ਲੰਗਰ
- ਵੰਡ ਛਕੋ ਦਾ ਸਾਕਾਰ ਰੂਪ ਹੈ।
- ਗੁਰੂ ਨਾਨਕ ਸਾਹਿਬ ਜੀ ਨੇ ਭੁੱਖੇ ਸਾਧੂਆਂ ਨੂੰ ਲੰਗਰ ਛਕਾਇਆ।
- ਗੁਰੂ ਅੰਗਦ ਦੇਵ ਜੀ ਦੇ ਸਮੇਂ ਸੰਗਤ ਲਈ ਪ੍ਰੇਮ ਸਹਿਤ ਵਧੀਆ ਲੰਗਰ ਤਿਆਰ ਕੀਤਾ ਜਾਂਦਾ ਸੀ। ਨਾ ਜਾਤ, ਨਾ ਧਰਮ, ਨਾ ਕੰਮ, ਨਾ ਰੂਪ ਰੰਗ, ਦੋਸਤ, ਦੁਸ਼ਮਣ ਸਭ ਨੂੰ ਇਕੋ ਅਕਾਲ ਦੀ ਜੋਤ ਸਮਝ ਕੇ ਲੰਗਰ ਛਕਾਇਆ ਜਾਂਦਾ ਸੀ।
- ਗੁਰੂ ਅਮਰਦਾਸ ਜੀ ਦੇ ਸਮੇਂ ਪਹਿਲਾ ਪੰਗਤ ਪਾਛੇ ਸੰਗਤ ਦਾ ਬੋਲਾ ਆਇਆ। ਅਰਥ ਸੀ ਦੂਰੋਂ ਨੇੜਿਓਂ ਥੱਕਾ ਟੁੱਟਾ ਜੋ ਵੀ ਗੁਰੂਘਰ ਆਇਆ, ਪਹਿਲਾਂ ਪ੍ਰੇਮ ਸਹਿਤ ਲੰਗਰ ਛਕੇ ਬਾਅਦ ਵਿੱਚ ਗੁਰ ਉਪਦੇਸ਼ ਸੁਣੇ।
- ਗੁਰੂ ਹਰਿ ਰਾਇ ਸਾਹਿਬ ਜੀ ਨੇ ਲੰਗਰ ਵਿਚ ਬੈਠਣ, ਵਰਤਾਉਣ ਅਤੇ ਛਕਣ ਦੀ ਮਰਿਯਾਦਾ ਦੱਸੀ।
- ਗੁਰੂ ਕਲਗੀਧਰ ਜੀ ਵੱਖ ਵੱਖ ਲੰਗਰਾਂ ਵਿੱਚ ਰਾਤ ਦੇ ਸਮੇਂ ਇਹ ਦੇਖਣ ਲਈ ਜਾਂਦੇ ਕਿ ਕਿਧਰੇ ਸਿੱਖ ਕਿਸੇ ਨੂੰ ਲੰਗਰ ਤੋਂ ਖਾਲੀ ਤਾਂ ਨਹੀਂ ਮੋੜ ਰਹੇ।
- ਸਿੱਖਾਂ ਨੇ ਮੁਸ਼ਕਿਲਾਂ ਦੇ ਸਮੇਂ ਜਦੋਂ ਖੁਦ ਦੇ ਖਾਣ ਨੂੰ ਵੀ ਇੱਕ ਪ੍ਰਸਾਦਾ ਪੂਰਾ ਨਹੀਂ ਸੀ ਹੁੰਦਾ, ਬੋਲਾ ਮਾਰਦੇ ਕਿ ਖਾਲਸੇ ਦਾ ਲੰਗਰ ਤਿਆਰ ਹੈ, ਕੋਈ ਵੀ ਲੋੜਵੰਦ ਆਵੇ, ਪ੍ਰਸ਼ਾਦਾ ਛਕੇ।
