Site icon Sikh Siyasat News

ਸੂਚੀ ਗਲਤਫਹਿਮੀ ਦੀ ਬਦੌਲਤ ਪ੍ਰੈਸ ਨੂੰ ਗਈ, ਇਸਨੂੰ ਅੰਤਮ ਰੂਪ “ਸਿੰਘ ਸਾਹਿਬਾਨ” ਹੀ ਦੇਣਗੇ: ਮਾਨ ਦਲ

ਭਾਈ ਧਿਆਨ ਸਿੰਘ ਮੰਡ, ਭਾਈ ਅਮਰੀਕ ਸਿੰਘ ਅਜਨਾਲਾ ਅਤੇ ਭਾਈ ਬਲਜੀਤ ਸਿੰਘ ਦਾਦੂਵਾਲ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਵਿਚਾਰਾਂ ਕਰਦੇ ਹੋਏ

ਫ਼ਤਹਿਗੜ੍ਹ ਸਾਹਿਬ: “20 ਅਕਤੂਬਰ 2016 ਨੂੰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਗ੍ਰਹਿ ਕਿਲ੍ਹਾ ਸ. ਹਰਨਾਮ ਸਿੰਘ ਵਿਖੇ ਭਾਈ ਧਿਆਨ ਸਿੰਘ ਮੰਡ, ਭਾਈ ਬਲਜੀਤ ਸਿੰਘ ਦਾਦੂਵਾਲ, ਭਾਈ ਅਮਰੀਕ ਸਿੰਘ ਅਜਨਾਲਾ ਦੀ ਅਗਵਾਈ ਵਿਚ ਸਮੁੱਚੀਆਂ ਹਮਖਿਆਲ ਜਥੇਬੰਦੀਆਂ ਦੀ ਇਕ ਮੀਟਿੰਗ ਹੋਈ ਸੀ, ਜਿਸ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਕੁਝ ਪ੍ਰਮੁੱਖ ਆਗੂਆਂ ਅਤੇ ਆਈਆਂ ਜਥੇਬੰਦੀਆਂ ਦੇ ਸਰਗਰਮ ਆਗੂਆਂ ਦੀ ਇਕ ਸੂਚੀ “ਸਰਬੱਤ ਖ਼ਾਲਸਾ ਕੰਟਰੂਲ ਰੂਮ” ਨੂੰ ਭੇਜੀ ਜਾਣੀ ਸੀ।

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਮੁੱਖ ਦਫਤਰ ਵਿਖੇ ਹੋਈ ਮੀਟਿੰਗ ਦੀਆਂ ਤਸਵੀਰਾਂ

ਜਿਸ ਨੂੰ ਸੋਧ ਕੇ ਅਤੇ ਹੋਰ ਸਮੁੱਚੇ ਸੂਬਿਆਂ ਦੀਆਂ ਸ਼ਖਸੀਅਤਾਂ ਦੇ ਨਾਮ ਦਰਜ ਕਰਕੇ ਕਾਰਜਕਾਰੀ ਜਥੇਦਾਰਾਂ ਵੱਲੋਂ ਹੀ ਪ੍ਰੈਸ ਨੂੰ ਜਾਰੀ ਹੋਣੀ ਸੀ। ਲੇਕਿਨ ਸਾਡੇ ਦਫ਼ਤਰ ਵਿਚ ਟੈਲੀਫੋਨ ‘ਤੇ ਦਿੱਤੇ ਗਏ ਆਦੇਸ਼ ਦੀ ਗਲਤਫਹਿਮੀ ਹੋਣ ਕਾਰਨ ਇਹ ਸੂਚੀ ਪ੍ਰੈਸ ਨੂੰ ਚਲੀ ਗਈ। ਜਦੋਂਕਿ ਇਹ ਸੂਚੀ ਅੰਤਿਮ ਨਹੀਂ ਸੀ ਹੋਈ। ਜਿਸ ਲਈ ਅਸੀਂ ਖ਼ਾਲਸਾ ਪੰਥ, ਸਿੱਖ ਕੌਮ ਅਤੇ ਸਿੰਘ ਸਾਹਿਬਾਨ ਤੋਂ ਇਸ ਹੋਈ ਗਲਤੀ ਦੀ ਮੁਆਫ਼ੀ ਚਾਹੁੰਦੇ ਹੋਏ ਸਿੱਖ ਕੌਮ ਨੂੰ ਇਹ ਜਾਣਕਾਰੀ ਦੇਣਾ ਆਪਣਾ ਫਰਜ਼ ਸਮਝਦੇ ਹਾਂ ਕਿ ਇਹ ਸੂਚੀ ਵੀ ਕਾਰਜਕਾਰੀ ਜਥੇਦਾਰਾਂ ਵੱਲੋਂ ਹੀ ਆਉਣ ਵਾਲੇ ਦਿਨਾਂ ਵਿਚ ਜਾਰੀ ਹੋਵੇਗੀ। ਸਾਡੇ ਵੱਲੋਂ ਗਲਤਫਹਿਮੀ ਦੇ ਕਾਰਨ ਪ੍ਰੈਸ ਵਿਚ ਆਈ ਸੂਚੀ ਨੂੰ ਅੰਤਿਮ ਨਾ ਸਮਝਿਆ ਜਾਵੇ ਕਿਉਂਕਿ ਇਹ ਅਧਿਕਾਰ ਕੇਵਲ ਤੇ ਕੇਵਲ “ਕਾਰਜਕਾਰੀ ਜਥੇਦਾਰਾਂ” ਦਾ ਹੈ। ਸਿੰਘ ਸਾਹਿਬਾਨ ਹੀ ਅਜਿਹੀਆਂ ਸੂਚੀਆਂ ਅਤੇ ਸਰਬੱਤ ਖ਼ਾਲਸਾ ਨਾਲ ਸੰਬੰਧਤ ਕਮੇਟੀਆਂ ਸਰਬੱਤ ਖ਼ਾਲਸਾ ਕੰਟਰੋਲ ਰੂਮ ਤੋਂ ਜਾਰੀ ਕਰਨਗੇ।”

ਇਹ ਸਪੱਸ਼ਟੀਕਰਨ ਅੱਜ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਮੁੱਖ ਦਫ਼ਤਰ ਕਿਲ੍ਹਾ ਸ. ਹਰਨਾਮ ਸਿੰਘ ਤੋਂ ਪਾਰਟੀ ਦੇ ਬੁਲਾਰੇ ਇਕਬਾਲ ਸਿੰਘ ਟਿਵਾਣਾ ਦੇ ਦਸਤਖ਼ਤਾਂ ਹੇਠ ਜਾਰੀ ਕੀਤੇ ਗਏ ਬਿਆਨ ਵਿਚ ਕੀਤਾ ਗਿਆ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version