ਵਿਦੇਸ਼

ਲੰਡਨ ਵਿਖੇ ਰੋਸ ਮੁਜਾਹਰੇ ਵਿੱਚ ਸਿੱਖਾਂ ਦਾ 25000 ਤੋਂ ਵੱਧ ਦਾ ਰਿਕਾਰਡ ਤੋੜ ਇਕੱਠ

By ਸਿੱਖ ਸਿਆਸਤ ਬਿਊਰੋ

June 08, 2011

ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਸਮੇਤ ਸਿੱਖ ਨਸਲਕੁਸ਼ੀ ਅਤੇ ਕੌਮ ਦੀ ਅਜ਼ਾਦੀ ਲਈ ਹੋਈਆਂ ਖੁੱਲ੍ਹ ਕੇ ਤਕਰੀਰਾਂ

ਲੰਡਨ (5 ਜੂਨ, 2011): ਲੰਡਨ ਵਿਖੇ 1984 ਦੇ ਘੱਲੂਘਾਰੇ ਅਤੇ ਕੌਮੀ ਸ਼ਹੀਦਾਂ ਦੀ ਯਾਦ ਵਿੱਚ ਫੈਡਰੇਸ਼ਨ ਆਫ ਸਿੱਖ ਆਰਗੇਨਾਈਜ਼ੇਸ਼ਨਜ਼ ਵੱਲੋਂ ਕਰਵਾਏ ਰੋਸ ਮੁਜ਼ਾਹਰੇ ਵਿੱਚ ਰਿਕਾਰਡਤੋੜ ਇਕੱਠ ਹੋਇਆ। ਬੀ ਬੀ ਸੀ ਦੀ ਰਿਪੋਰਟ ਅਨੁਸਾਰ ਇਹ ਇਕੱਠ 25000 ਦੇ ਕਰੀਬ ਸੀ। ਜਦ ਕਿ ਲੰਡਨ ਅਥਾਰਟੀ ਦਾ ਕਹਿਣਾ ਹੈ ਕਿ ਇਹ ਟ੍ਰੈਫਗਲਰ ਸੁਕੇਅਰ ਵਿੱਚ ਹੋਈਆਂ ਰੈਲੀਆਂ ਵਿੱਚੋਂ ਸਭ ਤੋਂ ਵੱਡੀ ਰੈਲੀ ਸੀ, ਜਿਸ ਵਿੱਚ ਇੰਗਲੈਂਡ ਦੇ ਵੱਖ ਵੱਖ ਸ਼ਹਿਰਾਂ ਬ੍ਰਮਿੰਘਮ, ਗ੍ਰੇਵਜ਼ੈਂਡ, ਲੈਸਟਰ, ਕਵੈਂਟਰੀ, ਸਾਊਥਹੈਂਪਟਨ, ਵੁਲਵਰਹੈਂਪਟਨ, ਸਾਊਥਾਲ, ਵਾਲਸਾਲ, ਮਾਨਚੈਸਟਰ, ਵੇਲਜ਼, ਸਕਾਟਲੈਂਡ, ਹੰਸਲੋ, ਹੇਜ਼, ਡਡਲੀ, ਲੀਡਜ਼, ਈਲਿੰਗ, ਬਾਰਕਿੰਗ, ਇਲਫੋਰਡ, ਡਾਰਟਫੋਰਡ ਸਮੇਤ ਹੋਰ ਕਈ ਸ਼ਹਿਰਾਂ ਤੋਂ ਬੱਸਾਂ, ਕਾਰਾਂ ਅਤੇ ਰੇਲ ਗੱਡੀਆਂ ਰਾਹੀਂ ਸੰਗਤਾਂ ਪਹੁੰਚੀਆਂ ਹੋਈਆਂ ਸਨ। ਇਸ ਰੋਸ ਮੁਜ਼ਾਹਰੇ ਵਿੱਚ ਸਿੱਖ ਫੈਡਰੇਸ਼ਨ ਯੂ ਕੇ, ਅਖੰਡ ਕੀਰਤਨੀ ਜੱਥਾ ਯੂ ਕੇ, ਯੁਨਾਇਟਡ ਖਾਲਸਾ ਦਲ ਯੂ ਕੇ, ਦਲ ਖਾਲਸਾ, ਖਾਲਿਸਤਾਨ ਜਲਾਵਤਨ ਸਰਕਾਰ, ਸਿੱਖ ਸਟੂਡੈਂਟ ਫੈਡਰੇਸ਼ਨ ਯੂ ਕੇ, ਬ੍ਰਿਟਿਸ਼ ਸਿੱਖ ਕੌਂਸਲ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਸ਼੍ਰੋਮਣੀ ਅਕਾਲੀ ਦਲ ਯੂ ਕੇ ਆਦਿ ਸਮੇਤ ਹੋਰ ਵੀ ਪੰਥਕ ਜੱਥੇਬੰਦੀਆਂ ਸ਼ਾਮਿਲ ਸਨ।