- ਅੱਜ ਵੀ ਗੁਰੂਘਰ ਚਾਹੇ, ਕੋਈ ਕਿਸੇ ਵੀ ਦੇਸ਼, ਭੇਸ, ਧਰਮ, ਜਾਤ, ਕਬੀਲੇ ਦਾ ਆਵੇ, ਲੰਗਰ ਸਭ ਲਈ ਖੁੱਲਾ ਹੈ। ਸਭ ਲਈ ਇਕੋ ਰਸ ਵਰਤਦਾ ਹੈ।
- ਪਿੰਡਾਂ ਵਿਚ ਇਹ ਰਿਵਾਜ ਰਿਹਾ, ਕੋਈ ਵੀ ਆਵੇ ਪਹਿਲਾਂ ਜਲ, ਦੁੱਧ, ਲੱਸੀ, ਚਾਹ ਪੁੱਛਦੇ ਤੇ ਬਿਨਾਂ ਖਵਾਏ, ਪਿਆਏ ਕਿਸੇ ਨੂੰ ਜਾਣ ਨਹੀਂ ਦਿੰਦੇ।
- ਕੋਈ ਜਾਣ ਪਛਾਣ ਦਾ ਪਿੰਡ ਵਿਚੋਂ ਦੀ ਲੰਘੇ, ਚਾਹ ਲਈ ਉੱਚੀ ਆਵਾਜ਼ ਵਿਚ ਜ਼ਰੂਰ ਹਾਕ ਮਾਰਦੇ ਹਨ।
- ਘਰ ਦੇ ਦਰਵਾਜ਼ੇ ਤੇ ਕੋਈ ਵੀ ਆਵੇ ਤੇ ਪ੍ਰਸ਼ਾਦਾ ਪਾਣੀ ਲਈ ਆਖੇ ਤਾਂ ਖੁਸ਼ ਹੋਕੇ ਲੋਕ ਛਕਾਉਂਦੇ ਹਨ।
- ਕਿਸੇ ਨੂੰ ਅੰਨ ਪਾਣੀ ਛਕਾਇਆ ਪੁੰਨ ਸਮਝਿਆ ਜਾਂਦਾ ਹੈ।
- ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੰਗਰੂਰ ਨੇੜਲੇ ਪਿੰਡ ਖੁਰਾਣਾ ਆਏ, ਕਿਸੇ ਨੇ ਨਾ ਪਾਣੀ, ਦੁੱਧ ਲਈ ਆਖਿਆ। ਨਾ ਬੈਠਣ, ਅਰਾਮ ਫੁਰਮਾਣ ਲਈ ਕਿਹਾ। ਪਰ ਪਿੰਡ ਦੀ ਇੱਕ ਮਾਈ ਬਾਅਦ ਵਿੱਚ ਪਤਾ ਲੱਗਣ ਤੇ ਦੁੱਧ ਦੀ ਗਾਗਰ ਭਰ ਕੇ ਲਿਆਈ। ਸਾਰੀ ਸੰਗਤ ਨੂੰ ਦੁੱਧ ਛਕਾਇਆ। ਪਿੰਡ ਦੀ ਲਾਜ ਰੱਖ ਵਿਖਾਈ।
- ਗੁਰੂ ਨਾਨਕ ਸਾਹਿਬ ਨੂੰ ਕਿਸੇ ਪਿੰਡ ਵਾਲਿਆਂ ਨੇ ਪਾਣੀ ਵੀ ਨਾ ਪੁੱਛਿਆ। ਸਤਿਗੁਰਾਂ ਆਖਿਆ ਵੱਸਦੇ ਰਹੋ। ਦੂਜੇ ਪਿੰਡ ਵਾਲਿਆਂ ਨੇ ਬੜਾ ਆਦਰ ਮਾਣ ਕੀਤਾ, ਉਹਨਾਂ ਨੂੰ ਆਖਿਆ ਉੱਜੜ ਜਾਓ।
