ਮਾਨ ਨੇ ਅਖ਼ਬਾਰਾਂ ਅਤੇ ਮੀਡੀਏ ਵਿਚ ਪ੍ਰਕਾਸ਼ਿਤ ਹੋਈ ਚਿੱਠੀ ਅਤੇ ਉਹਨਾਂ ਦੇ ਨਾਮ ‘ਤੇ ਜੇਲ੍ਹ ਵਿਚੋਂ ਬੇਭਰੋਸਗੀ ਵਾਲੇ ਸਾਧਨਾਂ ਰਾਹੀਂ ਆਏ ਪੱਤਰ ਦੇ ਸਹੀ ਹੋਣ ਜਾਂ ਨਾ ਹੋਣ ਉਤੇ ਸਿੱਖ ਸੰਗਤ ਵੱਲੋਂ ਭੰਬਲਭੂਸੇ ਵਾਲੀ ਸਥਿਤੀ ਪੈਦਾ ਹੋ ਜਾਣ ਦੇ ਮਸਲੇ ਨੂੰ ਹਲ ਕਰਨ ਲਈ ਭਾਈ ਜਗਤਾਰ ਸਿੰਘ ਹਵਾਰਾ ਨੂੰ ਕੌਮ ਲਈ ਕੀਤੇ ਜਾਣ ਵਾਲੇ ਹੁਕਮਾਂ ਨੂੰ ਦੂਸਰੇ ਤਖ਼ਤਾਂ ਦੇ ਜਥੇਦਾਰ ਸਾਹਿਬਾਨ ਰਾਹੀਂ ਹੀ ਸਿੱਖ ਸੰਗਤਾਂ ਦੀ ਜਾਣਕਾਰੀ ਲਈ ਨਸ਼ਰ ਕਰਨ ਦੀ ਬੇਨਤੀ ਕੀਤੀ। ਸ. ਮਾਨ ਨੇ ਦਾਅਵੇ ਨਾਲ ਕਿਹਾ ਕਿ ਭਾਈ ਜਗਤਾਰ ਸਿੰਘ ਹਵਾਰਾ ਕਦੀ ਵੀ ‘ਸਰਬੱਤ ਖ਼ਾਲਸੇ’ ਸੰਬੰਧੀ ਗੈਰ ਤੁਜ਼ਰਬੇਕਾਰ ‘ਪੰਜ ਪਿਆਰਿਆਂ’ ਨੂੰ ਅਗਵਾਈ ਕਰਨ ਦੀ ਗੱਲ ਨਹੀਂ ਕਰ ਸਕਦੇ। ਜਦੋਂ ਉਹਨਾਂ ਦੇ ਵਿਚਾਰ ਜਾਂ ਹੁਕਮ ਦੂਸਰੇ ਤਖ਼ਤਾਂ ਦੇ ਜਥੇਦਾਰ ਸਾਹਿਬਾਨ ਰਾਹੀਂ ਜਨਤਕ ਹੋਣਗੇ ਤਾਂ ਸਮੁੱਚੀ ਸਿੱਖ ਕੌਮ ਉਹਨਾਂ ਵਿਚਾਰਾਂ ‘ਤੇ ਯਕੀਨ ਵੀ ਕਰੇਗੀ ਅਤੇ ਉਹਨਾਂ ‘ਤੇ ਦ੍ਰਿੜ੍ਹਤਾ ਨਾਲ ਪਹਿਰਾ ਵੀ ਦੇਵੇਗੀ।

ਸ. ਮਾਨ ਨੇ ਮੌਜੂਦਾ ‘ਪੰਜ ਪਿਆਰਿਆਂ’ ਦੇ ਸੰਬੰਧ ਵਿਚ ਕਿਹਾ ਕਿ ਉਹਨਾਂ ਦੀ ਭੂਮਿਕਾ ਵੀ ਡਾਵਾਂ-ਡੋਲ ਹੀ ਰਹੀ ਹੈ। ਉਹਨਾਂ ਨੇ ਕਦੇ ਵੀ ਨਿਰਪੱਖਤਾ, ਭੈਅ ਤੋਂ ਰਹਿਤ ਹੋ ਕੇ ਸਿਧਾਤਾਂ ਦੀ ਰੌਸਨੀ ਵਿਚ ਫੈਸਲੇ ਨਹੀਂ ਕੀਤੇ। ਇਸ ਲਈ “ਸਰਬੱਤ ਖ਼ਾਲਸਾ” ਵਰਗੀ ਮਹਾਨ ਸਿੱਖੀ ਰਵਾਇਤ ਦੀ ਅਗਵਾਈ ਅਜਿਹੇ ਪੰਜ ਪਿਆਰਿਆਂ ਨੂੰ ਦੇਣ ਦੀ ਕਾਰਵਾਈ, ਹੋਣ ਜਾ ਰਹੇ ਵੱਡੇ ਕੌਮੀ ਫੈਸਲਿਆਂ ਲਈ ਘਾਤਕ ਸਾਬਤ ਹੋਵੇਗੀ। ਕਿਉਂਕਿ ਅਜਿਹੀ ਭੰਬਲਭੂਸੇ ਵਾਲੀ ਸਥਿਤੀ ‘ਚ ਏਜੰਸੀਆਂ ਨੂੰ ਵੀ ਆਪਣੇ ਮਨਸੂਬਿਆਂ ਨੂੰ ਕਾਮਯਾਬ ਕਰਨ ਦਾ ਮੌਕਾ ਮਿਲ ਜਾਵੇਗਾ।

ਇਸ ਲਈ ਸਭ ਤੋਂ ਪਾਰਦਰਸੀ ਢੰਗ ਇਕੋ ਇਕ ਹੈ ਕਿ ਭਾਈ ਜਗਤਾਰ ਸਿੰਘ ਹਵਾਰਾ ਆਪਣੇ ਹੁਕਮਨਾਮੇ ਭਾਈ ਧਿਆਨ ਸਿੰਘ ਮੰਡ, ਭਾਈ ਬਲਜੀਤ ਸਿੰਘ ਦਾਦੂਵਾਲ, ਭਾਈ ਅਮਰੀਕ ਸਿੰਘ ਅਜਨਾਲਾ ਨਾਲ ਸਲਾਹ ਕਰਕੇ ਅਤੇ ਸਰਬਸੰਮਤੀ ਕਰਕੇ ਉਹਨਾਂ ਰਾਹੀਂ ਹੀ ਸੰਗਤਾਂ ਦੀ ਕਚਹਿਰੀ ਵਿਚ ਭੇਜਣ। ਅਜਿਹਾ ਕਰਨ ਨਾਲ ਕਿਸੇ ਵੀ ਪੱਖੋਂ ਪੰਥ-ਵਿਰੋਧੀ ਨੂੰ ਭੰਬਲਭੂਸਾ ਪਾਉਣ ਦਾ ਮੌਕਾ ਨਹੀਂ ਮਿਲੇਗਾ। ਦੂਸਰਾ ਸਿੱਖ ਕੌਮ ਭਾਈ ਸਾਹਿਬ ਦੇ ਵਿਚਾਰਾਂ ਅਤੇ ਫੈਸਲਿਆਂ ‘ਤੇ ਯਕੀਨ ਕਰਦੀ ਹੋਈ ਖੁਦ-ਬ-ਖੁਦ ਇਕ ਪਲੇਟਫਾਰਮ ‘ਤੇ ਇਕੱਤਰ ਹੋ ਜਾਵੇਗੀ ਜੋ ਕਿ ਸਿੱਖ ਕੌਮ ਦਾ ਸਾਂਝਾ ਮਿਸ਼ਨ ਹੈ। ਸਾਨੂੰ ਇਸ ਗੱਲ ਦਾ ਦੁੱਖ ਹੈ ਕਿ 10 ਨਵੰਬਰ 2016 ਨੂੰ ਹੋਣ ਜਾ ਰਿਹਾ ‘ਸਰਬੱਤ ਖ਼ਾਲਸਾ’ ਵੀ ਡਾਵਾ-ਡੋਲ ਹੋ ਗਿਆ ਜਾਪਦਾ ਹੈ, ਜਿਸ ਨੂੰ ਸਪੱਸ਼ਟ ਕਰਨ ਅਤੇ ਸਿੱਖ ਕੌਮ ਦੇ ਯਕੀਨ ਨੂੰ ਮਜ਼ਬੂਤ ਕਰਨ ਦੀ ਅੱਜ ਸਖ਼ਤ ਲੋੜ ਹੈ।

ਸ. ਮਾਨ ਨੇ ਕਿਹਾ ਕਿ ਜੋ ਤਖ਼ਤ ਸਾਹਿਬਾਨਾਂ ਦੇ ਜਥੇਦਾਰ ਸਾਹਿਬਾਨ ਵੱਲੋਂ ਕੱਲ੍ਹ ਮਿਤੀ 4 ਅਕਤੂਬਰ 2016 ਨੂੰ ਬੂੰਗਾ ਮਸਤੂਆਣਾ ਸਾਹਿਬ ਤਲਵੰਡੀ ਸਾਬੋ ਦਮਦਮਾ ਸਾਹਿਬ ਵਿਖੇ ਇਹਨਾਂ ਪੈਦਾ ਹੋਏ ਹਾਲਾਤਾਂ ‘ਤੇ ਵਿਚਾਰਾਂ ਕਰਨ ਲਈ ਇਕੱਤਰਤਾ ਰੱਖੀ ਗਈ ਹੈ, ਉਸ ਵਿਚ ਪਾਰਟੀ ਵੱਲੋਂ ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ ਅਤੇ ਪ੍ਰੋ. ਮਹਿੰਦਰਪਾਲ ਸਿੰਘ (ਦੋਵੇਂ ਜਰਨਲ ਸਕੱਤਰ) ਅਤੇ ਹੋਰ ਸੀਨੀਅਰ ਆਗੂ ਸ਼ਮੂਲੀਅਤ ਕਰਨਗੇ ਕਿਉਂਕਿ ਹਿੰਦ-ਪਾਕਿ ਵਿਚ ਤਣਾਅ ਕਰਕੇ ਪੰਜਾਬ ਦੇ ਸਰਹੱਦੀ ਪਿੰਡਾਂ ਦੇ ਨਿਵਾਸੀਆਂ ਨੂੰ ਜ਼ਬਰੀ ਆਪਣੇ ਘਰਾਂ ਅਤੇ ਜਮੀਨਾਂ ਤੋਂ ਕੱਢਕੇ ਦੂਸਰੇ ਸਥਾਨਾਂ ‘ਤੇ ਪਹੁੰਚਾਉਣ ਦੇ ਅਮਲ ਹੋ ਰਹੇ ਹਨ ਅਤੇ ਉਹਨਾਂ ਦੀਆਂ ਪੱਕ ਚੁੱਕੀਆ ਝੋਨੇ ਦੀਆਂ ਫਸਲਾਂ ਤਬਾਹ ਹੋਣ ਜਾ ਰਹੀਆਂ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: