ਲੰਡਨ (31 ਜਨਵਰੀ, 2016): ਬਰਤਾਨੀਆਂ ਦੀ ਸਿੱਖ ਜੱਥੇਬੰਦੀ ਨੇ ਪੰਜਾਬ ਵਿੱਚ ਪਿਛਲੇ ਸਮੇਂ ਦੌਰਾਨ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਵਾਲੇ ਪੰਜਾਬ ਪੁਲਿਸ ਦੇ 200 ਪੁਲਿਸ ਅਫਸਰਾਂ ਦੀ ਇੱਕ ਸੂਚੀ ਜਾਰੀ ਕੀਤੀ ਹੈ।
ਪੁਰਤਗਾਲ ‘ਚ ਭਾਈ ਪਰਮਜੀਤ ਸਿੰਘ ਪੰਮਾ ਨੂੰ ਭਾਰਤ ਲਿਜਾਣ ਵਾਸਤੇ ਗਏ ਤਿੰਨ ਪੁਲਿਸ ਅਧਿਾਕਾਰੀਆਂ ਖਿ਼ਲਾਫ਼ ਅਪਰਾਧਿਕ ਸ਼ਿਕਾਇਤ ਦਰਜ ਹੋਣ ਉਪਰੰਤ 200 ਤੋਂ ਵੱਧ ਪੁਲਿਸ ਅਧਿਕਾਰੀਆਂ ਦੀ ਇਕ ਸੂਚੀ ਜਾਰੀ ਕੀਤੀ ਗਈ ਹੈ, ਜਿਨਾਂ ਖਿ਼ਲਾਫ਼ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿਚ ਸ਼ਹੀਦ ਕਰਨ, ਅਣਮਨੁੱਖੀ ਤਸ਼ੱਦਦ ਕਰਨ ਤੇ ਮਨੁੱਖੀ ਅਧਿਕਾਰਾਂ ਦਾ ਘਾਣ ਕਰਨ ਦੇ ਦੋਸ਼ ਹਨ ।
ਯੂਨਾਈਟਿਡ ਖ਼ਾਲਸਾ ਦਲ ਯੂ.ਕੇ. ਦੇ ਜਨਰਲ ਸਕੱਤਰ ਸ: ਲਵਸ਼ਿੰਦਰ ਸਿੰਘ ਡੱਲੇਵਾਲ ਵਲੋਂ ਇਹ ਸੂਚੀ ਸੰਯੁਕਤ ਰਾਸ਼ਟਰ, ਐਮਨੈਸਸਟੀ ਇੰਟਰਨੈਸ਼ਨਲ ਤੋਂ ਇਲਾਵਾ ਭਾਰਤੀ ਸੁਪਰੀਮ ਕੋਰਟ ਦੇ ਮੁੱਖ ਜੱਜ ਤੇ ਪੰਜਾਬ ਹਰਿਆਣਾ ਹਾਈਕੋਰਟ ਦੇ ਮੁੱਖ ਜੱਜ ਨੂੰ ਭੇਜੀ ਗਈ ਹੈ । ਇਸ ਸੂਚੀ ‘ਚ ਪੰਜਾਬ ਪੁਲਿਸ ਦੇ ਸਾਬਕਾ ਡੀ.ਜੀ.ਪੀ. ਸਮੇਤ 200 ਪੁਲਿਸ ਅਧਿਕਾਰੀਆਂ ਦੇ ਨਾਂਅ ਦਰਜ ਹਨ ।
ਇੱਥੇ ਇਹ ਯਾਦ ਰੱਖਣਯੋਗ ਹੈ ਕਿ ਪੰਜਾਬ ਵਿੱਚ 1984 ਤੋਂ ਲੈ ਕੇ 95 ਤੱਕ ਦਾ ਸਮਾਂ ਪੰਜਾਬ ਪੁਲਿਸ ਅਤੇ ਭਾਰਤੀ ਸੁਰੱਖਿਆ ਦਲਾਂ ਵੱਲੋਂ ਮਨੁੱਖੀ ਅਧਿਕਾਰਾਂ ਦੀ ਘੋਰ ਅਵੱਗਿਆ ਦਾ ਸਮਾਂ ਸੀ। ਇਹ ਉਹ ਸਮਾਂ ਸੀ ਜਦੋਂ ਸਿੱਖਾਂ ਨੂੰ ਪੁਲਿਸ ਵੱਲੋਂ ਚੱਕ ਕੇ ਗੈਰਕਾਨੂੰਨੀ ਹਿਰਾਸਤ ਵਿੱਚ ਰੱਖਿਆ ਜਾਦਾ, ਤੀਜੇ ਦਰਜ਼ੇ ਦੇ ਤਸੀਹੇ ਦਿੱਤੇ ਜਾਂਦੇ, ਝੂਠੇ ਕੇਸਾਂ ਵਿੱਚ ਫਸਾਉਣ ਅਤੇ ਮਾਰਨ ਦਾ ਡਰ ਦੇਕੇ ਮੋਟੀਆਂ ਰਕਮਾਂ ਬਟੋਰੀਆਂ ਜਾਂਦੀਆਂ, ਝ੍ਰੂਠੇ ਪੁਲਿਸ ਮੁਕਾਬਲੇ ਬਣਾ ਕੇ ਮਾਰ ਦੇਣਾ ਆਮ ਵਰਤਾਰਾ ਸੀ।