- ਭਾਈ ਮੋਤੀ ਰਾਮ ਮਹਿਰਾ, ਮਾਤਾ ਜੀ ਅਤੇ ਬਾਬਿਆਂ ਨੂੰ ਗਰਮ ਦੁੱਧ ਛਕਾਉਣ ਲਈ ਸੁਰੱਖਿਆ ਕਰਮਚਾਰੀਆਂ ਨੂੰ ਰਿਸ਼ਵਤ ਦੇ ਕੇ ਪਹੁੰਚਿਆ।
- ਪੰਜਾਬ ਵਿੱਚ ਆਉਂਦੇ ਰਉਆਂ ਵਖਤ, ਭੂਚਾਲ ਵੇਲੇ ਲੰਗਰ ਅਤੇ ਵੰਡ ਛਕਣ ਦੀ ਦਾਤ ਨਾਲ ਪੰਜਾਬੀ ਫੇਰ ਤੋਂ ਪੈਰਾਂ ਸਿਰ ਹੋ ਜਾਂਦੇ ਹਨ।
- ਲੋਕਾਂ ਤੇ ਔਖ ਆਵੇ, ਬਿਨਾਂ ਕੋਈ ਇਲਾਕਾ, ਰੰਗ ਰੂਪ, ਧਰਮ, ਜਾਤ, ਭੇਸ ਦੇਖਿਆ। ਲੰਗਰ ਸਭ ਲਈ ਇੱਕ ਸਮਾਨ ਵਰਤਦਾ ਹੈ।
- ਲੋਕਾਂ ਨੇ ਲੰਗਰ ਦੀ ਕਰਾਮਾਤ ਵੇਖੀ, ਸਿੱਖਾਂ ਨੂੰ ਮਾਣ ਦਿੱਤਾ।
- ਬਜ਼ੁਰਗ ਆਖਦੇ ਹਨ, ਵੰਡਿਆ ਤੇ ਵਧਦਾ ਹੈ।
- ਸਤਿਗੁਰਾਂ ਦੀ ਕਿਰਪਾ ਨਾਲ ਪੰਜਾਬ ਦੇ ਸਿਰ ਚਾਹੇ ਲੱਖਾਂ ਮੁਸੀਬਤਾਂ ਹਨ, ਪਰ ਲੰਗਰ ਨਾਲ, ਵੰਡ ਛਕਣ ਨਾਲ ਪੰਜਾਬ ਦੇ ਲੋਕ ਕਦੇ ਰੋਟੀ ਤੋਂ ਆਵਾਜ਼ਾਰ ਨਹੀਂ ਹੋਏ।
ਜੇਕਰ ਰੰਗ, ਰੂਪ, ਧਰਮ, ਇਲਾਕਾ ਦੇਖ ਕੇ ਇੱਕ ਨੂੰ ਲੰਗਰ ਛਕਾਈਏ, ਦੂਜੇ ਨੂੰ ਨਾ ਛਕਾਈਏ। ਕੀ ਇਹ ਸਿੱਖਾਂ ਵਲੋਂ ਭੇਦ ਭਾਵ ਨਹੀਂ ਹੋਵੇਗਾ?
ਕੀ ਸਿੱਖ ਭੇਦ ਭਾਵ ਕਰ ਸਕਦੇ ਹਨ? ਸਭ ਨੂੰ ਇੱਕ ਸਮਾਨ ਦੇਖਣ ਦਾ ਗੁਰੂ ਹੁਕਮ ਛੱਡ ਕੇ ਕੀ ਅਸੀਂ ਗੁਰੂ ਸਾਹਿਬ ਦੀਆਂ ਬਰਕਤਾਂ ਤੋਂ ਵਾਂਝੇ ਨਹੀਂ ਹੋਵਾਂਗੇ? ਅਸੀਂ ਕਿਸਦੀ ਗੱਲ ਮੰਨਣੀ ਹੈ?
ਗੁਰੂ ਸਾਹਿਬ ਦੀ ਜਾਂ ਆਪਣੇ ਮਨ ਦੀ।