ਦਲ ਖ਼ਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ, ਸੱਕਤਰ ਰਣਬੀਰ ਸਿੰਘ ਅਤੇ ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ 'ਘੱਲੂਘਾਰਾ ਯਾਦਗਾਰੀ ਮਾਰਚ' ਦੀਆਂ ਤਿਆਰੀ ਸਬੰਧੀ ਗੱਲਬਾਤ ਕਰਦੇ ਹੋਏ

ਸਿਆਸੀ ਖਬਰਾਂ

ਸਮੂਹ ਗੁਰਦੁਆਰਿਆਂ ਦੇ ਪ੍ਰਬੰਧਕ ਜੂਨ 84 ਦੇ ਫੌਜੀ ਹਮਲੇ ਵਿਰੁੱਧ ਨਿੰਦਾ ਮਤਾ ਪਾਸ ਕਰਨ: ਦਲ ਖ਼ਾਲਸਾ

By ਸਿੱਖ ਸਿਆਸਤ ਬਿਊਰੋ

May 29, 2017

ਅੰਮ੍ਰਿਤਸਰ: ਦਲ ਖਾਲਸਾ ਨੇ ਸਮੂਹ ਸ਼ਹਿਰਾਂ, ਕਸਬਿਆਂ, ਪਿੰਡਾਂ ਦੇ ਗੁਰਦੁਆਰਾ ਕਮੇਟੀਆਂ ਦੇ ਪ੍ਰਬੰਧਕਾਂ ਨੂੰ ਬੇਨਤੀ ਕੀਤੀ ਹੈ ਕਿ ਉਹ 6 ਜੂਨ ਨੂੰ ਸਾਕਾ ਦਰਬਾਰ ਸਾਹਿਬ ਦੇ ਸ਼ਹੀਦਾਂ ਨਮਿਤ ਅਰਦਾਸ ਸਮਾਗਮ ਕਰਵਾਉਣ ਅਤੇ ਉਪਰੰਤ ਨਿੰਦਾ ਮਤਾ ਪਾਸ ਕਰਨ।

ਜਥੇਬੰਦੀ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਦਸਿਆ ਕਿ ਇਸ ਮੁਹਿੰਮ ਤਹਿਤ ਸਮੂਹ ਗੁਰਦੁਆਰਾ ਪ੍ਰਬੰਧਕਾਂ ਨੂੰ ਬੇਨਤੀ ਪੱਤਰ ਦਿੱਤੇ ਜਾ ਰਹੇ ਹਨ।

ਉਹਨਾਂ ਨੇ ਕਿਹਾ ਕਿ ਜਥੇਬੰਦੀ ਮਹਿਸੂਸ ਕਰਦੀ ਹੈ ਕਿ ਅਜਿਹੇ ਘੱਲੂਘਾਰਾ ਸਮਾਗਮਾਂ ਵਿੱਚ ਲੋਕਾਂ ਦੀ ਸ਼ਮੂਲੀਅਤ ਪਿੰਡ ਪੱਧਰ ‘ਤੇ ਹੋਣੀ ਜ਼ਰੂਰੀ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋਂ ਅਕਾਲ ਤਖਤ ਸਾਹਿਬ ‘ਤੇ ਆਯੋਜਿਤ ਸਮਾਗਮ ਵਿੱਚ ਪ੍ਰਤੀਨਿਧ ਜਥੇਬੰਦੀਆਂ ਅਤੇ ਨਾਮਵਰ ਸ਼ਖਸੀਅਤਾਂ ਪਹੁੰਚਦੀਆਂ ਹਨ ਜੋ ਆਪਣੀ ਪੀੜਾ ਅਤੇ ਭਾਵਨਾਵਾਂ ਦਾ ਖੁੱਲ੍ਹ ਕੇ ਇਜ਼ਹਾਰ ਕਰਦੀਆਂ ਹਨ। ਉਹਨਾਂ ਕਿਹਾ ਕਿ ਆਮ ਸਿੱਖ ਨੂੰ ਵੀ ਆਪਣੀ ਪੀੜ ਦਾ ਇਜ਼ਹਾਰ ਕਰਨ ਲਈ ਸਥਾਨਕ ਗੁਰਦੁਆਰੇ ਸਾਹਿਬਾਨਾਂ ਅੰਦਰ ਇੱਕਤਰ ਹੋ ਕੇ ਸ਼ਹੀਦਾਂ ਨਮਿਤ ਅਰਦਾਸ ਬੇਨਤੀਆਂ ਕਰਨੀਆਂ ਚਾਹੀਦੀਆਂ ਹਨ ਅਤੇ ਪ੍ਰਬੰਧਕਾਂ ਨੂੰ ਫੌਜੀ ਹਮਲੇ ਵਿਰੁੱਧ ਨਿੰਦਾ ਮਤੇ ਪਾਸ ਕਰਨੇ ਚਾਹੀਦੇ ਹਨ। ਉਹਨਾਂ ਕਿਹਾ ਕਿ ਇਸ ਨਾਲ ਸਮੂਹ ਭਾਈਚਾਰੇ ਦੀ ਸਾਂਝੀ ਪੀੜ ਦੁਨੀਆਂ ਸਾਹਮਣੇ ਆਵੇਗੀ। ਉਹਨਾਂ ਕਿਹਾ ਗੁਰਦੁਆਰਾ ਸਾਹਿਬਾਨਾਂ ਦੇ ਪ੍ਰਬੰਧਕਾਂ ਨੂੰ ਪਾਰਟੀ ਪੱਧਰ ਤੋਂ ਉਪਰ ਉਠ ਕੇ ਅਜਿਹੇ ਉਪਰਾਲੇ ਕਰਨੇ ਚਾਹੀਦੇ ਹਨ।

ਉਹਨਾਂ ਸ਼੍ਰੋਮਣੀ ਕਮੇਟੀ ਨੂੰ ਅਪੀਲ ਕੀਤੀ ਕਿ ਉਹ ਅਕਾਲ ਤਖਤ ਸਾਹਿਬ ਦੇ ਨਾਲ-ਨਾਲ ਉਹਨਾਂ 37 ਗੁਰਦੁਆਰਿਆਂ ਜਿਥੇ ਜੂਨ 1984 ਵਿੱਚ ਭਾਰਤੀ ਫੌਜ ਨੇ ਧਾਵਾ ਬੋਲਿਆ ਸੀ ਅੰਦਰ ਵੀ ਸਥਾਨਕ ਸੰਗਤਾਂ ਲਈ ਸਮਾਗਮ ਆਯੋਜਿਤ ਕਰਨ। ਉਹਨਾਂ ਦਸਿਆ ਕਿ ਉਹ ਇਸ ਸਬੰਧੀ ਸ਼੍ਰੋਮਣੀ ਕਮੇਟੀ ਨੂੰ ਲਿਖਤੀ ਪੱਤਰ ਵੀ ਦੇਣਗੇ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ: Local Gurudwaras Should Pass Resolution Condemning “Operation Blue Star” On June 6: Dal Khalsa …

ਦਲ ਖਾਲਸਾ ਦੇ ਸੱਕਤਰ ਰਣਬੀਰ ਸਿੰਘ ਅਤੇ ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਨੇ ਦਸਿਆ ਕਿ ਦਲ ਖ਼ਾਲਸਾ ਵਲੋਂ ਜੂਨ 1984 ਦੇ ਦਰਬਾਰ ਸਾਹਿਬ ਸਾਕੇ ਦੀ 33ਵੀਂ ਵਰੇਗੰਢ ਮੌਕੇ ‘ਘੱਲੂਘਾਰਾ ਯਾਦਗਾਰੀ ਮਾਰਚ’ ਕੱਢਿਆ ਜਾਵੇਗਾ। ਜੋ 5 ਜੂਨ ਨੂੰ ਸ਼ਾਮ 5 ਵਜੇ ਅੰਮ੍ਰਿਤਸਰ ਵਿਖੇ ਗੁਰਦੁਆਰਾ ਰਣਜੀਤ ਐਵੀਨਿਉ ਤੋਂ ਆਰੰਭ ਹੋ ਕੇ ਅਕਾਲ ਤਖਤ ਸਾਹਿਬ ਵਿਖੇ ਸਮਾਪਤ ਹੋਵੇਗਾ। ਉਹਨਾਂ ਕਿਹਾ ਕਿ ‘ਘੱਲੂਘਾਰਾ ਯਾਦਗਾਰੀ ਮਾਰਚ’ ਦਾ ਮੁਖ ਉਦੇਸ਼ ਉਹਨਾਂ ਹਜ਼ਾਰਾਂ ਸਿੱਖਾਂ ਦੀ ਵੱਚਨਬੱਧਤਾ ਨੂੰ ਦੁਹਰਾਉਣਾ ਹੈ ਜੋ 1984 ਹਮਲੇ ਦੌਰਾਨ ਧਰਮ ਅਤੇ ਸਿੱਖ ਹੱਕਾਂ ਖਾਤਿਰ ਲੜਦਿਆਂ ਸ਼ਹੀਦ ਹੋ ਗਏ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: