Site icon Sikh Siyasat News

ਭਾਜਪਾ ਆਗੂ ਅਡਵਾਨੀ ਨੇ ਰਾਧਾ ਸੁਆਮੀ ਮੁਖੀ ਨਾਲ ਕੀਤੀ ਮੁਲਾਕਾਤ

ਅੰਮਿ੍ਤਸਰ (18 ਅਕਤੂਬਰ , 2014): ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਹਿੱਦੂਤਵੀ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੇ ਅੱਜ ਡੇਰਾ ਰਾਧਾ ਸੁਆਮੀ ਬਿਆਸ ਦੇ ਮੁੱਖੀ ਗੁਰਬਿੰਦਰ ਢਿੱਲੋਂ ਨਾਲ ਮੁਲਾਕਾਤ ਕੀਤੀ।ਭਾਵੇਂ ਕਿ ਅਡਵਾਨੀ ਇਸ ਤੋਂ ਪਹਿਲਾਂ ਵੀ ਡੇਰਾ ਰਾਧਾ ਸੁਆਮੀ ਬਿਆਸ ਵਿੱਚ ਕਈ ਵਾਰ ਆ ਚੁੱਕਿਆ ਹੈ, ਪਰ ਇਸ ਵਾਰ ਦੀ ਫੇਰੀ ਵਿਸ਼ੇਸ਼ ਮਹੱਤਤਾ ਰੱਖਦੀ ਹੈ।

ਭਾਵੇਂ ਕਿ ਆਪਣੀ ਇਸ ਫੇਰੀ ਬਾਰੇ ਸ੍ਰੀ ਐਲ. ਕੇ. ਅਡਵਾਨੀ ਵਲੋਂ ਕੋਈ ਵਧੇਰੇ ਜਾਣਕਾਰੀ ਨਹੀਂ ਦਿੱਤੀ ਪਰ ਪਿਛਲੇ ਦਿਨੀਂ ਮਾਨਸਾ ਵਿਖੇ ਸੰਘ ਮੁਖੀ ਮੋਹਨ ਭਾਗਵਤ ਦੇ ਡੇਰਾ ਬਿਆਸ ਮੁਖੀ ਨਾਲ ਗੱਲਬਾਤ ਕਰਨਾ ਕਈ ਤਰ੍ਹਾਂ ਦੇ ਸੰਕੇਤ ਦਿੰਦਾ ਹੈ । ਭਾਗਵਤ ਤੇ ਡੇਰਾ ਬਿਆਸ ਮੁਖੀ ਦਰਮਿਆਨ ਹੋਈ ਗੱਲਬਾਤ ਨਾਲ ਸਿਆਸੀ ਹਲਕਿਆਂ ‘ਚ ਨਵੀਂ ਚਰਚਾ ਸ਼ੁਰੂ ਹੋਈ ਸੀ।

ਭਾਜਪਾ ਆਗੂ ਲਾਲ ਕ੍ਰਿਸ਼ਨ ਅਡਵਾਨੀ ਅਤੇ ਰਾਧਾ ਸੁਆਮੀ ਗੁਰਬਿੰਦਰ ਢਿੱਲੋਂ

ਭਾਜਪਾ ਇਸ ਸਮੇਂ ਪੰਜਾਬ ਵਿੱਚ ਪਿੱਛਲੇ ਕਈ ਦਹਾਕਿਆਂ ਤੋਂ ਅਕਾਲੀ ਦਲ ਦੀ ਸਹਾਇਕ ਪਾਰਟੀ ਬਣਕੇ ਵਿਚਰ ਰਹੀ ਹੈ, ਪਰ ਹਾਲੀਆ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੂੰ ਮਿਲੀ ਹੁੰਝਾ ਫੇਰ ਜਿੱਤ ਨੇ ਭਾਜਪਾ ਦੇ ਇਰਾਦੇ ਬਦਲ ਦਿੱਤੇ ਹਨ। ਉਹ ਹੁਣ ਪੰਜਾਬ ਵਿੱਚ ਅਕਾਲੀ ਦਲ ਦੀ ਸਸਹਾਇਕ ਪਾਰਟੀ ਵਜੋਂ ਵਿਚਰਣ ਦੇ ਮੂਡ ਵਿੱਚ ਨਹੀਂ ਜਾਪਦੀ ਅਤੇ ਆਪਣੇ ਬਲਬੂਤੇ ਪੰਜਾਬ ਦੇ ਰਾਜਸੀ ਸਿੰਘਾਸਣ ‘ਤੇ ਬਿਾਰਜ਼ਮਾਨ ਹੋਣਾਂ ਚਾਹੁੰਦੀ ਹੈ।

ਇਸ ਸਮੇਂ ਪੰਜਾਬ ਵਿੱਚ ਭਾਜਪਾ ਦੇ ਆਪਣੇ ਸਹਿਯੋਗੀ ਬਾਦਲ ਦਲ ਨਾਲ ਵੀ ਸਬੰਧਾ ਵਿੱਵ ਕੁੜੱਤਣ ਪੈਦਾ ਹੋ ਚੁੱਕੀ ਹੈ। ਇਸ ਲਈ ਬਾਜਪਾ ਆਪਣੇ ਆਪ ਨੂੰ ਪੰਜਾਬ ਵਿੱਚ ਰਾਜਸੀ ਤੌਰ ‘ਤੇ ਮਜ਼ਬੂਤ ਕਰਨ ਲਈ ਬਿਆਸ ਵਰਗੇ ਵਿਸ਼ਾਲ ਅਧਾਰ ਵਰਗੇ ਡੇਰੇ ਦੀ ਹਮਾਇਤ ਹਾਸਲ ਕਰਨਾ ਚਾਹੁੰਦੀ ਹੈ। ਇਸ ਤੋਂ ਪਹਿਲਾਂ ਹਰਿਆਣਾ ਵਿਧਾਨ ਸਭਾ ਚੋਣਾ ਵਿੱਚ ਵਿਵਾਦਾਂ ਵਿੱਚ ਰਹਿਣ ਵਾਲੇ ਡੇਰਾ ਸੌਦਾ ਸਰਸਾ ਵੱਲੋਂ ਪਹਿਲਾਂ ਹੀ ਭਾਜਪਾ ਨੂੰ ਨੰਗੀ ਚਿੱਟੀ ਹਮਾੲਤਿ ਦਿੱਤੀ ਜਾ ਚੁੱਕੀ ਹੈ।

ਉਹ ਅੱਜ ਡੇਰਾ ਬਿਆਸ ਵਿਖੇ ਜਾਣ ਲਈ ਅੰਮਿ੍ਤਸਰ ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ‘ਤੇ ਉਤਰੇ ਸਨ ।ਬਿਆਸ ਲਈ ਰਵਾਨਾ ਹੋਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਹਲਕੀ ਜਿਹੀ ਗੱਲਬਾਤ ਕਰਦਿਆਂ ਸ੍ਰੀ ਅਡਵਾਨੀ ਨੇ ਕਿਹਾ ਕਿ ਉਹ ਡੇਰਾ ਬਿਆਸ ਵਿਖੇ ਜਾਣ ਲਈ ਅੰਮਿ੍ਤਸਰ ਆਏ ਹਨ।

ਹਵਾਈ ਅੱਡੇ ‘ਤੇ ਸ੍ਰੀ ਅਡਵਾਨੀ ਦਾ ਸਵਾਗਤ ਸਥਾਨਕ ਸਰਕਾਰਾਂ ਮੰਤਰੀ ਸ੍ਰੀ ਅਨਿਲ ਜੋਸ਼ੀ, ਮੁੱਖ ਸੰਸਦੀ ਸਕੱਤਰ ਡਾ: ਨਵਜੋਤ ਕੌਰ ਸਿੱਧੂ, ਭਾਜਪਾ ਦੇ ਸੂਬਾਈ ਪ੍ਰਧਾਨ ਸ੍ਰੀ ਕਮਲ ਸ਼ਰਮਾ, ਭਾਜਪਾ ਦੇ ਕੌਮੀ ਸਕੱਤਰ ਸ੍ਰੀ ਤਰੁਣ ਚੁੱਘ, ਸ੍ਰੀ ਤੀਕਸ਼ਣ ਸੂਦ, ਮੇਅਰ ਸ੍ਰੀ ਬਖਸ਼ੀ ਰਾਮ ਅਰੋੜਾ, ਐਸ. ਪੀ. ਕੇਵਲ ਕੁਮਾਰ, ਸਾਬਕਾ ਮੰਤਰੀ ਡਾ: ਬਲਦੇਵ ਰਾਜ ਚਾਵਲਾ ਵਲੋਂ ਕੀਤਾ ਗਿਆ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version