ਅੰਮ੍ਰਿਤਸਰ (27 ਫਰਵਰੀ, 2016): ਬਾਦਲ ਦਲ ਵੱਲੋਂ ਸ਼੍ਰੀ ਦਰਬਾਰ ਸਾਹਿਬ ਦੇ ਸ਼੍ਰੀ ਗੁਰੂ ਰਾਮਦਾਰ ਲੰਗਰ ਦੀ ਸੇਵਾ ਲਈ ਸ਼੍ਰੋਮਣੀ ਕਮੇਟੀ ਮੈਂਬਰਾਂ ਰਾਹੀਂ ਉਨ੍ਹਾਂ ਦੇ ਹਲਕਿਆਂ ਦੀ ਸੰਗਤ ਨੂੰ ਲੈ ਕੇ ਹੱਥੀਂ ਸੇਵਾ ਕਰਨ ਦੀ ਮੁਹਿੰਮ ਮੁੜ ਸ਼ੁਰੂ ਕੀਤੀ ਗਈ ਹੈ। ਇਸੇ ਤਹਿਤ ਅੱਜ ਲੁਧਿਆਣਾ ਦੇ ਪੱਛਮੀ ਹਲਕੇ ਦੀ ਸੰਗਤ ਵੱਲੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਦੀ ਅਗਵਾਈ ਵਿੱਚ ਲੰਗਰ ਤਿਆਰ ਕਰਨ ਅਤੇ ਵਰਤਾਉਣ ਦੀ ਸੇਵਾ ਕੀਤੀ ਗਈ।
ਅਜਿਹੀ ਮੁਹਿੰਮ ਕੁਝ ਵਰ੍ਹੇ ਪਹਿਲਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਮਰਹੂਮ ਪਤਨੀ ਸੁਰਿੰਦਰ ਕੌਰ ਬਾਦਲ ਵੱਲੋਂ ਸ਼ੁਰੂ ਕੀਤੀ ਗਈ ਸੀ। ਉਸ ਵੇਲੇ ਪੰਜਾਬ ਦੇ ਅਕਾਲੀ ਵਿਧਾਇਕਾਂ, ਮੰਤਰੀਆਂ, ਸ਼੍ਰੋਮਣੀ ਕਮੇਟੀ ਮੈਂਬਰਾਂ ਵੱਲੋਂ ਸੰਗਤ ਦੇ ਸਹਿਯੋਗ ਨਾਲ ਗੁਰੂ ਰਾਮਦਾਸ ਲੰਗਰ ਵਿੱਚ ਲੰਗਰ ਤਿਆਰ ਕਰਨ ਤੇ ਵਰਤਾਉਣ ਦੀ ਸੇਵਾ ਕੀਤੀ ਸੀ। ਸੰਗਤ ਖ਼ੁਦ ਲੰਗਰ ਲਈ ਰਾਸ਼ਨ ਲੈ ਕੇ ਆਉਂਦੀ, ਹੱਥੀਂ ਲੰਗਰ ਤਿਆਰ ਕਰਦੀ ਅਤੇ ਵਰਤਾਉਂਦੀ ਸੀ।
ਬਾਦਲ ਦਲ ਮੁੜ ਇਸ ਮੁਹਿੰਮ ਨੂੰ ਵੱਡੇ ਪੱਧਰ ’ਤੇ ਸ਼ੁਰੂ ਕਰ ਰਿਹਾ ਹੈ ਤਾਂ ਜੋ ਬੀਤੇ ਸਮੇਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਵਾਪਰੀਆਂ ਘਟਨਾਵਾਂ ਕਾਰਨ ਲੋਕਾਂ ਵਿੱਚ ਸਰਕਾਰ ਖ਼ਿਲਾਫ਼ ਪੈਦਾ ਹੋਏ ਰੋਹ ਨੂੰ ਸ਼ਾਂਤ ਕੀਤਾ ਜਾ ਸਕੇ।
ਪ੍ਰਧਾਨ ਅਵਤਾਰ ਸਿੰਘ ਨੇ ਆਖਿਆ ਕਿ ਬਾਦਲ ਦਲ ਵੱਲੋਂ ਇਹ ਸੇਵਾ ਸਾਰੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਸੌਂਪੀ ਜਾ ਰਹੀ ਹੈ ਅਤੇ ਹਲਕਾ ਵਾਰ ਸਾਰੇ ਮੈਂਬਰਾਂ ਦੀਆਂ ਡਿਊਟੀਆਂ ਲਾਈਆ ਜਾਣਗੀਆਂ।
ਸ਼੍ਰੋਮਣੀ ਕਮੇਟੀ ਮੈਂਬਰ ਸੁਰਜੀਤ ਸਿੰਘ ਭਿੱਟੇਵੱਡ, ਮਗਵਿੰਦਰ ਸਿੰਘ ਖਾਪੜਖੇੜੀ, ਭਾਈ ਰਾਮ ਸਿੰਘ, ਹਰਜਾਪ ਸਿੰਘ ਸੁਲਤਾਨਵਿੰਡ ਨੇ ਵੀ ਲੁਧਿਆਣਾ ਦੀ ਸੰਗਤ ਦੇ ਨਾਲ ਲੰਗਰ ਵਿੱਚ ਸੇਵਾ ਕੀਤੀ।