ਲੇਖ

ਲਾਲਾ ਲਾਜਪਤ ਰਾਏ ਦੀ ਮੌਤ ਦਿਲ ਦੇ ਦੌਰੇ ਨਾਲ ਹੀ ਹੋਈ ਸੀ: ਕਨੇਡਾ ਦੇ ਖੋਜੀ ਵਿਦਵਾਨ ਨੇ ਵੀ ਕੀਤਾ ਦਾਅਵਾ

By ਸਿੱਖ ਸਿਆਸਤ ਬਿਊਰੋ

February 18, 2018

ਕੀ ਲਾਲਾ ਲਾਜਪਤ ਰਾਏ ਦੀ ਮੌਤ 30 ਅਕਤੂਬਰ 1928 ਨੂੰ ਲਾਹੌਰ ਵਿਚਸਾਈਮਨ ਕਮਿਸ਼ਨ ਖਿਲਾਫ਼ ਰੋਸ ਪ੍ਰਦਰਸ਼ਨ ਸਮੇਂ ਅੰਗਰੇਜ਼ੀ ਹਕੂਮਤ ਦੀ ਪੁਲਿਸ ਵੱਲੋਂ ਵਰ੍ਹਾਈਆਂ ਲਾਠੀਆਂ ਨਾਲ ਜ਼ਖ਼ਮੀ ਹੋਣ ਕਾਰਨ ਹੋਈ ਸੀ ਜਾਂ ਉਨ੍ਹਾਂ ਨੂੰ ਦਿਲ ਦੀ ਬੀਮਾਰੀ ਕਾਰਨ ਹੋਈ ਸੀ?

ਉੱਘੇ ਅੰਗਰੇਜੀ ਅਖ਼ਬਾਰ ਟਾਈਮਜ਼ ਆਫ਼ ਇੰਡੀਆ ਦੇ ਇੱਥੇ ਨਿਯੁਕਤ ਰਿਪੋਰਟਰ ਜੇ ਪੀ ਸਿੰਘ ਦੀ ਰਿਪੋਰਟ ਅਨੁਸਾਰ ਜਦ ਇਕ ਪਾਸੇ ਭਾਰਤ ਦੀ ਆਜ਼ਾਦੀ ਦੀ 63ਵੀਂ ਵਰ੍ਹੇ ਗੰਢ ਮਨਾਈ ਗਈ ਹੈ ਤੇ ਉਸ ਵੇਲੇ ਇਕ ਦੇਸ਼ ਭਗਤ ਬਾਰੇ ਅਜਿਹੀ ਟਿੱਪਣੀ ਸਾਹਮਣੇ ਆਈ ਹੈ। ਇਹ ਟਿੱਪਣੀ ਕੈਨੇਡਾ ਦੇ ਇਕ ਵਿਦਵਾਨ ਵੱਲੋਂ ਆਪਣੀ ਪੁਸਤਕ –’ਬਲੈਮਿਸ਼ਡ ਹਿਸਟਰੀ ਚੈਪਟਰਜ਼` ਵਿਚ ਕੀਤੀ ਗਈ ਹੈ। ਇਸ ਕਿਤਾਬ ਦੇ ਇਕ ਚੈਪਟਰ ‘ਲਾਈਫ ਐਂਡ ਡੈਥ ਆਫ ਲਾਲਾ ਲਾਜਪਤ ਰਾਏ` ਵਿਚ ਲੇਖਕ ਨੇ 19 ਔਰਤਾਂ ਅਤੇ ਦਸਤਾਵੇਜ਼ਾਂ ਦੇ ਹਵਾਲੇ ਨਾਲ ਦਾਅਵਾ ਕੀਤਾ ਹੈ ਕਿ ਲਾਲਾ ਲਾਜਪਤਰਾਏ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਲੇਖਕ ਨੇ ਕੁਝ ਸਮਕਾਲੀਹਵਾਲਿਆਂ ਦਾ ਵੀ ਜ਼ਿਕਰ ਕੀਤਾ ਹੈ। ਕੈਨੇਡਾ ਵਾਲੇ ਇਤਿਹਾਸਕਾਰ ਬਿਮਲਜੀਤ ਸਿੰਘ ਗਰੇਵਾਲ ਨੇ ਆਪਣੀ ਪੁਸਤਕ ਵਿਚ ਲਿਖਿਆ ਹੈ ਕਿ ਇਸ ਦਾ ਕੋਈ ਡਾਕਟਰੀ ਸਬੂਤ ਨਹੀਂ ਹੈ ਕਿ ਲਾਲਾ ਜੀ ਮੌਤ ਲਾਠੀਚਾਰਜ ਨਾਲ ਹੋਈ ਹੈ। ਉਨ੍ਹਾਂ ਨੇ 1928 ਦੇ ਅਖ਼ਬਾਰਾਂ ਜਿਨ੍ਹਾਂ ਵਿਚ ਨਿਊਯਾਰਕ ਟਾਈਮਜ਼, ਦ ਟਾਈਮਜ਼, ਵਾਸ਼ਿੰਗਟਨ ਪੋਸਟ, ਸਟਰੇਟ ਟਾਈਮਜ਼ ਸਿੰਗਾਪੁਰ ਸ਼ਾਮਲ ਹਨ ਦਾ ਹਵਾਲਾ ਦਿਤਾ ਹੈ ਕਿ ਇਨ੍ਹਾਂ ਨੇ ਉਸ ਸਮੇਂ ਲਾਲਾ ਲਾਜਪਤ ਰਾਏ ਦੀ ਮੌਤ ਬਾਰੇ ਖ਼ਬਰਾਂ ਨਸ਼ਰ ਕੀਤੀਆਂ ਸਨ।

ਗਰੇਵਾਲ ਦਾ ਕਹਿਣਾ ਹੈ ਕਿ ਇਨ੍ਹਾਂ ਸਾਰੇ ਅਖ਼ਬਾਰਾਂ ਨੇ ਇਹ ਲਿਖਿਆ ਹੈ ਕਿ ਲਾਲਾ ਜੀ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। 21 ਨਵੰਬਰ ਦੇ ਅਖ਼ਬਾਰ ‘ਦ ਟਾਈਮਜ਼` ਵਿਚ ਖ਼ਬਰ ਛਪੀ ਸੀ, ਜਿਸ ਬਾਰੇ ਕਿਹਾ ਗਿਆ ਸੀ ਕਿ ਲਾਲਾ ਲਾਜਪਤ ਰਾਏ ਦੀ ਮੌਤ ਬਾਰੇ ਮੈਡੀਕਲ ਰਿਪੋਰਟਾਂ ਵਿਵਾਦਪੂਰਨ ਹਨ। ‘ਦ ਦੇਹਲੀ` ਜਿਸ ਅਖ਼ਬਾਰ ਨਾਲ ਉਹ ਸਬੰਧ ਸਨ, ਵਿਚ ਖ਼ਬਰ ਆਈ ਸੀ ਜਿਸ ਵਿਚ ਦੋ ਡਾਕਟਰਾਂ ਨੇ ਕਿਹਾ ਸੀ ਕਿ ਜਦੋਂ ਉਹ ਰੇਲਵੇ ਸਟੇਸ਼ਨ ਨੇੜੇ ਸਾਈਮਨ ਕਮਿਸ਼ਨ ਦਾ ਵਿਰੋਧ ਕਰ ਰਹੇ ਸਨ ਤਾਂ ਲਾਠੀਚਾਰਜ ਹੋਣ ਤਕ ਉਨ੍ਹਾਂ ਦੀ ਸਿਹਤ ਬਿਲਕੁਲ ਠੀਕਠਾਕ ਸੀ। ਸਟੇਟਮੈਂਟ ਵਿਚ ਇਹ ਵੀ ਕਿਹਾਗਿਆ ਹੈ ਕਿ ਉਹ ਟਿਊਬਰਕਿਊਲਰ ਪਲਿਊਰਿਸੀ ਅਤੇ ਹੋਰ ਬੀਮਾਰੀਆਂ ਤੋਂ ਪੀੜ੍ਹਤ ਸਨ। ਇਸ ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਇਕ ਡਾਕਟਰ ਨੇ ਇਹ ਵੀ ਕਿਹਾ ਸੀ ਕਿ ਉਹ ਬਹੁਤ ਕਮਜ਼ੋਰੀ ਮਹਿਸੂਸ ਕਰ ਰਹੇ ਸਨ।

ਵਰਨਣਯੋਗ ਹੈ ਕਿ ‘ਅੰਮ੍ਰਿਤਸਰ ਟਾਈਮਜ਼’ ਪਿਛਲੇ ਮਹੀਨੇ ਇਸ ਸਬੰਧੀ ਰਾਜਿੰਦਰ ਸਿੰਘ ਰਾਹੀ ਦੀ ਵਿਸ਼ੇਸ਼ ਰਿਪੋਰਟ ‘ਸ਼ੱਕੀ ਸ਼ਹਾਦਤ’ ਰਾਹੀਂ ਤੱਥਾਂ ਸਮੇਤ ਇਹ ਸਿੱਧ ਕਰ ਚੁਕਾ ਹੈ ਕਿ ਲਾਲਾ ਲਾਜਪਤ ਰਾਏ ਦੀ ਮੌਤ ਅੰਗਰੇਜਾਂ ਦੀ ਲਾਠੀਆਂ ਕਾਰਨ ਨਹੀਂ ਸਗੋਂ ਬੀਮਾਰੀ ਕਾਰਨ ਹੋਈ ਸੀ। ਜਿਥੇ ਗਰੇਵਾਲ ਨੇ ਅਪਣੀ ਖੋਜ ਵਿਚ ਵਿਦੇਸ਼ੀ ਅਖ਼ਬਾਰਾਂ ਨੂੰ ਸਰੋਤ ਬਣਾਇਆ ਹੈ,ਉਥੇ ਰਜਿੰਦਰ ਸਿੰਘ ਰਾਹੀ ਨੇ ਅਕਾਲੀ ਤੇ ਪਰਦੇਸੀ ਨਾਂ ਦੇ ਇਕ ਤਤਕਾਲੀ ਅਖ਼ਬਾਰ ਦਾ ਹਵਾਲਾ ਦੇ ਕੇ ਆਪਣੇ ਲੇਖ ‘ਸ਼ੱਕੀ ਸ਼ਹਾਦਤ` ਵਿਚ ਇਹ ਸਿੱਟਾ ਕੱਢਿਆ ਸੀ ਕਿ ਲਾਲਾ ਜੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਸੀ।

ਅਸਲ ਵਿੱਚ ਇਹ ਨੁਕਤੇ ਸਮੇਂ ਸਮੇਂ ਉਭਦਰੇ ਰਹੇ ਹਨ ਪਰ ਪੰਜਾਬੀ ਗਾਇਕ ਬੱਬੂ ਮਾਨ ਵਲੋਂ ਹਾਲ ਹੀ ਵਿਚ ਇੰਗਲੈਂਡ `ਚ ਇਕ ਵਿਵਾਦਪੂਰਨ ਗੀਤ ਗਾਉਣ, ਜਿਸ ਵਿਚ ਕਿਹਾ ਗਿਆ ਸੀ ਕਿ ਲਾਲਾ ਲਾਜਪਤ ਰਾਏ ਦੀ ਮੌਤ ਦਿਲ ਦਾ ਦੌਰਾ ਪੈਣ ਮਗਰੋਂ ਇਹ ਵਿਵਾਦ ਭਖ ਗਿਆ ਸੀ। ਗਰੇਵਾਲ ਨੇ ਆਪਣੀ ਕਿਤਾਬ ਵਿਚ ਲਿਖਿਆ ਹੈ ਕਿ ਲਾਲਾ ਲਾਜਪਤ ਰਾਏ ਨੇ ਸਿਹਤ ਠੀਕ ਨਾ ਹੋਣ ਦੇ ਬਾਵਜੂਦ ਆਪਣੇ ਆਪ ਨੂੰ ਕੌਮੀ ਕਾਜ ਲਈ ਸਮਰਪਿਤ ਕੀਤਾ ਹੋਇਆ ਸੀ ਪਰ ਉਨ੍ਹਾਂ ਦੀ ਮੌਤ ਲਾਠੀਚਾਰਜ ਵਾਲੀ ਘਟਨਾ ਤੋਂ 17 ਦਿਨ ਬਾਅਦ 17 ਨਵੰਬਰ 1928 ਹੋਈ ਸੀ। ਉਨ੍ਹਾਂ ਕਿਹਾ ਕਿ ਲਾਠੀਚਾਰਜ ਤੋਂ ਬਾਅਦ ਉਹ ਇਕ ਵਾਰਦਿੱਲੀ ਵੀ ਜਾ ਆਏ ਸਨ।

‘ਦ ਟਾਈਮਜ਼` 2 ਜਨਵਰੀ 1929 ਦੇ ਅਖ਼ਬਾਰ ਵਿਚ ਖ਼ਬਰ ਦਿੰਦਾ ਹੈ ਕਿ ਲਾਲਾ ਜੀ ਦੀ ਮੌਤ 17 ਨਵੰਬਰ 1928 ਨੂੰ ਦਿਲ ਦਾ ਦੌਰਾ ਪੈਣ ਕਾਰਨ ਹੋਈ ਸੀ। ਰਿਪੋਰਟ ਵਿਚ ਕਿਹਾ ਗਿਆ ਸੀ ਕਿ ਅੱਤਵਾਦੀਆਂ ਨੇ ਲਾਲਾ ਲਾਜਪਤ ਰਾਏ ਦੀ ਮੌਤ ਨੂੰ ਸਰਕਾਰ ਖ਼ਿਲਾਫ਼ ਪ੍ਰਾਪੇਗੰਡੇ ਲਈ ਵਰਤਿਆ। ਖ਼ਬਰ `ਚ ਕਿਹਾ ਗਿਆ ਹੈ ਕਿ ਇਸ ਤੋਂ ਬਾਅਦ ਲਾਹੌਰ `ਚ ਪੁਲਿਸ ਸੁਪਰਡੈਂਟ ਸਾਂਡਰਸ ਅਤੇ ਉਸ ਦੇ ਇਕ ਭਾਰਤੀ ਕਲਰਕ ਦਾ ਕਤਲ ਕਰ ਦਿੱਤਾ ਗਿਆ।

ਗਰੇਵਾਲ ਦਾ ਕਹਿਣਾ ਹੈ ਕਿ ਓ.ਪੀ. ਰਲਹਨ ਦੇ ਇਨਸਾਈਕਲੋਪੀਡੀਆ ਆਫ਼ ਪੁਲੀਟੀਕਲ ਪਾਰਟੀਜ਼ ਵਿਚੋਂ ਦੀ ਇਹ ਹਵਾਲਾ ਮਿਲਦਾ ਹੈ ਕਿ ਲਾਲਾ ਜੀ ਨੂੰ ਲੰਮੇ ਸਮੇਂ ਤੋਂ ਕਈ ਬਿਮਾਰੀਆਂ ਸਨ ਜਿਨ੍ਹਾਂ ਵਿਚ ਦਿਲ ਦੀ ਬਿਮਾਰੀ ਵੀ ਇਕ ਸੀ ਜੋ ਉਨ੍ਹਾਂ ਦੇ ਦਿਲ ਦੀ ਬਿਮਾਰੀ ਵੀ ਇਕ ਸੀ ਜੋ ਉਨ੍ਹਾਂ ਦੇ ਦਿਲ ਫੇਲ੍ਹ ਹੋਣ ਦਾ ਕਾਰਨ ਬਣੀ। ਉਨ੍ਹਾਂ ਕਿਹਾ ਕਿ ਇਤਿਹਾਸ ਹਮੇਸ਼ਾ ਉਸ ਸਮੇਂ ਦੇ ਅਸਲ ਸਬੂਤਾਂ ਤੋਂ ਸਾਬਤ ਹੁੰਦਾ ਹੈ।

16 ਫਰਵਰੀ 1929 ਦੇ ‘ਦ ਟਾਈਮਜ਼` ਨੇ ਫਿਰ ਖ਼ਬਰ ਦਿਤੀ ਕਿ ਹੋਮ ਮੈਂਬਰ ਮਿਸਟਰ ਕਰੇਰਰ ਨੇ ਇਹ ਕਹਿੰਦਿਆਂ ਇਸ ਮੌਤ ਬਾਰੇ ਹੋਰ ਪੜਤਾਲ ਕਰਾਉਣ ਤੋਂ ਇਨਕਾਰ ਕਰ ਦਿਤਾ ਕਿ ਇਸ ਕੇਸ ਵਿਚ ਪਹਿਲਾਂ ਹੀ ਤਿੰਨ ਵਾਰ ਜਾਂਚ ਹੋ ਚੁੱਕੀ ਹੈ।ਪੁਲਿਸ ਵਲੋਂ ਜਾਂਚ ਕੀਤੀ ਗਈ, ਦੂਜੀ ਮਿਸਟਰ ਬੁਆਇਡ ਦੀ ਅਗਵਾਈ `ਚ ਵਿਭਾਗੀ ਕਮੇਟੀ ਦੀ ਜਾਂਚ ਅਤੇ ਤੀਜੀ ਪੰਜਾਬ ਵਿਧਾਨ ਕੌਂਸਲ ਵਿਚ ਬਹਿਸ ਹੋ ਚੁੱਕੀ ਸੀ।

ਗਿਆਨੀ ਕਰਤਾਰ ਸਿੰਘ ਜੋ ਬਾਅਦ ਵਿਚ ਪੰਜਾਬ ਸਰਕਾਰ ਵਿਚ ਮੰਤਰੀ ਰਹੇ ਅਤੇ ਪੰਡਿਤ ਕਿਸ਼ੋਰੀ ਲਾਲ ਵਰਗੇ ਰਾਸ਼ਟਰਵਾਦੀ ਨੇਤਾਵਾਂ ਦਾ ਵੀ ਕਹਿਣਾ ਹੈ ਕਿ ਜਿਸ ਦਿਨ ਲਾਲਾ ਜੀ ਦੀ ਮੌਤ ਹੋਈ ਸ਼ਾਮ ਤਕ ਉਹ ਠੀਕ ਠਾਕ ਸਨ ਅਤੇ ਉਹਨਾਂ ਦੀ ਮੌਤ ਛਾਤੀ ਵਿਚ ਦਰਦ ਹੋਣ ਕਾਰਨ ਹੋਈ।

* ਉਪਰੋਕਤ ਰਚਨਾ ਹਫਤਾਵਾਰੀ ਅੰਮ੍ਰਿਤਸਰ ਟਾਈਮਜ਼ ਵਿੱਚੋਂ ਧੰਨਵਾਦ ਸਹਿਤ ਲਈ ਗਈ ਹੈ: ਸੰਪਾਦਕ (ਵਧੀਕ ਮਾਮਲੇ)।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: