ਗੁਰਦਾਸਪੁਰ: ਸ਼੍ਰੋਮਣੀ ਅਕਾਲੀ ਦਲ (ਬਾਦਲ) ਨਾਲ ਸਬੰਧਿਤ ਪੰਜਾਬ ਦੇ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਸੁੱਚਾ ਸਿੰਘ ਲੰਗਾਹ ਨੂੰ ਅੱਜ ਅਦਾਲਤ ਨੇ ਬਲਾਤਕਾਰ ਮਾਮਲੇ ਵਿਚ ਬਰੀ ਕਰ ਦਿੱਤਾ ਹੈ।
ਗੁਰਦਾਸਪੁਰ ਦੇ ਵਧੀਕ ਸੈਸ਼ਨ ਜੱਜ ਪ੍ਰੇਮ ਕੁਮਾਰ ਦੀ ਅਦਾਲਤ ਵਿਚ ਅੱਜ ਲੰਗਾਹ ਦੀ ਪੇਸ਼ੀ ਸੀ। ਇਸ ਮੌਕੇ ਲੰਗਾਹ ਵਲੋਂ ਵਕੀਲ ਸੰਤੋਖ ਸਿੰਘ ਬਸਰਾ ਅਤੇ ਕਰਨਜੀਤ ਸਿੰਘ ਪੇਸ਼ ਹੋਏ।
ਜ਼ਿਕਰਯੋਗ ਹੈ ਕਿ ਗੁਰਦਾਸਪੁਰ ਜ਼ਿਮਨੀ ਚੋਣ ਤੋਂ ਪਹਿਲਾਂ ਇਕ ਅਸ਼ਲੀਲ ਵੀਡੀਓ ਵਾਇਰਲ ਹੋਈ ਸੀ ਜਿਸ ਵਿਚ ਲੰਗਾਹ ਇਕ ਔਰਤ ਨਾਲ ਨਜ਼ਰ ਆ ਰਿਹਾ ਸੀ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਲੰਗਾਹ ਨੂੰ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਕਰਦਿਆਂ ਖਾਲਸਾ ਪੰਥ ਵਿਚੋਂ ਛੇਕ ਦਿੱਤਾ ਗਿਆ ਸੀ।
ਲੰਗਾਹ ਖਿਲਾਫ ਮਾਮਲਾ ਦਰਜ ਕਰਾਉਣ ਵਾਲੀ ਵਿਜੀਲੈਂਸ ਵਿਭਾਗ ਦੀ ਮੁਲਾਜ਼ਮ ਔਰਤ ਨੇ ਐਸਐਸਪੀ ਹਰਚਰਨ ਸਿੰਘ ਭੁੱਲਰ ਨੂੰ 28 ਸਤੰਬਰ ਨੂੰ ਦਰਜ ਕਰਾਈ ਸ਼ਿਕਾਇਤ ਵਿਚ ਲੰਗਾਹ ਉੱਤੇ ਕਈ ਵਾਰ ਬਲਾਤਕਾਰ ਕਰਨ ਦਾ ਦੋਸ਼ ਲਾਇਆ ਸੀ ਤੇ ਸਬੂਤ ਵਜੋਂ ਇਕ ਵੀਡੀਓ ਵੀ ਐਸਐਸਪੀ ਨੂੰ ਦਿੱਤੀ ਸੀ। ਸੀਆਰਪੀਸੀ ਦੀ ਧਾਰਾ 164 ਅਧੀਨ ਉਸ ਔਰਤ ਨੇ ਆਪਣਾ ਬਿਆਨ ਵੀ ਦਰਜ ਕਰਾਇਆ ਸੀ।
ਗੁਰਦਾਸਪੁਰ ਪੁਲਿਸ ਨੇ ਲੰਗਾਹ ਖਿਲਾਫ 29 ਸਤੰਬਰ ਨੂੰ ਭਾਰਤੀ ਸਜ਼ਾਵਲੀ ਦੀ ਧਾਰਾ 376, 384, 420 ਅਤੇ 506 ਅਧੀਨ ਮਾਮਲਾ ਦਰਜ ਕਰ ਲਿਆ ਸੀ।
ਮਾਮਲਾ ਦਰਜ ਕਰਾਉਣ ਵਾਲੀ ਧਿਰ ਵਲੋਂ ਅਦਾਲਤ ਵਿਚ 23 ਗਵਾਹ ਪੇਸ਼ ਕੀਤੇ ਗਏ ਜਦਕਿ ਲੰਗਾਹ ਦੇ ਵਕੀਲਾਂ ਵਲੋਂ ਕੋਈ ਵੀ ਗਵਾਹ ਅਦਾਲਤ ਵਿਚ ਪੇਸ਼ ਨਹੀਂ ਕੀਤਾ ਗਿਆ।
ਜ਼ਿਕਰਯੋਗ ਹੈ ਕਿ 28 ਫਰਵਰੀ ਨੂੰ ਉਕਤ ਔਰਤ ਨੇ ਆਪਣੇ ਬਿਆਨ ਬਦਲਦਿਆਂ ਜੱਜ ਨੂੰ ਕਿਹਾ ਸੀ ਕਿ ਵੀਡੀਓ ਵਿਚ ਲੰਗਾਹ ਨਾਲ ਨਜ਼ਰ ਆ ਰਹੀ ਔਰਤ ਉਹ ਨਹੀਂ ਹੈ। ਉਸਨੇ ਬਿਆਨ ਦਿੱਤਾ ਸੀ ਕਿ ਕਿਸੇ ਦਬਾਅ ਹੇਠ ਉਸਨੇ ਆਪਣਾ ਪਹਿਲਾ ਬਿਆਨ ਦਰਜ ਕਰਾਇਆ ਸੀ।