ਇਸ ਮੌਕੇ ਪੰਜਾਬ ਤੋਂ ਪਰਮਜੀਤ ਸਿੰਘ ਗਾਜ਼ੀ ਪ੍ਰਧਾਨ ਸਿੱਖ ਸਟੂਡੈਂਟਸ ਫੈਡਰੇਸ਼ਨ, ਦਵਿੰਦਰ ਸਿੰਘ ਸੋਢੀ, ਭਾਈ ਅਮਰੀਕ ਸਿੰਘ ਗਿੱਲ, ਭਾਈ ਜੋਗਾ ਸਿੰਘ, ਭਾਈ ਕੁਲਵੰਤ ਸਿੰਘ ਢੇਸੀ, ਭਾਈ ਬਲਬੀਰ ਸਿੰਘ ਬੈਂਸ, ਕੈਪਟਨ ਹਰਚਰਨ ਸਿੰਘ ਰੋਡੇ, ਭਾਈ ਜਰਨੈਲ ਸਿੰਘ ਪੱਤਰਕਾਰ, ਡਾ. ਪਰਮਜੀਤ ਸਿੰਘ ਅਜਰਾਵਤ ਯੂ ਐਸ ਏ, ਕ੍ਰਿਪਾਲ ਸਿੰਘ ਮੱਲ੍ਹਾ ਬੇਦੀਆਂ, ਐਮ ਪੀ ਸਾਈਮਨ ਹਾਗਸ ਡਿਪਟੀ ਲੀਡਰ ਲਿਬਰਲ ਡੈਮੋਕ੍ਰੈਟਿਕ, ਕੁਲਦੀਪ ਸਿੰਘ ਚਹੇੜੂ, ਨਰਿੰਦਰਜੀਤ ਸਿੰਘ ਥਾਂਦੀ, ਮਨਮੋਹਨ ਸਿੰਘ ਖਾਲਸਾ, ਗੁਰਦਿਆਲ ਸਿੰਘ ਅਟਵਾਲ, ਤਰਸੇਮ ਸਿੰਘ ਦਿਓਲ, ਗੁਰਮੇਜ ਸਿੰਘ ਗਿੱਲ, ਦਵਿੰਦਰਜੀਤ ਸਿੰਘ, ਰਾਜਿੰਦਰ ਸਿੰਘ ਪੁਰੇਵਾਲ, ਬੀਬੀ ਰਵਿੰਦਰ ਕੌਰ, ਨਵਰੀਤ ਸਿੰਘ, ਕੁਲਜੀਤ ਸਿੰਘ ਆਦਿ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤੀ ਹਕੂਮਤ ਦਾ ਸਿੱਖਾਂ ਪ੍ਰਤੀ ਸ਼ੁਰੂ ਤੋਂ ਵੀ ਵਰਤਾਰਾ ਗੈਰਾਂ ਵਾਲਾ ਰਿਹਾ ਹੈ, ਕੌਮ ਦੀ ਅਜ਼ਾਦੀ ਤੋਂ ਬਿਨ੍ਹਾਂ ਸਿੱਖਾਂ ਦੇ ਗੁਰੂਧਾਮ ਸੁਰੱਖਿਅਤ ਨਹੀਂ ਰਹਿ ਸਕਦੇ, ਜਿਸਦਾ ਪ੍ਰਤੱਖ ਸਬੂਤ 1984 ਵਿੱਚ ਸਾਕਾ ਨੀਲਾ ਤਾਰਾ ਦੀ ਪਾਰਲੀਮੈਂਟ ਵਿੱਚ ਮੁਆਫੀ ਨਾ ਮੰਗਣਾ ਅਤੇ ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਾ ਦੇਣ ਤੋਂ ਸਪੱਸ਼ਟ ਮਿਲਦਾ ਹੈ। ਉਹਨਾਂ ਕਿਹਾ ਕਿ ਪ੍ਰੋ. ਦਵਿੰਦਰਪਾਲ ਸਿੰਘ ਭੁਲਰ ਦੀ ਫਾਂਸੀ ਦੀ ਸਜ਼ਾ ਬਰਕਾਰ ਰੱਖੀ ਜਾ ਰਹੀ ਹੈ, ਜਦ ਕਿ ਸਿੱਖਾਂ ਦੇ ਕਾਤਲਾਂ ਨੂੰ ਕੁਰਸੀਆਂ ਨਾਲ ਨਿਵਾਜਿਆ ਜਾ ਰਿਹਾ ਹੈ। ਸਿੱਖਾਂ ਦੀ ਦਸਤਾਰ ਅਤੇ ਕ੍ਰਿਪਾਨ ਤੇ ਵਿਦੇਸ਼ਾਂ ਦੇ ਨਾਲ ਨਾਲ ਖਾਲਸੇ ਦੀ ਜਨਮ ਭੂਮੀ ਤੇ ਵੀ ਪਾਬੰਦੀ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਨੂੰ ਸਿੱਖ ਕਦੇ ਸਹਿਣ ਨਹੀਂ ਕਰਨਗੇ। ਇਹਨਾਂ ਬੁਲਾਰਿਆਂ ਨੇ ਕਿਹਾ ਕਿ 1984 ਨੂੰ ਭੁੱਲ ਜਾਣ ਦੀਆਂ ਸਲਾਹਾਂ ਦੇਣ ਵਾਲੇ ਸਿੱਖਾਂ ਨੂੰ ਜੇਲ੍ਹਾਂ ਵਿੱਚ ਸੁੱਟ ਰਹੇ ਹਨ ਅਤੇ ਫਾਂਸੀਆਂ ਦੇ ਰਹੇ ਹਨ, ਇਹ ਕਿੱਥੋਂ ਦਾ ਇਨਸਾਫ ਹੈ? ਬੁਲਾਰਿਆਂ ਨੇ ਸਿੱਖ ਕੌਮ ਨੂੰ ਇੱਕਮੁੱਠ ਹੋ ਕੇ ਚੱਲਣ ਦੀ ਅਪੀਲ ਕੀਤੀ। ਇਸ ਮੌਕੇ ਗੁਰਦੀਸ਼ ਸਿੰਘ, ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਟਰੱਸਟੀ ਸੁਰਜੀਤ ਸਿੰਘ ਬਿਲਗਾ, ਅਮਰਜੀਤ ਸਿੰਘ ਢਿਲੋਂ, ਹਰਜੀਤ ਸਿੰਘ ਸਰਪੰਚ, ਲਵਸ਼ਿੰਦਰ ਸਿੰਘ ਡੱਲੇਵਾਲ, ਸੁਖਵਿੰਦਰ ਸਿੰਘ, ਹਰਜਿੰਦਰ ਸਿੰਘ, ਮੰਗਲ ਸਿੰਘ ਲੈਸਟਰ, ਨਿਰੰਜਣ ਸਿੰਘ ਬਾਸੀ, ਕੁਲਵੰਤ ਸਿੰਘ ਮੁਠੱਡਾ, ਸਤਿੰਦਰਪਾਲ ਸਿੰਘ ਮੰਗੂਵਾਲ, ਜਸਬੀਰ ਸਿੰਘ, ਕਸ਼ਮੀਰ ਸਿੰਘ, ਬਲਵਿੰਦਰ ਸਿੰਘ ਚਹੇੜੂ, ਆਦਿ ਸ਼ਾਮਿਲ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: