ਮਲੇਰਕੋਟਲਾ: ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਕੋਰ ਕਮੇਟੀ ਦੇ ਮੈਂਬਰ ਸੰਜੇ ਸਿੰਘ ਨੇ ਕਿਹਾ ਕਿ ਪੰਜਾਬ ਦੀ ਸੱਤਾ ’ਤੇ ਕਈ ਦਹਾਕਿਆਂ ਤੋਂ ਕਬਜ਼ਾ ਕਰਕੇ ਬੈਠੇ ਅਰਬਪਤੀ ਅਤੇ ਕਾਰੋਬਾਰੀ ਬਾਦਲਾਂ ਅਤੇ ਕੈਪਟਨ ਦੇ ਪਰਿਵਾਰਾਂ ਨੂੰ ਚਲਦਾ ਕਰਨਾ ਹੁਣ ਸਮੇਂ ਦੀ ਵੱਡੀ ਮੰਗ ਹੈ। ਪੰਜਾਬ ਦੇ ਲੋਕਾਂ ਕੋਲ ਅੱਜ ਇਕੋ-ਇਕ ਮੌਕਾ ਹੈ ਅਤੇ ਲੋਕਾਂ ਨੂੰ ਇਸ ਮੌਕੇ ਦਾ ਫਾਇਦਾ ਉਠਾਉਣਾ ਚਾਹੀਦਾ ਹੈ ਅਤੇ ਪੰਜਾਬ ਨੂੰ ਇਨ੍ਹਾਂ ਲੋਟੂ ਪਰਿਵਾਰਾਂ ਦੇ ਚੁੰਗਲ ਵਿਚੋਂ ਅਜ਼ਾਦ ਕਰਵਾਉਣਾ ਚਾਹੀਦਾ ਹੈ। ਜੇਕਰ ਇਸ ਵਾਰ ਲੋਕਾਂ ਨੇ ਹੰਭਲਾ ਨਾ ਮਾਰਿਆ ਤਾਂ ਉਹ ਦਿਨ ਦੂਰ ਨਹੀਂ ਜਦੋਂ ਇਹ ਦੋਨੋਂ ਪਰਿਵਾਰ ਮਿਲਕੇ ਪੰਜਾਬ ਨੂੰ ਪੂਰੀ ਤਰਾਂ ਖਤਮ ਕਰ ਦੇਣਗੇ। ਸੰਜੇ ਸਿੰਘ ਨੇ ਆਮ ਆਦਮੀ ਪਾਰਟੀ ਦੇ ਬਰਨਾਲਾ ਦੇ ਉਮੀਦਵਾਰ ਮੀਤ ਹੇਅਰ, ਮਹਿਲ ਕਲਾਂ ਤੋਂ ਉਮੀਦਵਾਰ ਕੁਲਵੰਤ ਸਿੰਘ ਪੰਧੂਰੀ, ਧੂਰੀ ਤੋਂ ਉਮੀਦਵਾਰ ਜਸਵੀਰ ਸਿੰਘ ਸੇਖੋਂ ਜੱਸੀ ਅਤੇ ਮਲੇਰਕੋਟਲਾ ਤੋਂ ਪਾਰਟੀ ਉਮੀਦਵਾਰ ਅਰਸ਼ਦ ਡਾਲੀ ਦੇ ਹੱਕ ਵਿਚ ਵੱਖ-ਵੱਖ ਰੈਲੀਆਂ ਨੂੰ ਸੰਬੋਧਨ ਕਰਦਿਆਂ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਲੋਕ ਇਨ੍ਹਾਂ ਸੱਤਾ ਦੇ ਲਾਲਚੀ ਪਰਿਵਾਰਾਂ ਨੂੰ ਸਿਆਸਤ ਵਿਚੋਂ ਬਾਹਰ ਕੱਢ ਕੇ ਇਨ੍ਹਾਂ ਨੂੰ ਸਹੀ ਜਗ੍ਹਾ ਦਿਖਾ ਦੇਣ।
ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸੰਜੈ ਸਿੰਘ ਨੇ ਕਿਹਾ ਕਿ ਹਰ ਸੂਬੇ ਵਿਚ ਸਿਆਸਤ ਕੁਝ ਇਕ ਪਰਿਵਾਰਾਂ ਤੱਕ ਸਿਮਟ ਕੇ ਰਹਿ ਗਈ ਹੈ। ਹਰ ਸੂਬੇ ਵਿਚ ਕੁਝ ਪਾਰਟੀਆਂ ਹੀ ਵਾਰੀ-ਵਾਰੀ ਲੋਕਾਂ ’ਤੇ ਰਾਜ ਕਰਦੀਆਂ ਹਨ ਅਤੇ ਮਿਲਕੇ ਹੀ ਲੋਕਾਂ ਦੀ ਲੁੱਟ ਕਰਦੀਆਂ ਹਨ। ਪੰਜਾਬ ਵਿਚ ਵੀ ਅਕਾਲੀ ਦਲ ਅਤੇ ਕਾਂਗਰਸ ਪਿਛਲੇ ਕਈ ਦਹਾਕਿਆਂ ਤੋਂ ਪੰਜਾਬ ਅਤੇ ਪੰਜਾਬੀਆਂ ਨੂੰ ਮਿਲਕੇ ਲੁੱਟ ਰਹੀਆਂ ਹਨ। ਪੰਜਾਬੀਆਂ ਕੋਲ ਕੋਈ ਬਦਲ ਨਾ ਹੋਣ ਕਾਰਨ ਮਜਬੂਰਨ ਲੋਕਾਂ ਨੂੰ ਇਨ੍ਹਾਂ ਪਰਟੀਆਂ ਵਿਚੋਂ ਹੀ ਇਕ ਨੂੰ ਚੁਨਣਾ ਪੈਂਦਾ ਸੀ। ਪਰ ਹੁਣ ਪੰਜਾਬੀਆਂ ਸਾਹਮਣੇ ਆਮ ਆਦਮੀ ਪਾਰਟੀ ਦੇ ਰੂਪ ਵਿਚ ਇਕ ਅਜਿਹਾ ਬਦਲ ਹੈ ਜਿਸਨੂੰ ਚੁਣ ਕੇ ਲੋਕ ਸੂਬੇ ਵਿਚ ਆਪਣੀ ਸਰਕਾਰ ਦਾ ਗਠਨ ਕਰ ਸਕਦੇ ਹਨ। ਪੰਜਾਬ ਦੇ ਲੋਕ ਹੁਣ ਸੱਤਾ ਬਦਲਣ ਦੇ ਮੂਡ ਵਿਚ ਹਨ ਜਿਸ ਕਾਰਨ ਆਮ ਆਦਮੀ ਪਾਰਟੀ ਵੱਡੀ ਜਿੱਤ ਵੱਲ ਵਧ ਰਹੀ ਹੈ।
ਸੰਜੇ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੇਵਲ 2 ਸਾਲਾਂ ਦੇ ਸਮੇਂ ਦੌਰਾਨ ਦਿੱਲੀ ਦੇ ਲੋਕਾਂ ਨੂੰ ਭਾਰੀ ਸਹੂਲਤਾਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਉਸੇ ਹੀ ਤਰਜ਼ ’ਤੇ ਪੰਜਾਬ ਦੇ ਹਰ ਵਰਗ ਨੂੰ ਸਹੂਲਤਾਂ ਦੇਣ ਲਈ ਪਾਰਟੀ ਕਈ ਯੋਜਨਾਵਾਂ ’ਤੇ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਿਚ ਸਰਕਾਰੀ ਵਿਭਾਗਾਂ ਵਿਚੋਂ ਭ੍ਰਿਸ਼ਟਾਚਾਰ ਪੂਰੀ ਤਰ੍ਹਾਂ ਸਮਾਪਤ ਕਰ ਦਿੱਤਾ ਗਿਆ ਹੈ ਅਤੇ ਇਸਦਾ ਫਾਇਦਾ ਵੀ ਲੋਕਾਂ ਅਤੇ ਸਰਕਾਰ ਨੂੰ ਮਿਲਣ ਲੱਗਾ ਹੈ। ਭ੍ਰਿਸ਼ਟਾਚਾਰ ਸਮਾਪਤ ਹੋਣ ਕਾਰਨ ਹੀ ਸਰਕਾਰ ਸਵਾ 300 ਕਰੋੜ ਵਾਲਾ ਪੁਲ 200 ਕਰੋੜ ਰੁਪਏ ਵਿਚ ਬਣਾਉਣ ਵਿਚ ਸਫਲ ਹੋਈ ਹੈ। ਹੁਣ ਦਿੱਲੀ ਦੇ ਲੋਕ ਵੀ ਆਪਣੇ ਸਾਰੇ ਕੰਮ ਬਿਨਾ ਕੋਈ ਵਾਧੂ ਪੈਸਾ ਦਿੱਤਿਆਂ ਕਰਵਾ ਰਹੇ ਹਨ। ਪੰਜਾਬ ਵਿਚੋਂ ਪੰਜਾਬੀਆਂ ਦੀ ਸਹਿਯੋਗ ਨਾਲ ਭ੍ਰਿਸ਼ਟਾਚਾਰ ਅਤੇ ਰਿਸ਼ਵਤਖੋਰੀ ਨੂੰ ਪੂਰੀ ਤਰ੍ਹਾਂ ਖਤਮ ਕੀਤਾ ਜਾਵੇਗਾ। ਨਸ਼ਾ ਵਪਾਰੀਆਂ ਦੇ ਕਾਰੋਬਾਰ ਨੂੰ ਵੀ ਸਖਤੀ ਵਰਤਦਿਆਂ ਬੰਦ ਕਰਵਾਇਆ ਜਾਵੇਗਾ।