ਲੰਡਨ: ਪੰਜ ਜੂਨ ਦਿਨ ਐਤਵਾਰ ਨੂੰ ਲੰਡਨ ਵਿਖੇ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਸਮੂਹ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਅਤੇ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਭਾਰੀ ਰੋਸ ਮੁਜਾਹਰਾ ਕੀਤਾ ਜਾ ਰਿਹਾ ਹੈ। ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਦੇ ਕੋਆਰਡੀਨੇਟਰਜ਼ ਭਾਈ ਕੁਲਦੀਪ ਸਿੰਘ ਚਹੇੜੂ, ਭਾਈ ਲਵਸਿ਼ੰਦਰ ਸਿੰਘ ਡੱਲੇਵਾਲ ਅਤੇ ਭਾਈ ਜੋਗਾ ਸਿੰਘ ਵਲੋਂ ਦੱਸਿਆ ਗਿਆ ਕਿ ਇਸ ਰੋਸ ਮੁਜਾਹਰੇ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ ਅਤੇ ਸਿੱਖ ਸੰਗਤਾਂ ਵਿੱਚ ਭਾਰੀ ਉਤਸ਼ਾਹ ਹੈ ।
ਜਿ਼ਕਰਯੋਗ ਹੈ ਕਿ ਜੂਨ 1984 ਨੂੰ ਭਾਰਤ ਦੀ ਬ੍ਰਾਹਣਵਾਦੀ ਸੋਚ ਦੀ ਧਾਰਨੀ ਅਤੇ ਫਿਰਕਾਪ੍ਰਸਤੀ ਦੀ ਭਾਵਨਾ ਨਾਲ ਲਬਰੇਜ਼ ਭਾਰਤ ਸਰਕਾਰ ਵਲੋਂ ਟੈਕਾਂ ਅਤੇ ਤੋਪਾਂ ਨਾਲ ਲੈਸ ਭਾਰਤੀ ਫੌਜ ਦੁਆਰਾ ਸ੍ਰੀ ਦਰਬਾਰ ਸਾਹਿਬ ਤੇ ਅੱਤ ਵਹਿਸ਼ੀ ਹਮਲਾ ਕੀਤਾ ਗਿਆ। ਸਿੱਖ ਤਵਾਰੀਖ ਵਿੱਚ ਵਾਪਰੇ ਇਸ ਖੂਨੀ ਘੱਲੂਘਾਰੇ ਦੌਰਾਨ ਸ੍ਰੀ ਆਕਲ ਤਖਤ ਸਾਹਿਬ ਨੂੰ ਢਹਿ ਢੇਰੀ ਕੀਤਾ ਗਿਆ, ਮਸ਼ੀਨ ਗੰਨਾਂ ਨਾਲ ਸ੍ਰੀ ਦਰਬਾਰ ਸਾਹਿਬ ਤੇ ਅੰਧਾ ਧੁੰਦ ਮਾਰੀਆਂ ਗੋਲੀਆਂ ਨਾਲ 360 ਤੋਂ ਵੱਧ ਗੋਲੀਆਂ ਦੇ ਨਿਸ਼ਾਨ ਪੈ ਗਏ, ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਅਤੇ ਸਮੂਹ ਸਾਥੀ ਸਿੰਘਾਂ ਨੇ ਜਿੱਥੇ ਭਾਰਤੀ ਫੌਜ ਦਾ ਆਖਰੀ ਦਮ ਤੱਕ ਮੁਕਾਬਲਾ ਕੀਤਾ ਉੱਥੇ ਹਿਟਲਰ ਸ਼ਾਹੀ ਭਾਰਤੀ ਫੌਜ ਵਲੋਂ ਹਜ਼ਾਰਾਂ ਨਿਰਦੋਸ਼ ਸਿੱਖਾਂ, ਸਿੱਖ ਬੀਬੀਆਂ, ਬਜੁਰਗਾਂ ਨੂੰ ਸ਼ਹੀਦ ਕੀਤਾ ਗਿਆ। ਦੁੱਧ ਚੁੰਘਦੇ ਬੱਚੇ ਫੌਜੀਆਂ ਵਲੋਂ ਕੋਹ ਕੋਹ ਕੇ ਸ਼ਹੀਦ ਕਰ ਦਿੱਤੇ ਗਏ।
ਇਸ ਰੋਸ ਮੁਜਾਹਰੇ ਵਿੱਚ ਸ਼ਾਮਲ ਹੋਣ ਲਈ ਸਮੂਹ ਗੁਰੁ ਨਾਨਕ ਨਾਮ ਲੇਵਾ ਸਿੱਖਾਂ ਨੂੰ ਬੇਨਤੀ ਕੀਤੀ ਗਈ ਹੈ। ਦੱਸਿਆ ਗਿਆ ਇਸ ਵਾਸਤੇ ਹਰ ਸ਼ਹਿਰ ਤੋਂ ਕੋਚਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਅਤੇ ਹੁਣ ਤੱਕ 150 ਤੋਂ ਵੱਧ ਕੋਚਾਂ ਬੁੱਕ ਹੋ ਚੁੱਕੀਆਂ ਹਨ। ਸਿੱਖ ਸੰਗਤਾਂ ਨੂੰ ਅਪੀਲ ਕੀਤੀ ਗਈ ਕਿ ਉਹ ਆਪੋ ਆਪਣੇ ਸਥਾਨਕ ਗੁਰਦਵਾਰਾ ਸੱਹਿਬੱਨ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਇਸ ਰੋਸ ਮੁਜਾਹਰੇ ਵਿੱਚ ਜਾਣ ਲਈ ਯੋਗ ਸਾਧਨ ਉਪਲਬਧ ਕਰਵਾਉਣ ਲਈ ਬੇਨਤੀ ਕਰਨ।
ਆਪਣਾ ਕੌਮੀ ਫਰਜ਼ ਪਛਾਣੀਏ, ਰੋਸ ਮੁਜਾਹਰੇ ਵਿੱਚ ਸ਼ਾਮਲ ਹੋ ਕੇ ਘੱ਼ਲੂਘਾਰੇ ਦੌਰਾਨ ਜੂਝ ਕੇ ਸ਼ਹੀਦ ਹੋਏ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ, ਭਾਈ ਅਮਰੀਕ ਸਿੰਘ ਜੀ, ਜਨਰਲ ਸ਼ੁਬੇਗ ਸਿੰਘ ਜੀ, ਬੀਬੀ ਉਪਕਾਰ ਕੌਰ ਜੀ ਅਤੇ ਭਾਈ ਮਹਿੰਗਾ ਸਿੰਘ ਜੀ ਸਮੇਤ ਸਮੂਹ ਸਿੰਘ, ਸਿੰਘਣੀਆਂ, ਭੁਝੰਗੀਆਂ ਅਤੇ ਬਜੁਰਗਾਂ ਦੇ ਖੂਨ ਨਾਲ ਸਿਰਜੇ ਗਏ ਅਜਾਦ ਸਿੱਖ ਰਾਜ ਖਾਲਿਸਤਾਨ ਦੇ ਕੌਮੀ ਨਿਸ਼ਾਨੇ ਪ੍ਰਤੀ ਆਪਣੀ ਵਚਨਬੱਧਤਾ ਪ੍ਰਗਾਉਂਦੇ ਹੋਏ ਅੱਗੇ ਵਧਣ ਲਈ ਅਹਿਦ ਦੁਹਰਾਈਏ।