ਲੰਡਨ (4 ਸਤੰਬਰ, 2015): ਦਸਤਾਰ ਸਿੱਖ ਧਰਮ, ਸਿੱਖ ਪਹਿਰਾਵੇ ਅਤੇ ਸਿੱਖ ਸੱਭਿਆਚਾਰ ਦਾ ਅਨਿੱੜਵਾਂ ਅੰਗ ਹੈ। ਦਸਤਾਰ ਤੋਂ ਬਿਨਾਂ ਸਿੱਖ ਅਧੂਰਾ ਹੀ ਨਹੀਂ, ਸਗੋਂ ਇਸ ਤੋਂ ਬਿਨਾਂ ਸਿੱਖ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ।ਸੰਸਾਰ ਵਿੱਚ ਸਿੱਖ ਨੂੰ ਨਿਵੇਕਲੀ ਪਛਾਣ ਪ੍ਰਤੀ ਅਨਜਾਣਤਾ ਕਰਕੇ ਕਈ ਮੁਸ਼ਕਲਾਂ ਦਾ ਸਾਹਮਣਾ ਕਰਨ ਪੈਂਦਾ ਹੈ। ਇਨ੍ਹਾਂ ਮੁਸ਼ਕਲਾਂ ਵਿੱਚੋਂ ਸਿੱਖ ਵਿਦਿਆਰਥੀਆਂ ਨੂੰ ਸਕੁਲ਼ਾਂ ਵਿੱਚ ਦਸਤਾਰ ਸਜ਼ਾਉਣ ‘ਤੇ ਸਮੇਂ ਸਮੇਂ ਲਾਈ ਜਾਂਦੀ ਪਾਬੰਦੀ ਕਾਰਣ ਸਿੱਖ ਵਿਦਿਆਰਥੀਆਂ ਦੇ ਸਵੈਮਾਨ ਨੂੰ ਬਹੁਤ ਸੱਟ ਵੱਜਦੀ ਹੈ।
ਭਾਰਤ ਸਮੇਤ ਸੰਸਾਰ ਵਿੱਚ ਵਿਦਆਿਰਥੀਆਂ ਨੂੰ ਦਸਤਾਰ ਸਜ਼ਾਉਣ ਸਬੰਧੀ ਸਕੂਲ਼ਾਂ ਵਿੱਚ ਆਏ ਦਿਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਸੇ ਤਰਾਂ ਦੀ ਹੀ ਘਟਨਾ ਇੱਥੇ ਵਾਪਰੀ ਜਦੋਂ ਸਾਊਥਹੈਮਪਟਨ ਸੈਕੰਡਰੀ ਸਕੂਲ ਦੀ ਹੈੱਡ ਟੀਚਰ ਨੇ ਦੋ ਸਿੱਖ ਬੱਚੀਆਂ ਨੂੰ ਸਕੂਲ ਵਿਚ ਪਹਿਲੇ ਦਿਨ ਹੀ ਨਵੇਂ ਸੈਸ਼ਨ ਦੀ ਸ਼ੁਰੂਆਤ ਮੌਕੇ ਦਸਤਾਰ ਉਤਾਰਨ ਲਈ ਮਜਬੂਰ ਕਰਨ ਦੇ ਮਾਮਲੇ ਸੰਬੰਧੀ ਮੁਆਫੀ ਮੰਗੀ ਹੈ । ਸੇਂਟ ਐਨੀਜ਼ ਕੈਥੋਲਿਕ ਸਕੂਲ ਦੇ ਹੈਡਲੇਨ ਬਾਉਰਕੇ ਨੇ ਕਿਹਾ ਹੈ ਕਿ ਦਸਤਾਰ ਪਹਿਣ ਕੇ ਸਕੂਲ ਵਿਚ ਦਾਖਲ ਹੋਣ ‘ਤੇ ਪਾਬੰਦੀ ਲਗਾਉਣਾ ਗ਼ਲਤ ਫਹਿਮੀ ਕਾਰਨ ਹੋਇਆ ਹੈ ।
ਨਵੀਆਂ ਜਮਾਤਾਂ ਸ਼ੁਰੂ ਹੋਣ ਦੇ ਪਹਿਲੇ ਦਿਨ ਹੀ ਨਵੀਆਂ ਜਮਾਤਾਂ ਵਿਚ ਕਾਲੇ ਰੰਗ ਦੀਆਂ ਦਸਤਾਰਾਂ ਪਹਿਣ ਕੇ ਗਈਆਂ 11 ਸਾਲਾ ਪਰਸਿਮਰਨ ਕੌਰ ਅਤੇ 13 ਸਾਲਾ ਸਿਮਰਨਜੋਤ ਕੌਰ ਨੂੰ ਸਕੂਲ ਵਿਚ ਦਾਖਲ ਹੋਣ ਤੋਂ ਰੋਕ ਦਿੱਤਾ ਸੀ । ਸਿਮਰਨਜੌਤ ਕੌਰ ਦੀ ਮਾਂ ਸੁਖਵਿੰਦਰ ਕੌਰ ਨੇ ਕਿਹਾ ਕਿ ਉਸ ਦੀ ਬੇਟੀ ਨੇ ਸਕੂਲ ਦੀ ਵਰਦੀ ਪੂਰੀ ਪਹਿਨੀ ਹੋਈ ਸੀ । ਲੇਕਿਨ ਦਸਤਾਰ ਅਲੱਗ ਸੀ ।
ਮਾਪਿਆਂ ਵੱਲੋਂ ਵਿਖਾਏ ਰੋਸ ਤੋਂ ਬਾਅਦ ਸਕੂਲ ਵੱਲੋਂ ਮੁਆਫੀ ਮੰਗੀ ਗਈ ਅਤੇ ਦੋਵੇਂ ਬੱਚੀਆਂ ਨੂੰ ਮੁੜ ਸਕੂਲ ਵਿਚ ਆਉਣ ਦੀ ਇਜਾਜ਼ਤ ਦਿੱਤੀ ਗਈ । ਸਕੂਲ ਦੇ ਪ੍ਰਬੰਧਕ ਨੇ ਕਿਹਾ ਹੈ ਕਿ ਇਥੇ ਸਭ ਧਰਮਾਂ ਦਾ ਸਤਿਕਾਰ ਹੁੰਦਾ ਹੈ, ਵਰਦੀ ਨੂੰ ਲੈ ਕੇ ਹੁਣ ਨੀਤੀ ਵਿਚ ਸੋਧ ਕੀਤੀ ਜਾਵੇਗੀ ਤਾਂ ਕਿ ਮੁੜ ਅਜਿਹਾ ਨਾ ਵਾਪਰੇ ।